ਸ਼ਹੀਦ ਬਲਦੇਵ ਸਿੰਘ ਮਾਨ ਨੂੰ ਜਨਮ ਦਿਨ ਤੇ ਯਾਦ ਕਰਦਿਆਂ

ਗੁਰਦਾਸਪੁਰ

Today Happy Birthday shahid comrade Baldev Singh Mann nu yad kardiyan

ਸ਼ਹੀਦ ਬਲਦੇਵ ਸਿੰਘ ਮਾਨ ਨੂੰ ਜਨਮ ਦਿਨ ਤੇ ਯਾਦ ਕਰਦਿਆਂ

ਫੌਜੀ ਬੂਟਾਂ ਹੇਠ ਲਿਤਾੜੀ ਗਈ ਪੰਜਾਬ ਦੀ ਧਰਤੀ
-ਬਲਦੇਵ ਸਿੰਘ ਮਾਨ

ਪੰਜਾਬ ਦੀ ਧਰਤੀ ’ਤੇ ਕੀਤਾ ਗਿਆ ਇੰਦਰਾ ਸਰਕਾਰ ਦਾ ਫੌਜੀ ਐਕਸ਼ਨ ਇਤਿਹਾਸ ਵਿਚ ਕਾਲੇ ਅੱਖਰਾਂ ਨਾਲ ਉੱਕਰਿਆ ਜਾਵੇਗਾ, ਜੋ ਆਉਣ ਵਾਲੀਆਂ ਪੀੜ੍ਹੀਆਂ ਵੀ ਇਸ ਭਿਆਨਕ ਕਤਲੋਗਾਰਤ ਦਾ ਦ੍ਰਿਸ਼ ਅਨੁਭਵ ਕਰਦੀਆਂ ਰਹਿਣਗੀਆਂ। ਜਿਸ ਵਿਚ ਪੰਜਾਬ ਦੀ ਧਰਤੀ ਨੂੰ ਫੌਜੀ ਬੂਟਾਂ ਹੇਠ ਲਿਤਾੜਿਆ ਗਿਆ ਅਤੇ ਸੰਗੀਨਾਂ ਦੀਆਂ ਨੋਕਾਂ ਨਾਲ ਆਪਣੇ ਹੀ ਦੇਸ਼ ਦੇ ਲੋਕਾਂ ਦੀਆਂ ਛਾਤੀਆਂ ਵਿੰਨ੍ਹੀਆਂ ਗਈਆਂ। ਕਿੱਡਾ ਵੱਡਾ ਭਰਮ ਸੀ ਪੰਜਾਬੀ ਕੌਮ ਨੂੰ ਕਿ ਹਿੰਦੋਸਤਾਨ ਦੀ ਫੌਜ ਸਿਰਫ਼ ਦੇਸ਼ ਦੀਆਂ ਸਰਹੱਦਾਂ ’ਤੇ ਲੜਨ ਵਾਲੀ ਸੈਨਾ ਹੈ ਪਰ ਅੱਜ ਇਨ੍ਹਾਂ ਫੌਜੀ ਸੈਨਿਕਾਂ ਲਈ ਪੰਜਾਬ ਦਾ ਹਰ ਬੱਚਾ ਦੁਸ਼ਮਣ ਹੈ, ਹਰ ਨੌਜਵਾਨ ਬਾਗੀ ਹੈ ਅਤੇ ਬਜ਼ੁਰਗ ਦੇਸ਼ ਦੀ ਸੁਰੱਖਿਅਤਾ ਲਈ ਖ਼ਤਰਾ ਹੈ। ਪੰਜਾਬ ਦੇ ਉਹ ਪਿੰਡ ਤੇ ਸ਼ਹਿਰ, ਜਿਨ੍ਹਾਂ ਦੇ ਹਾਸਿਆਂ ਵਿਚ ਪਿਛਲੇ ਤਿੰਨ ਸਾਲ ਤੋਂ ਫਿਰਕੂ ਜਨੂੰਨੀਆਂ ਨੇ ਜ਼ਹਿਰ ਘੋਲੀ ਸੀ, ਅੱਜ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਰਾਜਸੀ ਹੱਲ ਲੱਭਣ ਦੀ ਬਜਾਏ ਵਕਤ ਦੀ ਸਰਕਾਰ ਨੇ ਲੋਕਾਂ ਦੀਆਂ ਛਾਤੀਆਂ ਵੱਲ ਸੰਗੀਨਾਂ ਸੇਧਤ ਕਰ ਦਿੱਤੀਆਂ ਹਨ। ਨਿਰਸੰਦੇਹ ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਕਤਲ ਕਾਂਡ ਲਈ ਜ਼ਿੰਮੇਵਾਰ ਸਾਰੀਆਂ ਧਿਰਾਂ ਨੂੰ ਪੰਜਾਬ ਦੇ ਲੋਕ ਕਦੀ ਮੁਆਫ਼ ਨਹੀਂ ਕਰਨਗੇ। ਪੰਜਾਬ ਵਿਚਲੇ ਫੌਜੀ ਰਾਜ ਦੇ ਸਮੇਂ ਹੋਏ ਜਬਰ ਜ਼ੁਲਮ ਦੀ ਕਹਾਣੀ ਤਾਂ ਬਹੁਤ ਲੰਮੀ ਹੈ। ਅਸੀਂ ਇਸਨੂੰ ਇੰਨੇ ਵਿਸਥਾਰ ਸਹਿਤ ਨਹੀਂ ਛਾਪ ਸਕਾਂਗੇ ਪਰ ਪੰਜਾਬ ਵਿਚ ਫੌਜੀ ਕਾਰਵਾਈ ਦੌਰਾਨ ਵਾਪਰੀਆਂ ਘਟਨਾਵਾਂ ਤੇ ਹਰਿਮੰਦਰ ਸਾਹਿਬ ਵਿਚਲੀ ਦਰਦਨਾਕ ਕਤਲੋਗਾਰਦ ਪ੍ਰਤੀ ਜੋ ਵੇਰਵੇ ਅਸੀਂ ਹਰ ਕੋਸ਼ਿਸ਼ ਕਰਕੇ ਪ੍ਰਾਪਤ ਕਰ ਸਕੇ ਹਾਂ, ਉਹ ਅਸੀਂ ਪਾਠਕਾਂ ਤੱਕ ਪਹੁੰਚਾਉਣ ਦਾ ਯਤਨ ਕਰਦੇ ਹੋਏ ‘ਹਿਰਾਵਲ ਦਸਤਾ’ ਵਿਚ ਛਾਪ ਰਹੇ ਹਾਂ।

30 ਮਈ ਨੂੰ ਇੰਦਰਾ ਸਰਕਾਰ ਨੇ ਪੰਜਾਬ ਨੂੰ ਫੌਜੀ ਰਾਜ ਅਧੀਨ ਕਰਨ ਦਾ ਫੈਸਲਾ ਕਰ ਲਿਆ। ਇਸ ਸਬੰਧੀ ਹੋਈ ਮੀਟਿੰਗ ’ਚ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ, ਜਨਰਲ ਵੈਦਯਾ, ਗ੍ਰਹਿ ਮੰਤਰੀ ਸ੍ਰੀ ਪੀ.ਸੀ. ਸੇਠੀ ਤੇ ਹੋਰ ਉੱਚ ਅਧਿਕਾਰੀ ਸ਼ਾਮਿਲ ਹੋਏ ਅਤੇ ਇਸ ਫੈਸਲੇ ਮੁਤਾਬਿਕ ਮੇਰਠ ਦੀ 9 ਇਨਫੈਂਟਰੀ ਡਵੀਜ਼ਨ ਨੇ ਰਾਤੋ-ਰਾਤ ਹੀ ਪੰਜਾਬ ਵੱਲ ਕੂਚ ਕੀਤਾ। ਇਸ ਮਿਲਟਰੀ ਐਕਸ਼ਨ ਨੂੰ ਖ਼ੁਫ਼ੀਆ ਤੌਰ ’ਤੇ ਬਲਿਊ ਸਟਾਰ ਅਪਰੇਸ਼ਨ ਦਾ ਨਾਂ ਦਿੱਤਾ ਗਿਆ। ਪੰਜਾਬ ਦੇ ਲੋਕਾਂ ਲਈ ਇਹ ਫੈਸਲਾ ਜਿੰਨਾ ਦਰਦਨਾਕ, ਭਿਆਨਕ ਤੇ ਤਬਾਹਕੁੰਨ ਸਿੱਟਿਆਂ ਵਾਲਾ ਸੀ, ਉਸਦੀ ਗਵਾਹੀ ਹਮੇਸ਼ਾ ਹੀ ਇਤਿਹਾਸ ਦੇ ਪੰਨਿਆਂ ਉੱਪਰ ਕਾਲੇ ਅੱਖਰਾਂ ’ਚ ਉੱਕਰੀ ਰਹੇਗੀ।
ਇੰਦਰਾ ਗਾਂਧੀ ਨੇ ਆਪਣੇ ਇਸ 30 ਮਈ ਦੇ ਫੈਸਲੇ ਨੂੰ ਐਲਾਨ ਕਰਨ ਤੋਂ ਪਹਿਲਾਂ ਬੜੇ ਨਾਟਕੀ ਢੰਗ ਨਾਲ 2 ਜੂਨ ਸ਼ਾਮ ਨੂੰ ਟੈਲੀਵੀਜ਼ਨ ਤੇ ਰੇਡੀਉ ਉੱਪਰ ਕੌਮ ਦੇ ਨਾਮ ਇਕ ਸੰਦੇਸ਼ ਦਿੱਤਾ ਅਤੇ ਉਸਨੇ ਅਕਾਲੀ ਦਲ ਨੂੰ ਚਿਤਾਵਨੀ ਦਿੱਤੀ ਕਿ ਉਹ ਆਪਣਾ ਅੰਦੋਲਨ ਵਾਪਸ ਲੈ ਲਵੇ ਅਤੇ ਨਾਲ ਹੀ ਇਹ ਵੀ ਐਲਾਨ ਕੀਤਾ ਗਿਆ ਕਿ ਅੱਤਵਾਦੀਆਂ ਦੇ ਖਿਲਾਫ਼ ਫੌਜੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਇੰਦਰਾ ਗਾਂਧੀ ਦੇ ਕੌਮ ਦੇ ਨਾਂ ਇਸ ਸੰਦੇਸ਼ ਨੇ ਪੰਜਾਬ ਵਿਚ ਫੌਜੀ ਰਾਜ ਲਾਗੂ ਕੀਤੇ ਜਾਣ ਦੀ ਸੰਭਾਵਨਾ ਨੂੰ ਸਪੱਸ਼ਟ ਰੂਪ ਵਿਚ ਉਜਾਗਰ ਕਰ ਦਿੱਤਾ ਅਤੇ ਇਸੇ ਹੀ ਸਮੇਂ ਪੰਜਾਬ ਦੇ ਗਵਰਨਰ ਬੀ.ਡੀ. ਪਾਂਡੇ ਨੇ ਪੰਜਾਬ ਦੀ ਸਥਿਤੀ ਨਾਲ ਨਿਪਟਣ ਲਈ ਕੇਂਦਰ ਤੋਂ ਫੌਜੀ ਸਹਾਇਤਾ ਦੀ ਮੰਗ ਕੀਤੀ ਤਾਂ ਜ਼ਾਹਿਰਾ ਤੌਰ ’ਤੇ ਇੰਦਰਾ ਗਾਂਧੀ ਦਾ ਮਨਸੂਬਾ ਬਿਲਕੁਲ ਸਾਹਮਣੇ ਆ ਗਿਆ ਕਿ ਉਹ ਪੰਜਾਬ ਸਮੱਸਿਆ ਨੂੰ ਰਾਜਸੀ ਤੌਰ ’ਤੇ ਨਹੀਂ, ਫੌਜੀ ਤਾਕਤ ਰਾਹੀਂ ਹੱਲ ਕਰਨਾ ਚਾਹੁੰਦੀ ਹੈ। ਇਸ ਸਮੇਂ ਤੱਕ 70 ਹਜ਼ਾਰ ਫੌਜੀ ਸੈਨਿਕਾਂ ਨੇ ਪੰਜਾਬ ਦੇ 12163 ਪਿੰਡਾਂ ਨੂੰ ਪੂਰਨ ਤੌਰ ’ਤੇ ਘੇਰਾ ਪਾ ਲਿਆ ਸੀ। ਫੌਜ ਨੇ ਦਰਬਾਰ ਦੀ ਅੰਦਰਲੀ ਮੋਰਚਾਬੰਦੀ ਜਾਣਨ ਲਈ 1 ਜੂਨ ਨੂੰ ਸੀ.ਆਰ.ਪੀ.ਐੱਫ. ਕੋਲੋਂ 7 ਘੰਟੇ ਆਹਮੋ-ਸਾਹਮਣੀ ਗੋਲੀ ਚਲਵਾਈ।
ਇਸ ਗੋਲੀ ਚਲਾਉਣ ਤੋਂ ਬਾਅਦ ਫੌਜ ਨੇ ਸੀ.ਆਰ.ਪੀ.ਐੱਫ. ਵੱਲੋਂ ਬਣਾਏ ਮੋਰਚਿਆਂ ਦੀ ਨਵੇਂ ਸਿਰਿਉਂ ਵਿਉਂਤਬੰਦੀ ਕੀਤੀ। ਕੁਝ ਪੁਰਾਣੇ ਮੋਰਚਿਆਂ ਨੂੰ ਠੀਕ ਕੀਤਾ ਅਤੇ ਕੁਝ ਲਾਗਲੀਆਂ ਇਮਾਰਤਾਂ ਉੱਤੇ ਕੁਝ ਹੋਰ ਮੋਰਚੇ ਬਣਾਏ ਕਿਉਂਕਿ ਬੁਰਜਾਂ ਉੱਤੋਂ ਕੀਤੀ ਜਾਣ ਵਾਲੀ ਗੋਲਾਬਾਰੀ ਫੌਜੀ ਮੋਰਚਿਆਂ ’ਤੇ ਹਿੱਟ ਕਰਦੀ ਸੀ।
ਇੱਧਰ ਇੰਦਰਾ ਸਰਕਾਰ ਵੱਲੋਂ ਅੱਤਵਾਦੀਆਂ ਦੇ ਖਿਲਾਫ਼ ਕੀਤਾ ਇਹ ਹਮਲਾ ਦੁਨੀਆਂ ਭਰ ਵਿਚ ਅੱਤਵਾਦੀਆਂ ਦੇ ਖਿਲਾਫ਼ ਹੋਣ ਵਾਲੇ ਹਮਲਿਆਂ ਵਿਚੋਂ ਵਿਸ਼ੇਸ਼ ਸੀ। ਉੱਧਰ 2 ਜੂਨ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਪੱਤਰਕਾਰਾਂ ਨਾਲ ਗੱਲਬਾਤ ਵਿਚ ਇਸ ਫੌਜੀ ਘਿਰਾਉ ਨੂੰ ਇਕ ਆਮ ਗੱਲ ਦੱਸ ਰਿਹਾ ਸੀ ਅਤੇ ਆਪਣੀ ਆਦਤ ਮੁਤਾਬਿਕ ਅਜੇ ਵੀ ਉਨ੍ਹਾਂ ਨੂੰ ਆਪਣੇ ਖਿਲਾਫ਼ ਲਿਖਣ ਤੋਂ ਵਰਜਣ ਲਈ ਲਾਗੇ ਰੱਖੀ ਸਟੇਨਗੰਨ ਦਾ ਇਸ਼ਾਰਾ ਕਰ ਰਿਹਾ ਸੀ। ਜਿਵੇਂ ਉਸ ਨੂੰ ਰਾਜ ਦੀ ਤਾਕਤ ਤੇ ਇਸ ਨਾਲ ਟੱਕਰ ਬਾਰੇ ਉੱਕਾ ਹੀ ਗਿਆਨ ਨਾ ਹੋਵੇ।
2 ਜੂਨ ਰਾਤ ਨੂੰ ਹੀ ਇੰਦਰਾ ਗਾਂਧੀ ਦੇ ਸੰਦੇਸ਼ ਤੋਂ ਬਾਅਦ ਪੰਜਾਬ ਵਿਚ ਫੌਜ ਬੁਲਾਉਣ ਦਾ ਸਰਕਾਰੀ ਐਲਾਨ ਕਰ ਦਿੱਤਾ ਗਿਆ, 3 ਜੂਨ 1984 ਨੂੰ ਲੋਕ ‘ਪੰਜਾਬ ਵਿਚ ਫੌਜੀ ਰਾਜ’ ਨਾਲ ਸ਼ਿੰਗਾਰੀਆਂ ਅਖ਼ਬਾਰਾਂ ਦੀਆਂ ਸੁਰਖੀਆਂ ਤੋਂ ਅਗਲੀਆਂ ਕਿਆਸ-ਅਰਾਈਆਂ ਲਾ ਹੀ ਰਹੇ ਸਨ ਕਿ ਪੰਜਾਬ ਨੂੰ ਸਮੁੱਚੇ ਦੇਸ਼ ਨਾਲੋਂ ਅਲੱਗ ਕਰਨ ਦੇ ਨਵੇਂ ਹੁਕਮ ਜਾਰੀ ਕਰ ਦਿੱਤੇ ਗਏ, ਜਿਸ ਰਾਹੀਂ ਸਾਰੀ ਆਵਾਜਾਈ ਠੱਪ ਕਰ ਦਿੱਤੀ ਗਈ। ਸੰਚਾਰ ਸਾਧਨ ਕੱਟ ਦਿੱਤੇ ਗਏ, ਹਵਾਈ ਜਹਾਜ਼ਾਂ ਦੀਆਂ ਉਡਾਨਾਂ ’ਤੇ ਪਾਬੰਦੀ ਲਾ ਦਿੱਤੀ ਗਈ। ਇੱਥੋਂ ਤੱਕ ਕਿ ਸਾਈਕਲ ’ਤੇ ਵੀ ਪਾਬੰਦੀ ਸੀ। ਸਭ ਵਿਦੇਸ਼ੀਆਂ ਨੂੰ ਪੰਜਾਬ ਵਿਚੋਂ ਕੱਢ ਦਿੱਤਾ ਅਤੇ ਪੰਜਾਬ ਵਿਚ ਪ੍ਰੈੱਸ ’ਤੇ ਸੈਂਸਰਸ਼ਿਪ ਲਾਗੂ ਕਰ ਦਿੱਤੀ ਅਤੇ ਰਾਤ ਨੂੰ ਸਮੁੱਚੇ ਪੰਜਾਬ ਵਿਚ 36 ਘੰਟੇ ਦਾ ਪਹਿਲਾ ਵੱਡਾ ਕਰਫਿਊ ਲਾਗੂ ਕਰ ਦਿੱਤਾ ਗਿਆ। ਇਸ ਸਮੇਂ ਤੱਕ ਦਰਬਾਰ ਸਾਹਿਬ ਦੀ ਨਾਕਾਬੰਦੀ ਕਰਨ ਲਈ ਲਾਈ ਬਿਹਾਰ ਰਜਮੈਂਟ ਦੀ, 12 ਬਟਾਲੀਅਨ ਨੇ ਦਰਬਾਰ ਦੇ ਮੁੱਖ ਰਸਤੇ ਘੰਟਾ ਘਰ ਅਤੇ ਬ੍ਰਹਮ ਬੂਟਾ ਮਾਰਕੀਟ, ਜਿਨ੍ਹਾਂ ਥਾਵਾਂ ’ਤੇ ਅੱਤਵਾਦੀਆਂ ਵੱਲੋਂ ਤਕੜੀ ਮੋਰਚਾਬੰਦੀ ਕੀਤੀ ਗਈ ਸੀ, ਨੂੰ ਬੰਦ ਕਰ ਦਿੱਤਾ। ਪੰਜਾਬੀਆਂ, ਗੜਵਾਲੀਆਂ ਅਤੇ ਗਾਰਡਜ਼ਮੈਨ ਨੇ ਦਰਬਾਰ ਸਾਹਿਬ ਨੂੰ ਜਾਣ ਵਾਲੇ ਦੂਜੇ ਰਸਤੇ ਚੌਂਕ ਪਰਾਗਦਾਸ, ਛੱਤੀ ਖੂਹੀ, ਆਟਾ ਮੰਡੀ, ਬਾਬਾ ਅਟੱਲ ਅਤੇ ਬੁੱਢੀ ਲੁੱਟ ਬਾਜ਼ਾਰ (ਝੂਠਾ ਬਾਜ਼ਾਰ) ਵੀ ਬੰਦ ਕਰ ਦਿੱਤੇ।
ਇੱਧਰ ਫੌਜ ਇਹ ਸਮਝਦੀ ਸੀ ਕਿ ਇਸ ਘਿਰਾਉ ਤੋਂ ਡਰ ਕੇ ਅੱਤਵਾਦੀ ਹਥਿਆਰ ਸੁੱਟ ਦੇਣਗੇ ਪਰੰਤੂ ਇਸੇ ਹੀ ਸ਼ਾਮ ਭਿੰਡਰਾਂਵਾਲਾ ਅੰਗਰੇਜ਼ੀ ਦੇ ਇਕ ਰਸਾਲੇ ‘ਸੰਡੇ ਅਬਰਜ਼ਰਵਰ’ ਦੇ ਪੱਤਰ ਪ੍ਰੇਰਕ ਨਾਲ ਗੱਲਬਾਤ ਵਿਚ ਫੌਜ ਨੂੰ ਹਰਾ ਦੇਣ ਦੇ ਦਮਗਜ਼ੇ ਮਾਰ ਰਿਹਾ ਸੀ। ਜਦ ਪੱਤਰਕਾਰ ਨੇ ਉਸਨੂੰ ਆਧੁਨਿਕ ਹਥਿਆਰਾਂ ਨਾਲ ਲੈਸ ਫੌਜ ਨਾਲ ਮੁਕਾਬਲੇ ਬਾਰੇ ਪੁੱਛਿਆ ਤਾਂ ਜਵਾਬ ਵਿਚ ਭਿੰਡਰਾਂਵਾਲੇ ਨੇ ਕਿਹਾ ਕਿ ਫੌਜ ਤਾਂ ਭੇਡਾਂ-ਬੱਕਰੀਆਂ ਦੀ ਤਰ੍ਹਾਂ ਹੈ। ਜਿਵੇਂ ਪਹਿਲਾਂ ਪੁਲਿਸ, ਫਿਰ ਸੀ.ਆਰ.ਪੀ.ਐੱਫ., ਫੇਰ ਬੀ.ਐੱਸ.ਐੱਫ. ਨਾਕਾਮ ਸਿੱਧ ਹੋਈਆਂ ਹਨ। ਇਸੇ ਤਰ੍ਹਾਂ ਫੌਜ ਵੀ ਨਕਾਰਾ ਸਾਬਤ ਹੋਵੇਗੀ।
ਫਾਇਰ ਖੋਲ੍ਹਣ ਤੋਂ ਪਹਿਲਾਂ ਫੌਜ ਆਪਣੀ ਇਕ ਜੀਪ, ਜਿਸ ’ਤੇ ਪੀਲੇ ਰੰਗ ਦਾ ਸਪੀਕਰ ਲੱਗਾ ਹੋਇਆ ਸੀ, ਲੰਗਰ ਵਾਲੇ ਪਾਸੇ ਲੈ ਕੇ ਆਈ ਅਤੇ ਉੱਚੀ-ਉੱਚੀ ਸਭ ਨੂੰ ਬਾਹਰ ਆ ਜਾਣ ਅਤੇ ਹਥਿਆਰ ਸੁੱਟ ਦੇਣ ਦੀ ਵਾਰਨਿੰਗ ਦਿੱਤੀ ਗਈ। ਵਾਰ-ਵਾਰ ਇਹ ਵਾਰਨਿੰਗ ਦਿੱਤੀ ਗਈ। ਵਾਰ-ਵਾਰ ਇਸ ਵਾਰਨਿੰਗ ’ਤੇ 250 ਦੇ ਕਰੀਬ ਯਾਤਰੀ ਤੇ ਹੋਰ ਲੋਕ ਬਾਹਰ ਆ ਗਏ। ਕੁਝ ਚਿਰ ਦੀ ਖ਼ਾਮੋਸ਼ੀ ਤੋਂ ਬਾਅਦ ਫੌਜ ਨੇ ਦਰਬਾਰ ਦੇ ਚੁਫ਼ੇਰਿਉਂ ਫਾਇਰਿੰਗ ਸ਼ੁਰੂ ਕੀਤੀ। ਇਹ ਅੱਤਵਾਦੀਆਂ ਦਾ ਮਨੋਬਲ ਡੇਗਣ ਦੀ ਦੂਜੀ ਕੋਸ਼ਿਸ਼ ਸੀ ਪ੍ਰੰਤੂ ਜਦੋਂ ਜਵਾਬ ਵਿਚ ਅੱਤਵਾਦੀਆਂ ਨੇ ਉੱਚੇ ਬੁਰਜਾਂ, ਪਾਣੀ ਵਾਲੀ ਟੈਂਕੀ ਅਤੇ ਹੋਰ ਮੋਰਚਿਆਂ ਤੋਂ ਮਿਡੀਅਮ ਮਸ਼ੀਨਗੰਨ, ਲਾਈਟ ਮਸ਼ੀਨਗੰਨ, ਗਰਨੇਡ ਅਤੇ ਆਟੋਮੈਟਿਕ ਗੰਨਾਂ, ਜਿਹੜੀਆਂ ਇਕ ਸੈਕਿੰਡ ਵਿਚ 60 ਰਾਊਂਡ ਕੱਢਦੀਆਂ ਹਨ, ਨਾਲ ਜਵਾਬ ਦਿੱਤਾ ਤਾਂ ਫੌਜ ਨੂੰ ਅੱਤਵਾਦੀਆਂ ਦਾ ਹਥਿਆਰ ਨਾ ਸੁੱਟਣ ਦੇ ਇਰਾਦੇ ਸਾਫ਼ ਹੋ ਗਏ।

4 ਜੂਨ 1984
4 ਜੂਨ ਸਵੇਰ ਤੱਕ ਭਾਵੇਂ ਫੌਜ ਨੇ ਕੁਝ ਨਵੇਂ ਹਥਿਆਰਾਂ ਦੀ ਮੰਗ ਕੀਤੀ, ਜਿਸ ਵਿਚ ਜੀਪਾਂ ਤੇ ਫਿੱਟ ਗੰਨਾਂ, 3ਂ87 ਸੀ.ਐੱਮ. ਮਾਊਟੇਨ ਗੰਨਾਂ, ਜਿਹੜਾ 25 ਪੌਂਡ ਦਾ ਗੋਲਾ ਸੁੱਟਦੀਆਂ ਹਨ, ਮੰਗਵਾਈਆਂ ਗਈਆਂ, ਜਿਨ੍ਹਾਂ ਦੀ ਵਰਤੋਂ ਬੁਰਜਾਂ ਤੇ ਉੱਚੇ ਬਣੇ ਮੋਰਚੇ ਅਤੇ ਟੈਂਕੀ ਤੋੜਨ ਲਈ ਕੀਤੀ ਗਈ, ਜਿਸ ਰਾਹੀਂ ਇਨ੍ਹਾਂ ਉੱਚੇ ਮੋਰਚਿਆਂ ਤੋਂ ਕੁਝ ਵਿਅਕਤੀਆਂ ਦੇ ਚੀਥੜੇ ਉਡਦੇ ਨਜ਼ਰ ਆਏ ਅਤੇ ਟੈਂਕੀ ਟੁੱਟਣ ਦੇ ਬਾਅਦ ਉਹਦੇ ਪਾਣੀ ਦੇ ਝਲਾਰੇ ਹੜ੍ਹ ਵਾਂਗ ਨਜ਼ਰ ਆ ਰਹੇ ਸਨ। ਇਹ ਬੱਬਰਾਂ ਦੇ ਮੋਰਚੇ ਸਨ ਅਤੇ ਇਨ੍ਹਾਂ ਦੇ ਟੁੱਟਣ ਨਾਲ ਉਨ੍ਹਾਂ ਵਿਚ ਹਫ਼ੜਾ-ਦਫ਼ੜੀ ਮੱਚ ਗਈ। ਬੱਬਰ, ਜਿਹੜੇ ਕਿ ਭਿੰਡਰਾਂਵਾਲੇ ਦੇ ਸਖ਼ਤ ਵਿਰੋਧੀ ਸਨ ਪਰ ਦਰਬਾਰ ਸਾਹਿਬ ਨੂੰ ਬਚਾਉਣ ਦੀ ਲੜਾਈ ਵਿਚ ਪੂਰੇ ਸ਼ਾਮਿਲ ਸਨ।
ਇਸ ਸਮੇਂ ਅੱਤਵਾਦੀਆਂ ਨੇ ਰਾਕਟਾਂ ਵਾਲੇ ਗਰਨੇਡਾਂ ਨਾਲ ਅਤੇ ਰਾਕਟਾਂ ਨਾਲ ਹਮਲੇ ਕੀਤੇ, ਜਿਸ ਨਾਲ ਬਿਹਾਰ ਰਜਮੈਂਟ ਦੇ ਕੁਝ ਜਵਾਨ ਮਾਰੇ ਗਏ ਅਤੇ ਕੁਝ ਜ਼ਖ਼ਮੀ ਹੋ ਗਏ। ਇਸ ਸਮੇਂ ਜਰਨੈਲਾਂ ਨੇ ਹਰਿਮੰਦਰ ਸਾਹਿਬ ਵਿਚ ਟੈਂਕਾਂ ਦੀ ਵਰਤੋਂ ਕਰਨ ਦਾ ਫੈਸਲਾ ਠੀਕ ਸਮਝਿਆ।
ਦਰਬਾਰ ਸਾਹਿਬ ਉੱਤੇ ਹੋਏ ਇਸ ਹਮਲੇ ਨੇ ਪੰਜਾਬ ਦੇ ਲੋਕਾਂ ਅਤੇ ਖ਼ਾਸ ਤੌਰ ’ਤੇ ਸਿੱਖਾਂ ਵਿਚ ਰੋਹ ਦੀ ਅੱਗ ਪੈਦਾ ਕਰ ਦਿੱਤੀ। ਪਿੰਡਾਂ ਦੀਆਂ ਸੱਥਾਂ ਵਿਚ ਸਰਕਾਰ ਦੀ ਇਸ ਭੈੜੀ ਕਾਰਵਾਈ ਨੂੰ ਨਿੰਦਿਆ ਜਾ ਰਿਹਾ ਸੀ। ਬੇਸ਼ੱਕ ਲੋਕ ਭਿੰਡਰਾਂਵਾਲੇ ਦੇ ਫਿਰਕੂ ਜਨੂੰਨ ਨਾਲ ਸਹਿਮਤ ਨਹੀਂ ਸਨ ਪ੍ਰੰਤੂ ਇਸ ਦੇ ਬਾਵਜੂਦ ਵੀ ਦਰਬਾਰ ਸਾਹਿਬ ਉੱਪਰ ਹੋਈ ਫੌਜੀ ਕਾਰਵਾਈ ਉਨ੍ਹਾਂ ਦਾ ਦਿਲ ਵਲੂੰਧਰ ਰਹੀ ਸੀ। ਪੰਜਾਬ ਦੇ ਇਕ ਪਿੰਡ ਨੂੰ ਦੂਜੇ ਪਿੰਡਾਂ ਨਾਲੋਂ ਕੱਟਿਆ ਹੋਇਆ ਸੀ। ਲੋਕ ਬੇਬੱਸ ਅਤੇ ਬੇਹਥਿਆਰ ਦਿਲ ਹੀ ਦਿਲ ਉਬਾਲਾ ਖਾ ਰਹੇ ਸਨ। ਦਰਬਾਰ ਸਾਹਿਬ ਦੀ ਪਵਿੱਤਰਤਾ ਦਾ ਭੰਗ ਹੋਣਾ ਉਨ੍ਹਾਂ ਦੀ ਅਣਖ ਅਤੇ ਗੈਰਤ ਉੱਤੇ ਇਕ ਵਾਰ ਮਹਿਸੂਸ ਕੀਤਾ ਜਾ ਰਿਹਾ ਸੀ, ਅੰਮ੍ਰਿਤਸਰ ਸ਼ਹਿਰ ਵਿਚ ਕੀ ਵਾਪਰਿਆ ਹੈ, ਕੀ ਵਾਪਰ ਰਿਹਾ ਹੈ, ਇਸ ਬਾਰੇ ਨਿਰਸੰਦੇਹ ਪੱਕੇ ਤੌਰ ’ਤੇ ਕੁਝ ਨਹੀਂ ਕਿਹਾ ਜਾ ਸਕਦਾ ਸੀ ਪਰ ਅਫ਼ਵਾਹਾਂ ਕਈ ਸਨ। ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡਾਂ ਵਿਚ ਹੈਲੀਕਾਪਟਰਾਂ ਰਾਹੀਂ ਫੌਜ ਪਿੰਡਾਂ ’ਤੇ ਸਖ਼ਤ ਨਜ਼ਰ ਰੱਖੀ ਬੈਠੀ ਸੀ। ਜਿੱਥੇ ਵੀ ਕੁਝ ਲੋਕ ਇਕੱਠੇ ਹੁੰਦੇ, ਫੌਰਨ ਫੌਜੀ ਜੀਪਾਂ ਪਹੁੰਚ ਜਾਂਦੀਆਂ। ਕਈਆਂ ਪਿੰਡਾਂ ਵਿਚੋਂ ਆਪ-ਮੁਹਾਰੇ ਲੋਕ ਦਰਦ ਵਿੰਨ੍ਹੇ ਸ਼ਹਿਰ ਅੰਮ੍ਰਿਤਸਰ ਵੱਲ ਵਹੀਰਾਂ ਪਾ ਆਏ। ਮਗਰ ਕੁਝ ਥਾਵਾਂ ’ਤੇ ਉਨ੍ਹਾਂ ਨੂੰ ਗੋਲੀਆਂ ਨਾਲ ਉਡਾ ਦਿੱਤਾ। ਪ੍ਰਕਾਸ਼ ਸਿੰਘ ਮਜੀਠਾ ਅਕਾਲੀ ਐੱਮ.ਐੱਲ.ਏ., ਜੋ ਕਿ ਅਕਾਲੀ ਦਲ ਦਾ ਸਾਬਕਾ ਜਨਰਲ ਸਕੱਤਰ ਹੈ ਅਤੇ ਇਸ ਸਮੇਂ ਅਕਾਲੀ ਦਲ ਵੱਲੋਂ ਕਾਇਮ ਮੁਕਾਮ ਕਮੇਟੀ ਦਾ ਕਨਵੀਨਰ ਹੈ ਅਤੇ ਜਿਸ ਨੇ ਹੁਣ 16 ਤਾਰੀਖ਼ ਨੂੰ ਸ਼ਹੀਦੀ ਜਥਿਆਂ ਨੂੰ ਦਰਬਾਰ ਸਾਹਿਬ ਮੁਕਤ ਕਰਵਾਉਣ ਦਾ ਸੱਦਾ ਦਿੱਤਾ ਹੈ। ਕਾਫ਼ੀ ਵੱਡੇ ਜਥੇ ਸਮੇਤ ਅੰਮ੍ਰਿਤਸਰ ਬਾਈਪਾਸ ’ਤੇ ਪਹੁੰਚਿਆ। ਅੱਗੇ ਦਰਬਾਰ ਸਾਹਿਬ ਦੇ ਆਲੇ-ਦੁਆਲੇ ਫੌਜ ਨਾਲ ਜੰਗ ਜਾਰੀ ਸੀ ਅਤੇ ਸ਼ਹਿਰ ਵਿਚ ਮੌਤ ਵਰਗੀ ਚੁੱਪ ਸੀ। ਸ਼ਹਿਰ ਵਿਚ ਦਾਖ਼ਲ ਹੋਣਾ ਮੌਤ ਨਾਲ ਜੂਝਣਾ ਸੀ। ਜਿਉਂ ਹੀ ਉਸਨੇ ਕੁਝ ਸ਼ਰਧਾਲੂਆਂ ਨੂੰ ਕਿਹਾ ਕਿ ਸਾਨੂੰ ਵਾਪਸ ਚਲੇ ਜਾਣਾ ਚਾਹੀਦਾ ਹੈ। ਇਸ ’ਤੇ ਲੋਕਾਂ ਨੇ ਉਸਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਤਾਂ ਮਜੀਠਾ ਜੀ ਨੇ ਕਿਹਾ ਕਿ ਜਿਹਨੂੰ ਦੇਸ਼ ਭਗਤੀ ਦਾ ਬਹੁਤਾ ਸ਼ੌਕ ਹੈ, ਉਹ ਚਲਾ ਜਾਵੇ, ਸਰਾਭਾ ਜੀ ਨੇ ਕੁਰਬਾਨੀ ਕਿਹੜੀ ਮਹਾਤਮਾ ਗਾਂਧੀ ਨੂੰ ਪੁੱਛ ਕੇ ਕੀਤੀ ਸੀ। ਇਥੋਂ ਰੋਹ ਵਿਚ ਆਏ ਆਪ-ਮੁਹਾਰੇ ਲੋਕਾਂ ਨੇ ਪਿੰਡ ਬੀਰਬਲ ਦੇ ਬਾਊ ਵੇਦ ਪ੍ਰਕਾਸ਼ ਦੇ ਇਕ ਫਾਰਮ ’ਤੇ ਅੱਗ ਲਾ ਦਿੱਤੀ। ਚੇਤਨਪੁਰਾ ਮਜੀਠਾ ਆਦਿ ਵਿਚ ਸਰਕਾਰੀ ਗੁਦਾਮਾਂ ਨੂੰ ਅੱਗ ਲਾਈ ਗਈ। ਇਹ ਤਾਂ ਵਾਪਰਿਆ, ਕਿਉਂ ਜੋ ਅਗਵਾਈ ਕਰਨ ਵਾਲੇ ਆਗੂ ਲੋਕਾਂ ਨੂੰ ਆਪ-ਮੁਹਾਰਾ ਛੱਡ ਕੇ ਖਿਸਕ ਗਏ।
5 ਜੂਨ 1984 : 5 ਜੂਨ ਨੂੰ ਫੌਜ ਨੇ ਜਲ੍ਹਿਆਂ ਵਾਲੇ ਬਾਗ ਵਿਚ ਲੱਗੀਆਂ ਤੋਪਾਂ ਦੀ ਮੱਦਦ ਨਾਲ ਦਰਬਾਰ ਦੀ ਕਿਲਾਬੰਦੀ ਤੋੜੀ। ਹਰਿਮੰਦਰ ਸਾਹਿਬ ਦੇ ਅੰਦਰ ਅਨੇਕ ਮੌਤਾਂ ਹੋਈਆਂ। ਪੁਲਿਸ ਅਫ਼ਸਰਾਂ ਨੇ ਇਕ ਵਾਰੀ ਫੇਰ ਹਥਿਆਰ ਸੁੱਟਣ ਦੀ ਅਪੀਲ ਕੀਤੀ। ਤੋਪਾਂ ਗੋਲੇ ਵਰ੍ਹਾ ਰਹੀਆਂ ਸਨ, ਜਦਕਿ ਫੌਜੀ ਅਫ਼ਸਰ ਹੈਲੀਕਾਪਟਰਾਂ ਰਾਹੀਂ ਨਿਸ਼ਾਨਾਬੰਦੀ ਠੀਕ ਕਰਵਾ ਰਹੇ ਸਨ। ਇਸ ਭਿਆਨਕ ਜੰਗ ਦੇ ਸਮੇਂ 200 ਸ਼੍ਰੋਮਣੀ ਕਮੇਟੀ ਦੇ ਮੈਂਬਰਾਂ, ਔਰਤਾਂ ਅਤੇ ਬੱਚਿਆਂ ਨੇ ਆਤਮ ਸਮਰਪਣ ਕੀਤਾ। ਦਰਬਾਰ ਸਾਹਿਬ ਉੱਤੇ ਚੱਲ ਰਹੀਆਂ ਤੋਪਾਂ ਦੀ ਆਵਾਜ਼ ਅੰਮ੍ਰਿਤਸਰ ਤੋਂ 15 ਮੀਲ ਤੱਕ ਸੁਣਾਈ ਦੇ ਰਹੀ ਸੀ। ਇਹ ਲੋਕ, ਜਿਨ੍ਹਾਂ ਨੇ ਪਾਕਿਸਤਾਨ, ਹਿੰਦੁਸਤਾਨ ਦੀਆਂ ਜੰਗਾਂ ਵਿਚ ਇਨ੍ਹਾਂ ਤੋਪਾਂ ਦੇ ਗੋਲਿਆਂ ਦੇ ਭਿਆਨਕ ਸਿੱਟੇ ਅੱਖੀਂ ਦੇਖੇ ਸੀ, ਖੰਡਰ ਹੋਏ ਪਿੰਡ ਇਨ੍ਹਾਂ ਦੀਆਂ ਨਜ਼ਰਾਂ ਵਿਚੋਂ ਗੁਜ਼ਰੇ ਸਨ, ਲੋਕ ਪ੍ਰੇਸ਼ਾਨ ਤੇ ਨਿਰਾਸ਼ ਹੋਏ ਪਿੰਡਾਂ ਵਿਚ ਇਕ ਦੂਜੇ ਨੂੰ ਮਿਲਦੇ ਤਾਂ ਇਹ ਕਹਿੰਦੇ ਕਿ ਬੱਸ ਅੰਮ੍ਰਿਤਸਰ ਤਬਾਹ ਹੋ ਰਿਹਾ ਹੈ। ਇਹ ਤੋਪਾਂ ਦੇ ਗੋਲੇ ਸ਼ਹਿਰ ਨੂੰ ਖੰਡਰ ਬਣਾ ਦੇਣਗੇ। ਉਹ ਇਹ ਸਮਝਣ ਵਿਚ ਅਸਮਰੱਥ ਸਨ ਕਿ ਇਹ ਤੋਪਾਂ ਦੀ ਫਾਇਰਿੰਗ ਹਿੰਦੁਸਤਾਨ ਦੇ ਕਿਸੇ ਸ਼ਹਿਰ ’ਤੇ ਕੀਤੀ ਜਾ ਰਹੀ ਹੈ ਜਾਂ ਦੁਸ਼ਮਣ ਦੇ ਇਲਾਕੇ ਵਿਚ। ਜ਼ਿਲ੍ਹਾ ਅੰਮ੍ਰਿਤਸਰ ਦੇ ਵੱਖ-ਵੱਖ ਇਲਾਕਿਆਂ ਵਿਚ ਲੋਕ ਹਜ਼ਾਰਾਂ ਦੀ ਗਿਣਤੀ ਵਿਚ ਇਕੱਠੇ ਹੋ ਕੇ ਰਵਾਇਤੀ ਹਥਿਆਰਾਂ ਸਮੇਤ ਅੰਮ੍ਰਿਤਸਰ ਨੂੰ ਕੂਚ ਕਰਨ ਲੱਗੇ। ਉੱਧਰ ਫੌਜੀ ਹੈਲੀਕਾਪਟਰਾਂ ਨੇ ਆਪਣੀਆਂ ਉਡਾਨਾਂ ਤੇਜ਼ ਕੀਤੀਆਂ। ਜਿੱਥੇ ਵੀ ਕਿਤੇ ਲੋਕਾਂ ਦਾ ਇਕੱਠ ਸ਼ਹਿਰ ਅੰਮ੍ਰਿਤਸਰ ਨੂੰ ਆਉਂਦਾ ਨਜ਼ਰ ਆਵੇ, ਦੇਖਦੇ ਗੋਲੀ ਮਾਰਨ ਦੇ ਹੁਕਮ ਜਾਰੀ ਕੀਤੇ ਗਏ। ਅੰਮ੍ਰਿਤਸਰ ਤੋਂ 10 ਕਿਲੋਮੀਟਰ ਦੂਰ ਪਿੰਡ ਗੋਲਵੜ ਵਿਖੇ 30 ਹਜ਼ਾਰ ਲੋਕ ਬੰਦੂਕਾਂ ਤੇ ਰਵਾਇਤੀ ਹਥਿਆਰਾਂ ਨਾਲ ਇਕੱਠੇ ਹੋਏ, ਜਿਸਦੀ ਅਗਵਾਈ ਬਾਬਾ ਬਿਧੀ ਚੰਦ ਕਰ ਰਹੇ ਸਨ, ਜਿਹੜੇ ਕਹਿੰਦੇ ਸਨ, ਅੱਗੇ ਵਧੋ, ਦਰਬਾਰ ਸਾਹਿਬ ਜਾਉ ਤੇ ਹਿੰਦੂ ਮਾਰੋ। ਅਜਿਹੇ ਇਕੱਠ ਅੰਮ੍ਰਿਤਸਰ ਦੇ ਪਿੰਡ ਢੰਡ ਕਸੇਲ, ਫਤਹਿਪੁਰ, ਰਾਜਪੂਤਾਂ, ਵੇਰਕਾ, ਮਹਿਤਾ ਚੌਕ ਵਿਖੇ ਵੀ ਹੋਏ ਅਤੇ ਲੋਕਾਂ ਦੇ ਹੀ ਇਕੱਠ ਨੇ ਜਗਰਾਣਾ ਸਾਹਿਬ ਰੇਲਵੇ ਸਟੇਸ਼ਨ ਨੂੰ ਅੱਗ ਲਾਈ ਅਤੇ ਫੌਜੀ ਜਵਾਨਾਂ ਨੇ ਭਾਰੀ ਗੋਲੀ ਚਲਾਈ, ਜਿਸ ਨਾਲ ਕੁਝ ਲੋਕ ਜ਼ਖ਼ਮੀ ਹੋ ਗਏ ਅਤੇ ਕੁਝ ਲੋਕ ਮਰ ਗਏ। 25 ਹਜ਼ਾਰ ਦੀ ਗਿਣਤੀ ਵਿਚ ਲੋਕਾਂ ਦਾ ਇਕੱਠ ਰਾਜਾਸਾਂਸੀ ਹੋਇਆ। ਇਥੋਂ ਲੋਕਾਂ ਨੇ ਅੰਮ੍ਰਿਤਸਰ ਵੱਲ ਨੂੰ ਮਾਰਚ ਕੀਤਾ। ਹਵਾਈ ਅੱਡੇ ’ਤੇ ਤਾਇਨਾਤ ਫੌਜ ਨੇ ਅੱਗੇ ਨਾ ਜਾਣ ਦਾ ਸੰਕੇਤ ਕੀਤਾ ਪਰ ਜਜ਼ਬਾਤ ਵਿਚ ਆਏ ਲੋਕ ਰਵਾਇਤੀ ਹਥਿਆਰਾਂ ਨਾਲ ਲੈਸ ਲੋਕ ਅੱਗੇ ਵਧਦੇ ਗਏ। ਅੰਮ੍ਰਿਤਸਰ ਤੋਂ 5 ਕਿਲੋਮੀਟਰ ਦੂਰ ਪਿੰਡ ਕੰਥੋਅ ਵਿਖੇ ਫੌਜ ਨੇ ਮਸ਼ੀਨਗੰਨਾਂ ਨਾਲ ਇਸ ਹਜ਼ੂਮ ਤੇ ਅੰਧਾ-ਧੁੰਦ ਫਾਇਰਿੰਗ ਕੀਤੀ, ਜਿਸ ਨਾਲ 50 ਬੰਦੇ ਮਾਰੇ ਗਏ, ਜਿਨ੍ਹਾਂ ’ਚ ਹਰਸ਼ਾ ਛੀਨਾ ਦੀਆਂ 2 ਔਰਤਾਂ ਪੂਰਨ ਕੌਰ ਤੇ ਗੁਰਨਾਮ ਕੌਰ ਸ਼ਾਮਿਲ ਸਨ। ਦੂਜੇ ਪਾਸੇ ਤੋਂ ਆ ਰਹੇ ਕੁਝ ਲੋਕ ਗੋਲੀ ਚੱਲਣ ਬਾਰੇ ਸੁਣ ਕੇ ਵਾਪਸ ਮੁੜ ਗਏ।
ਰਸਤੇ ਵਿਚ ਕੁਝ ਗੈਰ-ਜ਼ਿੰਮੇਵਾਰ ਵਿਅਕਤੀਆਂ ਨੇ ਲੋਕਾਂ ਦੇ ਜਜ਼ਬਾਤਾਂ ਨੂੰ ਭੜਕਾ ਕੇ ਹਿੰਦੂਆਂ ਦੇ ਕਤਲ ਕਰਨ ਦੀ ਸਾਜ਼ਿਸ਼ ਬਣਾਈ, ਜਿਸ ਦੇ ਫਲਸਰੂਪ ਦੋ ਨਿਰਦੋਸ਼ ਹਿੰਦੂ ਪਿੰਡ ਬੁਆ ਸੰਗਲੀ ਵਿਖੇ ਭੜਕੇ ਅਨਸਰਾਂ ਵੱਲੋਂ ਮਾਰੇ ਗਏ ਅਤੇ ਇਕ ਔਰਤ ਤੇ ਇਕ ਬੱਚਾ ਸਖ਼ਤ ਜ਼ਖ਼ਮੀ ਹੋ ਗਏ। ਪਿੰਡ ਮੱਲੂ ਨੰਗਲ ਵਿਖੇ ਇਸੇ ਹਜ਼ੂਮ ਨੇ ਹਿੰਦੂਆਂ ਦੀਆਂ ਦੁਕਾਨਾਂ ਨੂੰ ਅੱਗ ਲਾ ਦਿੱਤੀ, ਜਿਸਦੀ ਇਨਸਾਫ਼-ਪਸੰਦ ਸਿੱਖਾਂ ਨੇ ਡਟ ਕੇ ਨਿਖੇਧੀ ਕੀਤੀ ਕਿਉਂਕਿ ਉਨ੍ਹਾਂ ਅਨੁਸਾਰ ਜੰਗ ਦੀ ਦਿਸ਼ਾ ਕੇਂਦਰ ਸਰਕਾਰ ਨਾਲ ਹੈ, ਨਾ ਕਿ ਭੋਲ਼ੇ-ਭਾਲ਼ੇ ਲੋਕਾਂ ਨਾਲ।
ਇਹ ਸਭ ਵੇਖ ਕੇ ਫੌਜੀ ਅਫ਼ਸਰ ਘਬਰਾਏ ਅਤੇ ਕੁਝ ਨੇ ਕਿਹਾ ਕਿ ਜੇ ਇਹ ਕਾਰਵਾਈ ਲੰਮੀ ਹੋਈ ਤਾਂ ਸਾਨੂੰ ਅੰਮ੍ਰਿਤਸਰ ਦੇ ਨਜ਼ਦੀਕ ਕਈ ਜਲ੍ਹਿਆਂ ਵਾਲੇ ਬਾਗ ਬਣਾਉਣੇ ਪੈਣਗੇ। ਇਸ ਦੇ ਸਿੱਟੇ ਵਜੋਂ ਜਰਨੈਲਾਂ ਨੇ ਦਰਬਾਰ ਸਾਹਿਬ ਵਿਚਲੀ ਜੰਗ ਨੂੰ ਹੋਰ ਤੇਜ਼ ਕਰ ਦਿੱਤਾ।
5 ਜੂਨ 1984 ਦੀ ਭਿਆਨਕ ਰਾਤ, ਹਨ੍ਹੇਰਾ ਹੁੰਦਿਆਂ ਹੀ 10 ਗਾਰਡ, ਜਿਹੜੀ ਦੁਨੀਆਂ ਵਿਚ ਛਾਪਾਮਾਰ ਕਾਰਵਾਈ ਲਈ ਮਸ਼ਹੂਰ ਹੈ, ਦੇ ਜਵਾਨ ਲੈਫਟੀਨੈਂਟ ਕਰਨਲ ਮੁਹੰਮਦ ਇਸਰਾਰ ਦੀ ਅਗਵਾਈ ਹੇਠ ਅੰਦਰ ਜਾਣ ਲਈ ਤਿਆਰ ਹੋਏ। ਛੇਤੀ ਹੀ ਉਸ ਸਰਾਂ ਵਿਚ ਪਹੁੰਚਣ ਦੀ ਤਿਆਰੀ ਕੀਤੀ ਗਈ, ਜਿਥੇ ਮਾਡਰੇਟ ਅਕਾਲੀ ਲੀਡਰ ਲੌਂਗੋਵਾਲ, ਟੌਹੜਾ ਅਤੇ ਦਲ ਦੇ ਬੁਲਾਰੇ ਬਲਵੰਤ ਸਿੰਘ ਰਾਮੂਵਾਲੀਆ ਛੁਪੇ ਹੋਏ ਸਨ। ਜਦੋਂ ਇਹ ਜਵਾਨ ਅੰਦਰ ਦਾਖ਼ਲ ਹੋਏ ਅਤੇ ਅਕਾਲੀ ਲੀਡਰ ਆਤਮ ਸਮਰਪਣ ਦੀ ਤਿਆਰੀ ਕਰ ਰਹੇ ਸਨ ਤਾਂ ਇਹਦੇ ਦੌਰਾਨ ਹੀ ਇਕ ਹੋਰ ਕਮਾਂਡੋ ਯੂਨਿਟ, ਜਿਨ੍ਹਾਂ ਨੇ ਬੁਲਟ ਪਰੂਫ਼ ਜੈਕਟਾਂ ਪਾਈਆਂ ਹੋਈਆਂ ਸਨ, ਉਹ 100 ਦੀ ਗਿਣਤੀ ਵਿਚ ਕਾਲੇ ਰੰਗ ਦੀਆਂ ਡਾਂਗਰੀਆਂ ਪਾਈ ਆਪਣੇ ਹਥਿਆਰਾਂ ਨੂੰ ਚੈੱਕ ਕਰਕੇ ਅੰਦਰ ਜਾਣ ਦੀ ਤਿਆਰੀ ਵਿਚ ਸਨ। ਉਨ੍ਹਾਂ ਵੱਲੋਂ ਆਪਣੀ ਜਨਤਾ ’ਤੇ ਕੀਤਾ ਜਾਣ ਵਾਲਾ ਹਿੰਦੁਸਤਾਨ ਦੇ ਇਤਿਹਾਸ ਵਿਚ ਪਹਿਲਾ ਐਕਸ਼ਨ ਸੀ ਪਰ ਕਮਾਂਡੋ, ਜਿਨ੍ਹਾਂ ਕੋਲ ਅਮਰੀਕਾ ਦੀਆਂ ਬਣੀਆਂ 5.56 ਐੱਮ.ਐੱਮ. ਰਾਈਫਲਾਂ ਅਤੇ ਟੈਲਸਕੋਪਿਕ ਬਰੇਨਗੰਨਾਂ ਸਨ। ਜ਼ਿੰਦਗੀ-ਮੌਤ ਦੀ ਲੜਾਈ ਲੜਦੇ ਹੋਏ ਸਰਾਂ ਵਿਚ ਦਾਖ਼ਲ ਹੋਏ। ਉਨ੍ਹਾਂ ਦਾ ਨਿਸ਼ਾਨਾ ਅਕਾਲੀ ਲੀਡਰਾਂ ਨੂੰ ਬਾਹਰ ਕੱਢਣਾ ਸੀ। ਇਸ ਸਮੇਂ ਦੂਸਰੇ ਯੂਨਿਟਾਂ ਨੇ ਸਰਾਂ ਨੂੰ ਦਰਬਾਰ ਸਾਹਿਬ ਨਾਲੋਂ ਕੱਟਣ ਲਈ ਭਾਰੀ ਗੋਲਾਬਾਰੀ ਕੀਤੀ। ਇਸ ਘਟਨਾ ਵਿਚ 40 ਕਮਾਂਡੋ ਵਿਚੋਂ ਤਿੰਨ ਮਾਰੇ ਗਏ ਅਤੇ 19 ਜ਼ਖ਼ਮੀ ਹੋਏ, ਭਾਵੇਂ ਕਿ ਉਨ੍ਹਾਂ ਨੇ ਬੁਲਟ ਪਰੂਫ਼ ਜੈਕਟਾਂ ਪਾਈਆਂ ਹੋਈਆਂ ਸਨ।
ਸਿੱਖ ਪੰਥ ਦੇ ਇਹ ਲੀਡਰ, ਜਿਨ੍ਹਾਂ ਨੇ ਆਪਣੀਆਂ ਧੂੰਆਂ-ਧਾਰ ਤਕਰੀਰਾਂ ਵਿਚ ਸਿੱਖ ਜਜ਼ਬਾਤਾਂ ਨੂੰ ਵਰਤ ਕੇ ਪੰਥ ਦੇ ਜਰਨੈਲ ਦੇ ਦਸਦਿਆਂ ਹੋਇਆਂ ਗੱਦੀਆਂ ਪ੍ਰਾਪਤ ਕੀਤੀਆਂ ਹੋਈਆਂ ਸੀ, ਜਿਨ੍ਹਾਂ ਨੇ ਆਪਣੇ ਕਥਨ ਵਿਚ ਇਹ ਐਲਾਨਿਆ ਸੀ ਕਿ ਫੌਜ ਉਨ੍ਹਾਂ ਦੀਆਂ ਲਾਸ਼ਾਂ ਤੋਂ ਗੁਜ਼ਰ ਕੇ ਦਰਬਾਰ ਸਾਹਿਬ ਵਿਚ ਦਾਖ਼ਲ ਹੋਵੇਗੀ। ਆਪਣੇ ਮਨੁੱਖੀ ਬਾਣੇ ਨੂੰ ਅੱਤ ਦਰਜੇ ਦਾ ਮੋਹ ਕਰ ਬੈਠੇ ਸਨ। ਜ਼ਿੰਦਗੀ ਜੀਣ ਦੀ ਲਾਲਸਾ ਕਰਕੇ ਉਹ ਫੌਜ ਸਾਹਮਣੇ ਮੁਜਰਮਾਂ ਵਾਂਗ ਆ ਸਾਹਮਣੇ ਖੜ੍ਹੇ ਹੋਏ। ਇਨ੍ਹਾਂ ਵਿਚ ਸਿੱਖ ਸਿਆਸਤ ਦਾ ਚਲਾਕ ਲੂੰਬੜ ਅਤੇ ਜੋ ਪੰਜਾਬ ਦੇ ਮੌਜੂਦਾ ਪੈਦਾ ਕੀਤੇ ਗਏ ਸੰਕਟ ਦੇ ਮੁੱਖ ਜ਼ਿੰਮੇਵਾਰਾਂ ਵਿਚੋਂ ਇਕ ਸੀ, ਸ. ਗੁਰਚਰਨ ਸਿੰਘ ਟੌਹੜਾ ਵੀ ਸ਼ਾਮਿਲ ਸਨ, ਜਿਨ੍ਹਾਂ ਨੇ ਫੋਕੇ ਅੱਤਵਾਦੀ ਨਾਅਰੇ ਦੇ ਦੇ ਕੇ ਆਪਣੀ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਬਚਾਈ ਰੱਖੀ ਅਤੇ ਮਾਰਸ਼ਲ ਲੀਡਰ ਦਾ ਬਿੱਲਾ ਲਾ ਕੇ ਪੰਜਾਬ ਦੇ ਮੁੱਖ ਮੰਤਰੀ ਬਣਨ ਦੇ ਸੁਪਨੇ ਲਏ। ਪੰਜਾਬ ਦੀਆਂ ਹਜ਼ਾਰਾਂ ਸਟੇਜਾਂ ’ਤੇ ਵਾਰ-ਵਾਰ ਇਹ ਐਲਾਨਿਆ ਕਿ ਫੌਜ ਉਨ੍ਹਾਂ ਦੀਆਂ ਲਾਸ਼ਾਂ ਤੋਂ ਲੰਘ ਕੇ ਸ੍ਰੀ ਦਰਬਾਰ ਸਾਹਿਬ ਵਿਚ ਜਾਵੇਗੀ। ਤਾਰੀਖ਼ ਸਿੱਖ ਸੰਸਥਾ ਦੇ ਇਨ੍ਹਾਂ ਅਖੌਤੀ ਲੀਡਰਾਂ ਦੇ ਨਕਾਬ ਲਹਿਣ ਤੋਂ ਬਾਅਦ ਅਸਲੀਅਤ ’ਤੇ ਰੋ ਰਹੀ ਸੀ। ਇਹ ਉਹ ਸਮਾਂ ਸੀ, ਜਦੋਂ ਸ਼ਹਿਰ ਦੇ ਬਾਜ਼ਾਰਾਂ ਵਿਚ ਦਰਬਾਰ ਸਾਹਿਬ ਤੱਕ ਪਹੁੰਚਣ ਲਈ ਨਾਅਰੇ ਵੱਜ ਰਹੇ ਸਨ। ਫੌਜ ਲੋਕਾਂ ਨੂੰ ਗੋਲੀਆਂ ਨਾਲ ਭੁੰਨ ਰਹੀ ਸੀ। ਪਿੰਡਾਂ ਦੇ ਲੋਕ ਫੌਜ ਦਾ ਘੇਰਾ ਤੋੜ ਕੇ ਦਰਬਾਰ ਸਾਹਿਬ ਪਹੁੰਚਣ ਲਈ ਕੋਸ਼ਿਸ਼ ਕਰ ਰਹੇ ਸਨ ਪ੍ਰੰਤੂ ਕੌਮ ਦੇ ਇਹ ਸਿਰਤਾਜ ਆਤਮ ਸਮਰਪਣ ਲਈ ਦੁਹਾਈਆਂ ਦੇ ਰਹੇ ਸਨ।
ਅਜਿਹਾ ਹੀ ਇਕ ਹੋਰ ਗਰਮ ਨਾਅਰੇਬਾਜ਼ ਤੇ ਭਿੰਡਰਾਂਵਾਲੇ ਦਾ ਮੁੱਖ ਪੰਚ ਹਰਮੰਦਰ ਸਿੰਘ ਸੰਧੂ, ਜਿਸਨੇ ਖਾਲਿਸਤਾਨ ਸਰਕਾਰ ਦੇ ਮੰਤਰੀ ਮੰਡਲ ਦੇ ਅਹੁਦੇ ਵੰਡ ਰੱਖੇ ਸਨ ਤੇ ਜਿਸਨੇ ਪੰਜਾਬ ਦੇ ਵਿਦਿਆਰਥੀ ਤੇ ਨੌਜਵਾਨਾਂ ਨੂੰ ਕੁਰਬਾਨੀ ਲਈ ਬੇਸ਼ੁਮਾਰ ਭਾਸ਼ਨ ਕੀਤੇ ਸਨ। (ਚਾਹੇ ਇਸ ਦੇ ਨਾਲ-ਨਾਲ ਦਰਬਾਰ ਸਾਹਿਬ ਦੀ ਆੜ ਵਿਚ ਲੱਖਾਂ ਰੁਪਏ ਦੀ ਸਮਗÇਲੰਗ ਵੀ ਕੀਤੀ, ਜਿਹੜੀ ਪ੍ਰੈੱਸ ਵਿਚ ਚਰਚਾ ਦਾ ਵਿਸ਼ਾ ਬਣ ਚੁੱਕੀ ਹੈ) ਵੀ ਕੁਰਬਾਨੀ ਦਾ ਪੰੁਜ ਸਾਬਿਤ ਹੋਣ ਦੀ ਬਜਾਏ ਸਰਕਾਰ ਦੇ ਪੈਰੀਂ ਜਾ ਡਿੱਗਿਆ ਅਤੇ ਪੰਜਾਬ ਦੀਆਂ ਸਭ ਕੰਧਾਂ ’ਤੇ ਕੇਸਰੀ ਝੰਡਾ ਲਹਿਰਾਉਣ ਵਾਲਾ ਇਹ ‘ਸੂਰਮਾ’ ਚਿੱਟਾ ਝੰਡਾ ਲਹਿਰਾ ਕੇ ਸਰਕਾਰ ਦੀ ਗੱਡੀ ’ਚ ਬੈਠਣ ਲਈ ਬਾਹਰ ਆਇਆ। ਇਹ ਸੰਤ ਭਿੰਡਰਾਂਵਾਲੇ ਦੇ ਕੈਂਪ ਨਾਲ ਸਭ ਤੋਂ ਵੱਡੀ ਅਕ੍ਰਿਤਘਣਤਾ ਤੇ ਗਦਾਰੀ ਸੀ। ਇਸਦੀ ਗ੍ਰਿਫ਼ਤਾਰੀ ਤੋਂ ਬਾਅਦ ਜੋ ਘਟਨਾਵਾਂ ਸੰਧੂ ਦੇ ਬਿਆਨਾਂ ਨਾਲ ਵਾਪਰੀਆਂ ਹਨ, ਉਹ ਪੰਜਾਬ ਦੇ ਸਿੱਖ ਨੌਜਵਾਨਾਂ ਦੇ ਪਰਿਵਾਰ ਹੀ ਜਾਣਦੇ ਹਨ।
ਅੱਧੀ ਰਾਤ ਤੱਕ ਇਹ ਸਭ ‘ਸੂਰਮੇ’ ਲੌਂਗੋਵਾਲ, ਟੌਹੜਾ, ਰਾਮੂਵਾਲੀਆ, ਅਖੰਡ ਕੀਰਤਨੀ ਜਥੇ ਦੀ ਮੁਖੀ ਅਮਰਜੀਤ ਕੌਰ ਅਤੇ ਹੋਰ ਸ਼੍ਰੋਮਣੀ ਕਮੇਟੀ ਦੇ ਕੁਝ ਅਧਿਕਾਰੀ ਆਤਮ-ਸਮਰਪਣ ਕਰ ਚੁੱਕੇ ਸਨ ਪ੍ਰੰਤੂ ਅਕਾਲੀ ਦਲ ਦੇ ਸਕੱਤਰ ਗੁਰਚਰਨ ਸਿੰਘ ਆਤਮ-ਸਮਰਪਣ ਕਰਨ ਲਈ ਆ ਰਹੇ 70 ਆਦਮੀ ਔਰਤਾਂ ਤੇ ਬੱਚਿਆਂ ਸਮੇਤ ਮਾਰੇ ਗਏ। ਸਰਕਾਰੀ ਬੁਲਾਰੇ ਅਨੁਸਾਰ ਉਨ੍ਹਾਂ ਦਾ ਕਤਲ ਭਿੰਡਰਾਂਵਾਲੇ ਦੇ ਗਰੁੱਪ ਨੇ ਕੀਤਾ ਪ੍ਰੰਤੂ ਭਰੋਸੇਯੋਗ ਵਸੀਲੇ ਤੋਂ ਪਤਾ ਲੱਗਾ ਹੈ ਕਿ ਇਹ ਦਰਦਨਾਕ ਕਤਲ ਫੌਜ ਦੇ ਤੋਪਾਂ ਦੇ ਗੋਲੇ ਡਿੱਗਣ ਨਾਲ ਹੋਏ।
ਗ੍ਰਿਫ਼ਤਾਰ ਕੀਤੇ ਗਏ ਅਕਾਲੀ ਲੀਡਰਾਂ ਨੂੰ ਰਾਜਾਸਾਂਸੀ ਦੀ ਛਾਉਣੀ ਵਿਚ ਬੰਦ ਕਰ ਦਿੱਤਾ ਗਿਆ ਅਤੇ ਫੌਜ ਹੁਣ ਦੂਜੇ ਵੱਡੇ ਹਮਲੇ ਦੀ ਤਿਆਰੀ ਵਿਚ ਸੀ। ਇਸ ਵਾਰੀ ਕਮਾਂਡੋ ਵੱਡੀ ਗਿਣਤੀ ਵਿਚ ਦਾਖ਼ਲ ਹੋਏ ਅਤੇ ਉਨ੍ਹਾਂ ਨੇ ਛੋਟੀਆਂ-ਛੋਟੀਆਂ ਟੁਕੜੀਆਂ ਬਣਾ ਕੇ ਅੱਤਵਾਦੀਆਂ ਦੀਆਂ ਲਾਈਟ ਮਸ਼ੀਨ-ਗੰਨਾਂ ਨੂੰ ਹੱਥੀਂ ਫੜਨ ਦਾ ਯਤਨ ਕੀਤਾ। ਬਹੁਤ ਵੱਡੀ ਗਿਣਤੀ ਵਿਚ ਕਤਲੋਗਾਰਦ ਹੋਈ ਪ੍ਰੰਤੂ ਕਮਾਂਡੋ ਨੇ ਦਰਬਾਰ ਨੂੰ ਜਾਣ ਵਾਲੇ ਰਸਤੇ ’ਤੇ ਕਬਜ਼ਾ ਕਰ ਲਿਆ। ਹੁਣ ਇਨਫੈਨਟਰੀ ਦੇ ਜਵਾਨਾਂ ਦੀ ਵਾਰੀ ਆਈ। ਸਰਾਂ ਨੂੰ ਦਰਬਾਰ ਸਾਹਿਬ ਨਾਲੋਂ ਵੱਖ ਕਰ ਲਿਆ ਗਿਆ ਅਤੇ ਸਰਾਂ ਦੇ ਸਾਹਮਣੇ ਭਿਆਨਕ ਜੰਗ ਹੋਈ। ਅੱਤਵਾਦੀਆਂ ਦੀਆਂ ਮਸ਼ੀਨਗੰਨਾਂ ਵੀ ਚੁਫ਼ੇਰੇ ਤੋਂ ਗੋਲੀ ਵਰ੍ਹਾ ਰਹੀਆਂ ਸਨ ਅਤੇ ਇਸ ਮੋਰਚੇ ’ਤੇ ਕਬਜ਼ਾ ਕਰਨ ਲਈ ਫੌਜ ਨੂੰ ਹੱਥੋਪਾਈ ਤੱਕ ਜਾਣਾ ਪਿਆ। ਇਸਦੇ ਨਾਲ ਹੀ ਹੁਣ ਲੰਗਰ ਨੂੰ ਜਾਣ ਵਾਲੇ ਰਸਤੇ ਅਕਾਲ ਤਖ਼ਤ ਸਾਹਿਬ ਅਤੇ ਅੱਤਵਾਦੀਆਂ ਦੀਆਂ ਹੋਰ ਥਾਵਾਂ ’ਤੇ ਫੌਜ ਵੱਡੀ ਗਿਣਤੀ ਵਿਚ ਭੇਜੀ ਗਈ। ਸੰਗਮਰਮਰ ਦੀ ਬਣੀ ਹੋਈ ਪਰਿਕਰਮਾ ਜਿੱਥੇ ਸ਼ਰਧਾਲੂ ਨੰਗੇ ਪੈਰੀਂ ਚਲਦੇ ਹਨ ਤੇ ਸ਼ਰਧਾ ਵਜੋਂ ਉਸਨੂੰ ਦੁੱਧ ਨਾਲ ਵੀ ਧੋਤਾ ਜਾਂਦਾ ਹੈ, ਫੌਜ ਬੂਟਾਂ ਸਮੇਤ ਦਾਖ਼ਲ ਹੋਈ ਅਤੇ ਭਿਆਨਕ ਕਤਲੋਗਾਰਦ ਬਾਅਦ ਇਹ ਪਰਿਕਰਮਾ ਲਾਸ਼ਾਂ ਦੇ ਢੇਰ ਨਾਲ ਲਹੂ-ਲੁਹਾਣ ਹੋਈ ਪਈ ਸੀ। ਪਰਿਕਰਮਾ ਵਿਚ ਦਾਖ਼ਲ ਹੁੰਦਿਆਂ ਹੀ ਅੰਧਾ-ਧੁੰਦ ਗੋਲੀ ਚਲਾਈ ਗਈ।
ਇਨਫੈਨਟਰੀ ਅਫ਼ਸਰਾਂ ਦੇ ਆਪਣੇ ਕਥਨ ਅਨੁਸਾਰ ਹੀ ਕੋਈ ਇਕ ਇੰਚ ਵੀ ਥਾਂ ਮਸ਼ੀਨਗੰਨ ਦੇ ਫਾਇਰਾਂ ਤੋਂ ਨਹੀਂ ਬਚਿਆ ਅਤੇ ਫੌਜੀ ਅਫ਼ਸਰ ਆਪ ਮੰਨਦੇ ਹਨ ਕਿ ਇਨ੍ਹਾਂ ਲਗਾਤਾਰ ਜਵਾਬੀ ਫਾਇਰ ਕਈ ਵਾਰ ਦੋ ਦੇਸ਼ਾਂ ਦੀ ਜੰਗ ਵਿਚ ਵੀ ਨਹੀਂ ਹੁੰਦਾ। ਇਸ ਸਮੇਂ ਮੌਤਾਂ ਦੇ ਸਥਾਰ ਲੱਥ ਗਏ ਅਤੇ ਫੌਜ ਨੂੰ ਹੋਰ ਗਾਰਡ, ਮਦਰਾਸੀ, ਗੜਵਾਲੀ, ਡੋਗਰਾ ਅਤੇ ਪੰਜਾਬੀ ਯੂਨਿਟਾਂ ਮੰਗਵਾਣੀਆਂ ਪਈਆਂ। ਫੌਜੀ ਅਫ਼ਸਰਾਂ ਮੁਤਾਬਕ ਸੈਂਕੜੇ ਫੌਜੀ ਪਹਿਲੇ ਹੱਲੇ ਵਿਚ ਹੀ ਮਾਰੇ ਗਏ। ਜਿਸਦੇ ਉਪਰੰਤ ਫੌਜ ਬਦਲਾ ਲਊ ਭਾਵਨਾ ਵਿਚ ਆ ਚੁੱਕੀ ਸੀ। ਦਰਬਾਰ ਸਾਹਿਬ ਵਿਚ ਮੌਜੂਦ ਮੁਲਾਜ਼ਮਾਂ, ਰਾਗੀਆਂ, ਯਾਤਰੂਆਂ ਅਤੇ ਬੱਚਿਆਂ ਤੇ ਵਹਿਸ਼ੀਅਨਾਂ ਗੋਲੀਆਂ ਚੱਲ ਰਹੀਆਂ ਸਨ ਤੇ ਉਨ੍ਹਾਂ ਦੀਆਂ ਚੀਕਾਂ ਤੇ ਕੁਰਲਾਹਟਾਂ ਦੀਆਂ ਆਵਾਜ਼ਾਂ ਸ਼ਹਿਰ ਵਿਚ ਸੁਣਾਈ ਦਿੰਦੀਆਂ ਸਨ ਕਿ ਉਨ੍ਹਾਂ ਨੂੰ ਬਚਾਉ, ਰਹਿਮ ਕਰੋ ਪਰ ਇਸ ਭਿਆਨਕ ਰਾਤ ਦੀ ਅੰਧਾ-ਧੁੰਦ ਫਾਇਰਿੰਗ ਵਿਚ ਦੋਸ਼ੀ ਤੇ ਬੇਦੋਸ਼ੇ ਬਰਾਬਰ ਛਲਣੀ ਕੀਤੇ ਜਾ ਰਹੇ ਸਨ। ਦਰਬਾਰ ਸਾਹਿਬ ਦੇ ਨਜ਼ਦੀਕੀ ਖੇਤਰ ਵਿਚ ਤੋਪਾਂ ਦੇ ਗੋਲੇ ਵਸੋਂ ਵਾਲੇ ਘਰਾਂ ਤੇ ਬਾਜ਼ਾਰਾਂ ਵਿਚ ਡਿੱਗ ਰਹੇ ਸਨ। ਮਾਸੂਮ ਕੁਰਲਾਹਟਾਂ ਤੇ ਚੀਕਾਂ ਅਸਮਾਨ ਗੂੰਜਾ ਰਹੀਆਂ ਸਨ ਪਰ ਗੋਲਿਆਂ ਦੀਆਂ ਆਵਾਜ਼ਾਂ ਤੇ ਧੂੰਏਂ ਵਿਚ ਸਭ ਕੁਝ ਗੁੰਮ ਹੋ ਕੇ ਰਹਿ ਗਿਆ। ਫੌਜ ਦੀਆਂ ਗੋਲੀਆਂ ਤੇ ਗੋਲੇ ਅੰਮ੍ਰਿਤਸਰ ਤੋਂ 5 ਕਿਲੋਮੀਟਰ ਦੂਰ ਤੱਕ ਪਿੰਡਾਂ ਵਿਚ ਡਿੱਗੇ। ਮਿਸਾਲ ਦੇ ਤੌਰ ’ਤੇ ਪਿੰਡ ਥਾਂਦੇ ਇਕ ਮਜ਼ਦੂਰ ਦੇ ਬੂਹੇ ਵਿਚ ਇਕ ਬਾਹਰ ਖੜ੍ਹੇ ਟਾਂਗੇ ਵਿਚ ਗੋਲੇ ਲੱਗੇ। ਦਰਬਾਰ ਸਾਹਿਬ ਤੋਂ 2 ਕਿਲੋਮੀਟਰ ਦੂਰ ਤੱਕ ਰਾਣੀ ਕੇ ਬਾਗ ਵਿਖੇ ਇਕ ਵਿਅਕਤੀ ਦੀ ਗੋਲੀ ਲੱਗਣ ਨਾਲ ਮੌਤ ਹੋਈ। ਅੰਮ੍ਰਿਤਸਰ ਤੋਂ 15-20 ਮੀਲ ਦੂਰ ਤੱਕ ਤੋਪਾਂ ਦੇ ਗੋਲਿਆਂ ਦੀ ਧਮਕ ਬੂਹੇ ਬਾਰੀਆਂ ਖੜਕਾ ਰਹੀ ਸੀ। ਇਸ ਭਿਆਨਕ ਰਾਤ ਲੋਕ ਜਾਗਦੇ ਰਹੇ। ਉਨ੍ਹਾਂ ਦੀਆਂ ਅੱਖਾਂ ਅੱਗੇ ਪਾਕਿਸਤਾਨ ਤੇ ਹਿੰਦੁਸਤਾਨ ਦੀ ਜੰਗ ਦੇ ਸਾਕੇ ਘੰਮ ਰਹੇ ਸਨ। ਧੜਕਦੇ ਦਿਲ ਇਕ-ਦੂਸਰੇ ਤੋਂ ਇਹ ਹੀ ਪੁੱਛ ਕੇ ਚੁੱਪ ਵੱਟ ਜਾਂਦੇ ਕਿ ਕੀ ਅੱਜ ਅੰਮ੍ਰਿਤਸਰ ਤਬਾਹ ਹੋ ਜਾਵੇਗਾ।
ਇਸ ਸਮੇਂ ਸਰਾਂ ਵਾਲੇ ਪਾਸੇ ਤੋਂ ਟੈਂਕ ਤੇ ਬਖ਼ਤਰਬੰਦ ਗੱਡੀਆਂ ਪਰਿਕਰਮਾ ਵਿਚ ਦਾਖ਼ਲ ਕੀਤੀਆਂ, ਜਿਨ੍ਹਾਂ ਦੀਆਂ ਮਸ਼ੀਨਗੰਨਾਂ ਅੰਧਾ-ਧੁੰਦ ਫਾਇਰਿੰਗ ਕਰ ਰਹੀਆਂ ਸਨ ਤੇ ਫੌਜੀ ਜੁਆਨ ਉਨ੍ਹਾਂ ਦੇ ਪਿੱਛੇ ਅੱਗੇ ਵਧ ਰਹੇ ਸਨ। ਇਸ ਸਮੇਂ ਦੋਹਾਂ ਧਿਰਾਂ ਦਾ ਭਾਰੀ ਜਾਨੀ ਨੁਕਸਾਨ ਹੋਇਆ ਪਰ ਫੌਜ ਅਜੇ ਤੱਕ ਵੀ ਮੋਰਚਿਆਂ ’ਤੇ ਕਬਜ਼ਾ ਨਹੀਂ ਸੀ ਕਰ ਸਕੀ। ਗੁਰੂ ਰਾਮਦਾਸ ਲੰਗਰ ਦੀ ਬਿਲਡਿੰਗ ਤੇ ਤੋਪਾਂ ਦੀ ਭਾਰੀ ਗੋਲਾਬਾਰੀ ਕਰਕੇ ਅਤੇ ਫੌਜੀਆਂ ਨੇ ਗਰਨੇਡਾਂ ਦੀ ਵਰਤੋਂ ਕਰਕੇ ਲੰਗਰ ਦੇ ਮੋਰਚੇ ’ਤੇ ਕਬਜ਼ਾ ਕਰ ਲਿਆ ਅਤੇ ਛੱਤ ’ਤੇ ਚੜ੍ਹਨ ਤੋਂ ਬਾਅਦ ਫੌਜੀ ਇਕ ਛੱਤ ਤੋਂ ਬਾਅਦ ਦੂਸਰੀ ’ਤੇ ਕਬਜ਼ਾ ਕਰੀ ਗਏ ਅਤੇ ਦਿਨ ਦੇ ਚੜ੍ਹਾਅ ਤੱਕ ਅਕਾਲ ਤਖ਼ਤ ਤੇ ਦਰਬਾਰ ਸਾਹਿਬ ਦੀ ਮੁੱਖ ਇਮਾਰਤ ਹਰਿਮੰਦਰ ਸਾਹਿਬ ਤੋਂ ਬਗੈਰ ਸਭ ਥਾਵਾਂ ’ਤੇ ਫੌਜ ਦਾ ਕਬਜ਼ਾ ਸੀ।

6 ਜੂਨ 1984
ਇਸ ਦਿਨ ਦਰਬਾਰ ਸਾਹਿਬ ਵਿਚ ਸੂਰਜ ਦੀਆਂ ਕਿਰਨਾਂ ਪੈਣ ਤੱਕ ਪਰਿਕਰਮਾ ਇਕ ਵੱਡੀ ਕਤਲਗਾਹ ਵਿਖਾਈ ਦਿੰਦੀ ਸੀ। ਦੁੱਧ ਚਿੱਟੀ ਚਮਕਦੀ ਇਹ ਪਰਿਕਰਮਾ ਦੀ ਸ਼ਾਇਦ ਕੋਈ ਹੀ ਸਿੱਲ੍ਹ ਸੀ, ਜੋ ਲਾਸ਼ ਤੋਂ ਖਾਲੀ ਹੋਵੇ। ਦੁਪਹਿਰ ਤੋਂ ਬਾਅਦ ਕਰਫਿਊ ਵਿਚ ਦੋ ਘੰਟੇ ਦੀ ਢਿੱਲ ਦਿੱਤੀ ਗਈ। ਤਿੰਨ ਤਰੀਕ ਤੋਂ ਲਗਾਤਾਰ ਲੱਗੇ ਇਸ ਕਰਫਿਊ ਨੇ ਸ਼ਹਿਰਾਂ ਤੇ ਪਿੰਡਾਂ ਦਾ ਜਨ-ਜੀਵਨ ਇਸ ਤਰ੍ਹਾਂ ਠੱਪ ਕੀਤਾ ਸੀ, ਜਿਵੇਂ ਸਭ ਪੰਜਾਬੀ ਕਿਸੇ ਵੱਡੀ ਜੇਲ੍ਹ ਵਿਚ ਤਾੜੇ ਹੋਣ, ਮੁਸ਼ਕਿਲਾਂ ਤਾਂ ਪਿੰਡਾਂ ਦੇ ਲੋਕਾਂ ਨੂੰ ਵੀ ਬਹੁਤ ਆਈਆਂ ਪ੍ਰੰਤੂ ਸ਼ਹਿਰਾਂ ਵਿਚ ਜਿੱਥੇ ਬਿਮਾਰ ਨੂੰ ਹਸਪਤਾਲ ਨਹੀਂ ਸੀ ਲਿਜਾਇਆ ਜਾ ਸਕਦਾ, ਮਰੇ ਨੂੰ ਸਮਸ਼ਾਨਘਾਟ ਨਹੀਂ ਸੀ ਲਿਜਾਇਆ ਜਾ ਸਕਦਾ। ਹਰ ਘਰ ਦੂਸਰੇ ਲਈ ਇਕ ਵੱਖਰੇ ਦੇਸ਼ ਸੀ। ਨਿੱਤ ਕਮਾ ਕੇ ਖਾਣ ਵਾਲੇ ਲੋਕ ਰੋਟੀ ਲਈ ਤਰਸੇ, ਬੱਚੇ ਇਕ ਚਮਚ ਦੁੱਧ ਲਈ ਵਿਲਕੇ, ਪਸ਼ੂ ਚਾਰੇ ਖੁਣੋਂ ਮਰ ਗਏ ਤੇ ਰਹਿੰਦੇ ਲੋਕਾਂ ਨੇ ਅਵਾਰਾ ਕਰ ਦਿੱਤੇ। ਗਰੀਬ ਵਿਅਕਤੀ ਭੁੱਖ ਨਾਲ ਦਮ ਤੋੜ ਗਏ।
ਅਕਾਲ ਤਖ਼ਤ ’ਤੇ ਕਬਜ਼ੇ ਲਈ ਜਦੋਂ ਪਰਿਕਰਮਾ ’ਚੋਂ ਟੈਂਕਾਂ ਨੇ ਸਿੱਧੇ ਫਾਇਰ ਕੀਤੇ ਤਾਂ ਜਵਾਬ ਵਿਚ ਐਂਟੀ ਟੈਂਕ ਮਿਜ਼ਾਇਲ ਦੀ ਵਰਤੋਂ ਕੀਤੀ ਗਈ, ਜਿਸਦੇ ਫਲਸਰੂਪ ਇਕ ਟੈਂਕ ਹਿੱਟ ਹੋਇਆ। ਫੌਜਾਂ ਨੇ ਗੋਲਾਬਾਰੀ ਬੰਦ ਕਰਕੇ ਰਾਤ ਦੇ ਹਨ੍ਹੇਰੇ ਨੂੰ ਉਡੀਕਣਾ ਸ਼ੁਰੂ ਕੀਤਾ। ਸ਼ਾਮ ਤੱਕ ਅਕਾਲ ਤਖ਼ਤ ਨੂੰ ਤੋਪਾਂ ਨਾਲ ਢਾਹ ਕੇ ਕਬਜ਼ਾ ਕਰਨ ਦੀ ਯੋਜਨਾ ਬਣ ਚੁੱਕੀ ਸੀ ਅਤੇ ਇਸ ਰਾਤ ਵੀ ਅੰਮ੍ਰਿਤਸਰ ਦੇ ਸ਼ਹਿਰੀ ਤੋਪਾਂ ਦੇ ਖੜਾਕ ਦੇ ਸਾਏ ਵਿਚ ਦੀ ਗੁਜ਼ਰੇ। ਟੈਂਕਾਂ ਅਤੇ ਤੋਪਾਂ ਦੇ ਗੋਲਿਆਂ ਅੱਗੇ ਅਕਾਲ ਤਖ਼ਤ ਦੀ ਬਿਲਡਿੰਗ ਕਦ ਤੱਕ ਟਿਕ ਸਕਦੀ ਸੀ। ਉਹ ਇਕ ਖੰਡਰ ਦਾ ਰੂਪ ਬਣ ਕੇ ਰਹਿ ਗਈ।
ਰਾਤ ਦੇ ਇਸ ਹਨ੍ਹੇਰੇ ਵਿਚ ਕੀ ਵਾਪਰਿਆ, ਇਨ੍ਹਾਂ ਤੱਥਾਂ ਦਾ ਸੱਚ ਸਾਬਤ ਕਰਨਾ ਮੁਸ਼ਕਿਲ ਹੈ ਪ੍ਰੰਤੂ ਸਭ ਕੁਝ ਵੇਖਣ ਤੋਂ ਬਾਅਦ ਇਹ ਹੀ ਸਪੱਸ਼ਟ ਹੁੰਦਾ ਹੈ ਕਿ ਭਿੰਡਰਾਂਵਾਲਾ, ਮੇਜਰ ਜਨਰਲ ਸੁਬੇਗ ਸਿੰਘ ਤੇ ਭਾਈ ਅਮਰੀਕ ਸਿੰਘ, ਜਿਨ੍ਹਾਂ ਨੇ ਅਕਾਲ ਤਖ਼ਤ ਦੇ ਤਹਿਖ਼ਾਨੇ ’ਚੋਂ ਬਣਾਏ ਮੋਰਚੇ ਰਾਹੀਂ ਆਖ਼ਰੀ ਜੰਗ ਲੜਨ ਦਾ ਫੈਸਲਾ ਕੀਤਾ ਸੀ, ਭਾਵੇਂਕਿ ਉਨ੍ਹਾਂ ਦੇ ਸਹਿਯੋਗੀ ਭਾਰੀ ਗਿਣਤੀ ਵਿਚ ਮਾਰੇ ਜਾ ਚੁੱਕੇ ਸਨ। ਜਦੋਂ ਫੌਜੀਆਂ ਨੇ ਇਸ ਮੋਰਚੇ ਵਿਚ ਗਰਨੇਡ ਸੁੱਟਿਆ ਅਤੇ ਮਸ਼ੀਨਗੰਨ ’ਤੇ ਕਬਜ਼ਾ ਕਰ ਲਿਆ। ਉਸ ਗਰਨੇਡ ਦੇ ਟੁਕੜੇ ਹੀ ਭਿੰਡਰਾਂਵਾਲੇ ਦੇ ਲੱਗੇ ਤੇ ਜਦੋਂ ਉਹ ਆਪਣੀ ਥਾਂ ਬਦਲਣ ਦੀ ਕੋਸ਼ਿਸ਼ ਕਰਨ ਲੱਗਾ ਤਾਂ ਸਟੇਨਗੰਨ ਦਾ ਪੂਰਾ ਬਰਸ਼ਟ ਹੀ ਉਸਦੇ ਲੱਗ ਗਿਆ ਅਤੇ ਇਸ ਗੋਲਾਬਾਰੀ ਵਿਚ ਹੀ ਉਸਦੇ ਦੋਵੇਂ ਸਾਥੀ ਮਾਰੇ ਗਏ। ਇਨ੍ਹਾਂ ਦੀ ਮੌਤ ਕਿੰਝ ਹੋਈ, ਇਸਤੋਂ ਬਗੈਰ ਕਈ ਹੋਰ ਕਹਾਣੀਆਂ ਵੀ ਚਰਚਾ ਦਾ ਵਿਸ਼ਾ ਹਨ।

7 ਜੂਨ 1984
22 ਆਦਮੀ, ਜਿਨ੍ਹਾਂ ਨੇ ਹਰਿਮੰਦਰ ਸਾਹਿਬ ਵਿਚ ਆਪਣੇ ਆਪ ਜਾਨ ਬਚਾਉਣ ਲਈ ਸ਼ਰਨ ਲਈ ਸੀ। ਇਨ੍ਹਾਂ ਨੇ ਵੀ ਆਪਣੇ ਆਪ ਨੂੰ ਹੱਥ ਖੜ੍ਹੇ ਕਰਕੇ ਫੌਜ ਦੇ ਹਵਾਲੇ ਕਰ ਦਿੱਤਾ।

ਪਿੰਡਾਂ ਵਿਚ ਫੌਜੀ ਦਮਨ ਚੱਕਰ
ਫੌਜੀ ਸੈਨਿਕਾਂ ਤੇ ਅਰਧ ਫੌਜੀ ਸੈਨਿਕਾਂ ਨੇ ਪੰਜਾਬ ਦੇ ਪਿੰਡਾਂ ਵਿਚ ਜੋ ਮੁਕੰਮਲ ਨਾਕਾਬੰਦੀ ਕੀਤੀ ਹੋਈ ਸੀ, ਉਸ ਪ੍ਰਤੀ ਉਨ੍ਹਾਂ ਨੇ ਨਵੇਂ ਦਾਅ-ਪੇਚ ਘੜ ਲਏ। ਸੜਕਾਂ ’ਤੇ ਤਾਇਨਾਤ ਫੌਜੀ ਜਦ ਕਦੀ ਕਿਸੇ ਨੂੰ ਸਾਈਕਲ ਉੱਪਰ ਆਉਂਦਾ ਦੇਖਦੇ ਤਾਂ ਉਸਨੂੰ ਰੋਕ ਲੈਂਦੇ ਅਤੇ ਸਾਈਕਲ ਉਸਦੇ ਗਲ ਵਿਚ ਪਵਾ ਕੇ ਉਸਨੂੰ ਇਕ ਕਿਲੋਮੀਟਰ ਤੀਕਰ ਪੈਦਲ ਚਲਾਉਂਦੇ। ਕਈ ਥਾਵਾਂ ਉੱਪਰ ਕੁਝ ਫਿਰਕੂ ਸੋਚ ਦੇ ਧਾਰਨੀ ਸੀ.ਆਰ.ਪੀ.ਐਫ. ਦੇ ਸਿਪਾਹੀਆਂ ਨੇ ਇਸ ਕਰਕੇ ਲੋਕਾਂ ਨੂੰ ਬੇਇੱਜ਼ਤ ਕੀਤਾ, ਕਿਉਂਕਿ ਜੋ ਉਹ ਸਿੱਖੀ ਸ਼ਕਲ ਦੇ ਪਹਿਰਾਵੇ ਵਾਲੇ ਲੋਕ ਸਨ। ਹਰ ਕਿਸਮ ਦੇ ਪੜ੍ਹੇ-ਲਿਖੇ ਲੋਕਾਂ ਨਾਲ ਦੁਰ-ਵਿਹਾਰ ਕੀਤਾ ਜਾਂਦਾ ਰਿਹਾ। ਇਸ ਦਮਨ ਚੱਕਰ ਦੌਰਾਨ ਲੋਕਾਂ ਨੂੰ ਉਨ੍ਹਾਂ ਦੇ ਖੇਤਾਂ ਤੋਂ ਵੀ ਕੱਟ ਕੇ ਰੱਖਿਆ ਗਿਆ। ਖੇਤਾਂ ਵਿਚ ਜਾਣ ਵਾਲੇ ਟਰੈਕਟਰਾਂ ਦੇ ਟਾਇਰ ਪਾੜੇ ਗਏ ਅਤੇ ਕਿਸਾਨਾਂ ਨੂੰ ਬੇਇੱਜ਼ਤ ਕੀਤਾ ਗਿਆ। ਕੁਝ ਥਾਵਾਂ ’ਤੇ ਜਿੱਥੇ ਕਿਸੇ ਕਿਸਾਨ ਨੇ ਖੇਤਾਂ ਵਿਚ ਜਾਣ ਲਈ ਜ਼ਿੱਦ ਕੀਤੀ, ਗੋਲੀ ਨਾਲ ਉਡਾ ਦਿੱਤਾ ਗਿਆ। ਪਾਕਿ ਸਰਹੱਦ ਨਾਲ ਲਾਗਲੇ 5 ਕਿਲੋਮੀਟਰ ਦੇ ਪਿੰਡਾਂ ਵਿਚ ਲੋਕਾਂ ਨਾਲ ਵਿਦੇਸ਼ੀਆਂ ਵਾਲਾ ਵਰਤਾਉ ਕੀਤਾ। ਅਜੇ ਤੱਕ ਵੀ ਏਥੇ ਰਾਤ ਸਮੇਂ ਕਿਸਾਨਾਂ ਨੂੰ ਖੇਤਾਂ ਵਿਚ ਜਾਣ ਦੀ ਇਜਾਜ਼ਤ ਨਹੀਂ ਹੈ। ਪਿੰਡਾਂ ਨੂੰ ਘੇਰੇ ਪਾ ਕੇ ਪਿੰਡਾਂ ਨੂੰ ਖਾਲੀ ਕਰਵਾਇਆ ਗਿਆ। ਘਰਾਂ ’ਚੋਂ ਦੇਰ ਨਾਲ ਨਿਕਲਣ ਵਾਲੇ ਲੋਕਾਂ ਨੂੰ ਫੌਜੀ ਬੱਟ ਮਾਰਦੇ। ਪਿੰਡਾਂ ਵਿਚ ਦਹਿਸ਼ਤ ਪਾਉਣ ਲਈ ਟੈਂਕ ਅਤੇ ਬਖ਼ਤਰਬੰਦ ਗੱਡੀਆਂ ਤੇ ਮਸ਼ੀਨਗੰਨਾਂ ਨੂੰ ਪਿੰਡਾਂ ਵੱਲ ਨੂੰ ਸੇਧਿਤ ਕੀਤਾ ਜਾਂਦਾ ਰਿਹਾ। ਹਰ ਘਰ ਦੀ ਤਲਾਸ਼ੀ ਲਈ ਜਾਂਦੀ ਰਹੀ। ਫੌਜ ਤੇ ਸੀ.ਆਰ.ਪੀ.ਐਫ. ਨੇ ਕੁਝ ਥਾਵਾਂ ’ਤੇ ਕੁਝ ਲੋਕਾਂ ਨੂੰ ਇਸ ਕਰਕੇ ਪ੍ਰੇਸ਼ਾਨ ਕੀਤਾ ਗਿਆ, ਕਿਉਂ ਜੋ ਉਨ੍ਹਾਂ ਦੇ ਸਿਰਾਂ ’ਤੇ ਪੀਲੇ ਪਰਨੇ, ਕਾਲੀਆਂ ਜਾਂ ਨੀਲੀਆਂ ਪੱਗਾਂ ਬੰਨ੍ਹੀਆਂ ਹੋਈਆਂ ਸਨ। ਫੌਜ ਵਿਚਲੇ ਫਿਰਕੂ ਅਨਸਰਾਂ ਨੇ ਸਥਿਤੀ ਦਾ ਪੂਰਾ ਫ਼ਾਇਦਾ ਉਠਾਇਆ ਅਤੇ ਬਦਲਾ-ਲਊ ਭਾਵਨਾ ਨਾਲ ਵੀ ਕਾਰਵਾਈ ਕੀਤੀ। ਕਈ ਲੋਕਾਂ ਨੂੰ ਸ਼ੱਕ ਦੀ ਬਨਾਅ ’ਤੇ ਪਿੰਡਾਂ ’ਚੋਂ ਗ੍ਰਿਫ਼ਤਾਰ ਕਰਕੇ ਮਾਰਿਆ ਗਿਆ।

ਜਿਉਂਦੇ ਆਦਮੀ ਪੋਸਟਮਾਰਟਮ ਲਈ ਡਾਕਟਰਾਂ ਹਵਾਲੇ
ਜਦੋਂ ਫੌਜ ਦਰਬਾਰ ਸਾਹਿਬ ਕੰਪਲੈਕਸ ’ਚੋਂ ਲਾਸ਼ਾਂ ਨੂੰ ਕੱਢ ਕੇ ਲਿਆ ਰਹੀ ਸੀ ਤੇ ਉਨ੍ਹਾਂ ਨੂੰ ਇਹ ਵੀ ਫ਼ੁਰਸਤ ਨਹੀਂ ਸੀ ਕਿ ਦੇਖ ਸਕੇ ਕਿ ਜ਼ਖ਼ਮੀ ਹੋਏ ਵਿਅਕਤੀ ਪੂਰਨ ਰੂਪ ’ਚ ਮਰ ਚੁੱਕੇ ਹਨ ਜਾਂ ਉਨ੍ਹਾਂ ਵਿਚ ਕੋਈ ਸਾਹ-ਸਤ ਬਾਕੀ ਹੈ। ਬੜੀ ਅਜੀਬ ਗੱਲ ਹੈ ਕਿ ਬਹੁਤ ਸਾਰੇ ਸਹਿਕਦੇ ਤੇ ਜਿਉਂਦੇ ਫੱਟੜਾਂ ਨੂੰ ਪੋਸਟਮਾਰਟਮ ਲਈ ਡਾਕਟਰਾਂ ਦੇ ਹਵਾਲੇ ਕੀਤਾ ਗਿਆ। ਡਾਕਟਰਾਂ ਦੇ ਕਥਨ ਮੁਤਾਬਿਕ ਬਹੁਤ ਸਾਰੇ ਜ਼ਖ਼ਮੀ ਵਿਅਕਤੀ ਜੋ ਜਿਉਂਦੇ ਹੀ ਪੋਸਟਮਾਰਟਮ ਲਈ ਲਿਆਂਦੇ ਗਏ ਸਨ, ਫੌਜ ਨੂੰ ਵਾਪਿਸ ਕੀਤੇ ਗਏ। 8 ਜੂਨ ਤੱਕ ਲਾਸ਼ਾਂ ਡਿੱਗੇ ਡੱਠੇ ਮਲਬਿਆਂ ਦੇ ਥੱਲਿਉਂ ਮਿਲਦੀਆਂ ਰਹੀਆਂ। ਜਿਸਨੂੰ ਪੰਜਾਬ ਹੋਮਗਾਰਡਜ਼ ਤੇ ਮਿਉਂਸਪਲ ਕਾਰਪੋਰੇਸ਼ਨ ਦੇ ਮਜ਼ਦੂਰ ਟਰੈਕਟਰਾਂ-ਟਰਾਲੀਆਂ ’ਤੇ (ਜੋ ਨਗਰ ਨਿਗਮ ਗੰਦ ਢੋਣ ਲਈ ਵਰਤਦੀਆਂ ਹਨ) ਦੁਆਰਾ ਕੱਢ ਕੇ ਢੋਂਦੇ ਰਹੇ। 4 ਜੁਲਾਈ ਤੱਕ ਹਰਿਮੰਦਰ ਸਾਹਿਬ ਦੇ ਤਲਾਅ ’ਤੇ ਫ਼ਿਜ਼ਾ ’ਚੋਂ ਲਾਸ਼ਾਂ ਦੀ ਬੋਅ ਆਉਂਦੀ ਸੀ, ਜੋ ਕਿ ‘ਹਿਰਾਵਲ ਦਸਤਾ ਉੱਥੇ ਪਹੁੰਚੀ ਟੀਮ ਨੇ ਮਹਿਸੂਸ ਕੀਤੀ।

Leave a Reply

Your email address will not be published. Required fields are marked *