ਘਰੇਲੂ ਹਿੰਸਾ ਤੇ ਜੌਨ ਸ਼ੋਸ਼ਣ ਤੋਂ ਪੀੜ੍ਹਤ ਔਰਤਾਂ ਲਈ ਵੱਡਾ ਸਹਾਰਾ ਬਣਿਆ ‘ਸਖੀ ਵਨ ਸਟਾਪ ਸੈਂਟਰ’ ਗੁਰਦਾਸਪੁਰ

ਗੁਰਦਾਸਪੁਰ

ਘਰੇਲੂ ਹਿੰਸਾ ਕੁੱਟਮਾਰ, ਦਾਜ ਦਹੇਜ, ਜਬਰ ਜਨਾਹ, ਛੇੜ ਛਾੜ, ਦੁਰਵਿਹਾਰ, ਧੋਖਾਧੜੀ ਆਦਿ ਮਾਮਲਿਆਂ ਤੋਂ ਪੀੜ੍ਹਤ ਔਰਤਾਂ ‘ਸਖੀ ਵਨ ਸਟਾਪ ਸੈਂਟਰ’ ਨਾਲ ਕਰਨ ਸੰਪਰਕ – ਏ.ਡੀ.ਸੀ.

ਗੁਰਦਾਸਪੁਰ, 24 ਅਗਸਤ (ਸਰਬਜੀਤ ਸਿੰਘ) – ਘਰੇਲੂ ਹਿੰਸਾ ਤੋਂ ਪ੍ਰਭਾਵਿਤ ਔਰਤਾਂ ਨੂੰ ਇਨਸਾਫ਼ ਦਿਵਾਉਣ ਲਈ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਸਿਵਲ ਹਸਪਤਾਲ ਗੁਰਦਾਸਪੁਰ ਜੀਵਨਵਾਲ ਬੱਬਰੀ ਵਿਖੇ ਚਲਾਇਆ ਜਾ ਰਿਹਾ ‘ਸਖੀ ਵਨ ਸਟਾਪ ਸੈਂਟਰ’ ਵੱਡਾ ਸਹਾਰਾ ਸਾਬਤ ਹੋਇਆ ਹੈ। ਇਸ ਸੈਂਟਰ ਵੱਲੋਂ ਕਿਸੇ ਵੀ ਪ੍ਰਕਾਰ ਦੀ ਪਰਿਵਾਰਿਕ ਜਾਂ ਬਾਹਰੀ ਹਿੰਸਾ ਜਿਵੇਂ ਕਿ ਸ਼ਰੀਰਕ, ਮਾਨਸਿਕ, ਆਰਥਿਕ, ਯੋਨ ਸ਼ੋਸ਼ਣ, ਕੁੱਟਮਾਰ, ਦਾਜ ਦਹੇਜ, ਜਬਰ-ਜਨਾਹ, ਛੇੜ-ਛਾੜ ਦੁਰਵਿਵਹਾਰ, ਧੋਖਾਧੜੀ ਤੋਂ ਪੀੜਤ ਕਿਸੇ ਵੀ ਉਮਰ ਦੀਆਂ ਔਰਤਾਂ ਅਤੇ 18 ਸਾਲ ਤੱਕ ਦੀਆਂ ਬੱਚੀਆਂ ਨੂੰ ਮੈਡੀਕਲ ਸਹਾਇਤਾ, ਕਾਨੂੰਨੀ ਸਹਾਇਤਾ, ਪੁਲਿਸ ਸਹਾਇਤਾ, ਮਨੋਵਿਗਿਆਨੀ ਕਾਊਂਸਲਿੰਗ ਅਤੇ ਜ਼ਰੂਰਤ ਪੈਣ ਤੇ ਆਸਰਾ ਸਮੇਤ ਮੁਫ਼ਤ ਖਾਣਾ ਇਕ ਛੱਤ ਹੇਠਾਂ ਦਿੱਤੀਆਂ ਜਾਂਦੀਆਂ ਹਨ।

ਸਖੀ ਵਨ ਸਟਾਪ ਸੈਂਟਰ ਗੁਰਦਾਸਪੁਰ ਬਾਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਨਿਧੀ ਕੁਮੁਦ ਬਾਮਬਾ ਨੇ ਦੱਸਿਆ ਕਿ ਸਖੀ ਵਨ ਸਟਾਪ ਸੈਂਟਰ ਵਿੱਚ ਉਪਰੋਕਤ ਤੋਂ ਇਲਾਵਾ ਆਨਰ ਕਿਲਿੰਗ, ਤੇਜ਼ਾਬੀ ਹਮਲੇ ਤੋਂ ਪੀੜਤ, ਮਨੁੱਖੀ ਤਸਕਰੀ ਨਾਲ ਸਬੰਧਤ ਜਾਂ ਆਪਣੀ ਮਰਜੀ ਨਾਲ ਵਿਆਹ ਕਰਵਾਉਣ ਵਾਲੇ ਜੋੜੇ ਵੀ ਸਹਾਇਤਾ ਲਈ ਸਖ਼ੀ ਵਨ ਸਟਾਪ ਸੈਂਟਰ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪੀੜਤ ਔਰਤਾਂ ਅਤੇ ਬੱਚੇ ਆਪਣੀ ਸਹਾਇਤਾ ਲਈ 181 ਅਤੇ 1098 ’ਤੇ ਵੀ ਸੰਪਰਕ ਕਰ ਸਕਦੇ ਹਨ। ਇਸ ਤੋ ਇਲਾਵਾ ਜੁਵੀਨਾਈਲ ਜਸਟਿਸ ਐਕਟ ਤਹਿਤ ਵੀ 18 ਸਾਲ ਤੱਕ ਦੀਆ ਬੱਚੀਆਂ ਜੇਕਰ ਯੋਨ ਸੋਸਣ ਦਾ ਸ਼ਿਕਾਰ ਹੋ ਰਹੀਆਂ ਹਨ ਤਾਂ ਉਹ ਇਸ ਸੈਂਟਰ ਨਾਲ ਸੰਪਰਕ ਕਰ ਸਕਦੀਆਂ ਹਨ। ਸੈਂਟਰ ਵੱਲੋਂ ਉਨ੍ਹਾਂ ਦੀ ਸੂਚਨਾਂ ਬਿਲਕੁੱਲ ਗੁੱਪਤ ਰੱਖੀ ਜਾਂਦੀ ਹੈ।

ਡਾ. ਨਿਧੀ ਕੁਮੁਦ ਬਾਮਬਾ ਨੇ ਦੱਸਿਆ ਕਿ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਨੂੰ ਸਖੀ ਵਨ ਸਟਾਪ ਸੈਂਟਰ ਗੁਰਦਾਸਪੁਰ ਵਿੱਚ ਹੁਣ ਤੱਕ 735 ਕੇਸ ਵੱਖ-ਵੱਖ ਸਮੱਸਿਆ ਨਾਲ ਸਬੰਧਿਤ ਪ੍ਰਾਪਤ ਹੋਏ ਹਨ, ਜਿਨਾਂ ਵਿੱਚੋ 34 ਕੇਸਾਂ ਨੂੰ ਮੁਫਤ ਕਾਨੂੰਨੀ ਸਹਾਇਤਾ, 145 ਨੂੰ ਪੁਲਿਸ ਮਦਦ ਮੁਹੱਈਆ ਕਰਵਾ ਕੇ ਅਤੇ 113 ਕੇਸਾਂ ਨੂੰ ਅਸਥਾਈ ਆਸਰਾ ਦੇ ਕੇ ਸੁਲਝਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨਾਂ ਕੇਸਾਂ ਵਿੱਚ ਵਧੇਰੇ ਕਰਕੇ ਰਿਸ਼ਤਿਆ ਵਿੱਚ ਆਈ ਆਪਸੀ ਮਨ ਮੁਟਾਵ ਨਾਲ ਸਬੰਧਿਤ ਸਨ ਜਦਕਿ 93 ਕੇਸ ਬਲਾਤਕਾਰ ਅਤੇ 8 ਕੇਸ ਦਹੇਜ ਨਾਲ ਸਬੰਧਿਤ ਸਨ।

ਵਧੀਕ ਡਿਪਟੀ ਕਮਿਸ਼ਨਰ ਡਾ. ਬਾਮਬਾ ਨੇ ਦੱਸਿਆ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਕਾਨੂੰਨੀ ਸਹਾਇਤਾ ਲਈ ਵਕੀਲਾਂ ਦਾ ਖਾਸ ਪ੍ਰਬੰਧ ਹੈ ਅਤੇ ਪੁਲਿਸ ਵਿਭਾਗ ਵੱਲੋਂ ਇੱਕ ਪੁਲਿਸ ਸਹਾਇਕ ਅਫਸਰ ਦਾ ਸਖੀ ਵਨ ਸਟਾਪ ਸੈਂਟਰ, ਗੁਰਦਾਸਪੁਰ ਨਾਲ ਲਗਾਤਾਰ ਰਾਬਤਾ ਹੈ ਤਾਂ ਜੋ ਪੀੜ੍ਹਤ ਨੂੰ ਤੁਰੰਤ ਸਹਾਇਤਾ ਦਿੱਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਸਖੀ ਵਨ ਸਟਾਪ ਸੈਂਟਰ ਦੀ ਇਮਾਰਤ ਸਿਵਲ ਹਸਪਤਾਲ, ਗੁਰਦਾਸਪੁਰ (ਜੀਵਨਵਾਲ ਬੱਬਰੀ) ਦੇ ਵਿੱਚ ਬਣਾਈ ਗਈ ਹੈ, ਤਾਂ ਜੋ ਕਿਸੇ ਵੀ ਪੀੜਤ ਨੂੰ ਕਿਸੇ ਵੀ ਤਰ੍ਹਾ ਦੀ ਮੈਡੀਕਲ ਸਹਾਇਤਾ ਲਈ ਕੋਈ ਸਮੱਸਿਆ ਨਾ ਆਵੇ। ਉਨ੍ਹਾਂ ਕਿਹਾ ਕਿ ਪੀੜ੍ਹਤ ਔਰਤਾਂ ਦੀ ਸਹਾਇਤਾ ਲਈ ਸਖੀ ਵਨ ਸਟਾਪ ਸੈਂਟਰ ਗੁਰਦਾਸਪੁਰ ਦਾ ਟੈਲੀਫੋਨ ਨੰਬਰ 01874-240165 ਦਿਨ ਰਾਤ ਚਾਲੂ ਹੈ ਅਤੇ ਇਸ ਤੋਂ ਇਲਾਵਾ 181 ਜਾਂ 1098 ਨੰਬਰ ’ਤੇ ਵੀ ਹਿੰਸਾ ਸਬੰਧੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ।

Leave a Reply

Your email address will not be published. Required fields are marked *