ਗੁਰਦਾਸਪੁਰ, 24 ਅਗਸਤ (ਸਰਬਜੀਤ ਸਿੰਘ) – ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਜ਼ਿਲ੍ਹਾ ਚੋਣ ਦਫ਼ਤਰ ਗੁਰਦਾਸਪੁਰ ਵੱਲੋਂ ਵੋਟਰ ਸੂਚੀਆਂ ਵਿਸ਼ੇਸ਼ ਸਮਰੀ ਰਵੀਜਨ ਪ੍ਰੋਗਰਾਮ ਤਹਿਤ ਅਧਾਰ ਕਾਰਡ ਨੂੰ ਵੋਟਰ ਕਾਰਡ ਨਾਲ ਲਿੰਕ ਕਰਨ ਸਬੰਧੀ ਵਿਸ਼ੇਸ਼ ਕੈਂਪ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਜ਼ਿਲ੍ਹਾ ਚੋਣ ਅਧਿਕਾਰੀ ਗੁਰਦਾਸਪੁਰ ਡਾ. ਨਿਧੀ ਕੁਮੁਦ ਬਾਮਬਾ ਨੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਸਵੈ ਇੱਛਤ ਅਧਾਰ ’ਤੇ ਰਜਿਸਟਰਡ ਵੋਟਰਾਂ ਦੇ ਅਧਾਰ ਨੰਬਰ ਇਕੱਤਰ ਕਰਨ ਦਾ ਕੰਮ ਮਿਤੀ 1 ਅਗਸਤ 2022 ਤੋਂ ਚੱਲ ਰਿਹਾ ਹੈ ਅਤੇ ਅਧਾਰ ਨੰਬਰ ਕੁਲੈਕਸ਼ਨ ਦੇ ਟੀਚੇ ਨੂੰ ਨਿਰਧਾਰਤ ਸਮੇਂ ਅੰਦਰ ਪੂਰਾ ਕੀਤਾ ਜਾਣਾ ਹੈ। ਇਸ ਲਈ ਜ਼ਿਲ੍ਹਾ ਗੁਰਦਾਸਪੁਰ ਵਿੱਚ ਉਕਤ ਕੰਮ ਵਿੱਚ ਤੇਜ਼ੀ ਲਿਆਉਣ ਲਈ ਮਿਤੀ 24 ਅਗਸਤ 2022 (ਬੁੱਧਵਾਰ), 27 ਅਗਸਤ 2022 ਦਿਨ ਸ਼ਨੀਵਾਰ, 28 ਅਗਸਤ 2022 (ਐਤਵਾਰ) 3 ਦਿਨ ਸਵੇਰੇ 10:00 ਵਜੇ ਤੋਂ ਸ਼ਾਮ 5:00 ਵਜੇ ਤੱਕ ਜ਼ਿਲ੍ਹੇ ਦੇ ਸਮੂਹ ਪੋਲਿੰਗ ਸਟੇਸ਼ਨਾਂ ’ਤੇ ਸਪੈਸ਼ਲ ਕੈਂਪ ਲਗਾਏ ਜਾਣਗੇ।
ਵਧੀਕ ਜ਼ਿਲ੍ਹਾ ਚੋਣ ਅਧਿਕਾਰੀ ਨੇ ਕਿਹਾ ਕਿ ਸਮੂਹ ਬੂਥ ਲੈਵਲ ਅਫ਼ਸਰ (ਬੀ.ਐੱ.ਓਜ਼) ਉਪਰੋਕਤ ਮਿਤੀਆਂ ਨੂੰ ਆਪਣੇ ਬੂਥਾਂ ’ਤੇ ਵੋਟਰਾਂ ਦੇ ਅਧਾਰ ਨੰਬਰ ਐਪ ਰਾਹੀਂ ਫੀਡ ਕਰਨਗੇ। ਉਨ੍ਹਾਂ ਕਿਹਾ ਕਿ ਸਮੂਹ ਏ.ਈ.ਆਰ.ਓਜ਼ ਸੁਪਰਵਾਈਜ਼ਰਾਂ ਰਾਹੀਂ ਸਪੈਸ਼ਲ ਕੈਂਪ ਵਿੱਚ ਸਮੂਹ ਬੀ.ਐੱਲ.ਓਜ਼ ਦੀ ਪੋਲਿੰਗ ਸਟੇਸ਼ਨਾਂ ’ਤੇ ਹਾਜ਼ਰੀ ਯਕੀਨੀ ਬਣਾਉਣਗੇ।