ਪਿੰਡ ਕੋਟ ਸੰਤੋਖ ਰਾਏ ਦੇ ਕਿਸਾਨ ਬਲਦੇਵ ਸਿੰਘ ਨਿਮਾਣਾ ਬਣੇ ‘ਬਾਗਬਾਨ’

ਗੁਰਦਾਸਪੁਰ


ਬਲਦੇਵ ਸਿੰਘ ਨਿਮਾਣਾ ਨੇ ਆਪਣੇ ਖੇਤਾਂ ਵਿੱਚ ਨਾਖ, ਆਲੂ-ਬੁਖਾਰਾ, ਅਮਰੂਦ, ਪਪੀਤਾ ਦੇ ਬਾਗ ਲਗਾਏ

ਗੁਰਦਾਸਪੁਰ, 26 ਅਗਸਤ (ਸਰਬਜੀਤ ਸਿੰਘ)– ਪੰਜਾਬ ਸਰਕਾਰ ਵੱਲੋਂ ਬਾਗਬਾਨੀ ਨੂੰ ਉਤਸ਼ਾਹਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਸਦਕਾ ਕਿਸਾਨਾਂ ਵੱਲੋਂ ਕਣਕ-ਝੋਨੇ ਦੇ ਹੇਠੋਂ ਰਕਬਾ ਕੱਢ ਕੇ ਬਾਗਬਾਨੀ ਹੇਠ ਲਿਆਂਦਾ ਜਾ ਰਿਹਾ ਹੈ। ਧਾਰੀਵਾਲ ਦੇ ਨਜ਼ਦੀਕ ਪਿੰਡ ਕੋਟ ਸੰਤੋਖ ਰਾਏ ਦੇ ਕਿਸਾਨ ਬਲਦੇਵ ਸਿੰਘ ਨਿਮਾਣਾ ਨੇ ਹੁਣ ਆਪਣੀ ਪੂਰੀ ਖੇਤੀ ਹੀ ਬਾਗਬਾਨੀ ਨੂੰ ਸਮਰਪਿਤ ਕਰਦੇ ਹੋਏ ਆਪਣੇ ਖੇਤਾਂ ਵਿੱਚ ਨਾਖ, ਆਲੂ-ਬੁਖਾਰਾ, ਅਮਰੂਦ, ਪਪੀਤਾ ਦੇ ਬਾਗ ਲਗਾ ਕੇ ਨਾਲ ਹੀ ਸਬਜ਼ੀਆਂ ਦੀ ਕਾਸ਼ਤ ਵੀ ਸ਼ੁਰੂ ਕਰ ਦਿੱਤੀ ਹੈ।
ਕਿਸਾਨ ਬਲਦੇਵ ਸਿੰਘ ਨਿਮਾਣਾ ਦੱਸਦੇ ਹਨ ਕਿ ਬਾਗਬਾਨੀ ਜਿਥੇ ਅਮਾਦਨ ਪੱਖੋਂ ਬਹੁਤ ਵਧੀਆ ਹੈ ਓਥੇ ਇਹ ਵਾਤਾਵਰਨ ਪੱਖੀ ਵੀ ਹੈ। ਇਸੇ ਕਾਰਨ ਉਸਨੇ ਆਪਣੀ ਸਾਰੀ 5 ਏਕੜ ਦੀ ਖੇਤੀ ਵਿੱਚ ਹੀ ਬਾਗਬਾਨੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ 2 ਸਾਲ ਪਹਿਲਾਂ ਉਸਨੇ ਢਾਈ ਏਕੜ ਵਿੱਚ ਨਾਖਾਂ ਦਾ ਬਾਗ ਅਤੇ ਵਿੱਚ ਆਲੂ-ਬੁਖਾਰਾ ਅਤੇ ਢਾਈ ਏਕੜ ਵਿੱਚ ਅਮਰੂਦ ਅਤੇ ਪਪੀਤੇ ਦੇ ਬਾਗ ਲਗਾਏ ਹਨ। ਅਜੇ ਬਾਗ ਛੋਟੇ ਹੋਣ ਕਾਰਨ ਉਹ ਇਨ੍ਹਾਂ ਬਾਗਾਂ ਵਿੱਚ ਹਰੀ ਮਿਰਚ ਅਤੇ ਹੋਰ ਸਬਜ਼ੀਆਂ ਦੀ ਕਾਸ਼ਤ ਕਰ ਰਹੇ ਹਨ ਜੋ ਉਸ ਨੂੰ ਲਾਗਤਾਰ ਆਮਦਨ ਦੇ ਰਹੇ ਹਨ। ਉਸਨੇ ਦੱਸਿਆ ਕਿ ਉਸਦੇ ਬਾਗ ਵੱਡੇ ਹੋ ਗਏ ਹਨ ਅਤੇ ਜਲਦੀ ਹੀ ਫ਼ਲ ਦੇਣਾ ਸ਼ੁਰੂ ਕਰ ਦੇਣਗੇ।
 ਬਲਦੇਵ ਸਿੰਘ ਨਿਮਾਣਾ ਦਾ ਕਹਿਣਾ ਹੈ ਕਿ ਉਸ ਨੇ ਹਮੇਸ਼ਾਂ ਹੀ ਵਾਤਾਵਰਨ ਪੱਖੀ ਖੇਤੀ ਨੂੰ ਤਰਜ਼ੀਹ ਦਿੱਤੀ ਹੈ। ਇਸਤੋਂ ਪਹਿਲਾਂ ਉਹ ਝੋਨੇ ਦੀ ਸਿੱਧੀ ਬਿਜਾਈ ਕਰਕੇ ਪਾਣੀ ਦੀ ਬਚਤ ਕਰਦੇ ਰਹੇ ਹਨ ਅਤੇ ਉਨ੍ਹਾਂ ਨੇ ਫਸਲੀ ਰਹਿੰਦ-ਖੂੰਹਦ ਨੂੰ ਵੀ ਅੱਗ ਨਹੀਂ ਲਗਾਈ। ਉਨ੍ਹਾਂ ਕਿਹਾ ਕਿ ਬਾਗ ਲਗਾਉਣ ਪਿੱਛੇ ਵੀ ਉਨ੍ਹਾਂ ਦਾ ਮੁੱਖ ਉਦੇਸ਼ ਵਾਤਾਵਰਨ ਪੱਖੀ ਹੈ ਕਿਉਂਕਿ ਬਾਗਾਂ ਨਾਲ ਵਾਤਾਵਰਨ ਹੋਰ ਵੀ ਸਾਫ਼ ਤੇ ਹਰਾ-ਭਰਾ ਹੁੰਦਾ ਹੈ। ਇਸਦੇ ਨਾਲ ਹੀ ਨਾਖ, ਆਲੂ-ਬੁਖਾਰਾ, ਅਮਰੂਦ ਤੇ ਪਪੀਤੇ ਦੇ ਬਾਗ ਉਸ ਨੂੰ ਚੰਗੀ ਆਮਦਨ ਵੀ ਦੇਣਗੇ। ਉਸ ਨੇ ਕਿਹਾ ਕਿ ਕਿਸਾਨਾਂ ਨੂੰ ਕਣਕ-ਝੋਨੇ ਦੇ ਫਸਲੀ ਚੱਕਰ ਵਿਚੋਂ ਬਾਹਰ ਆ ਕੇ ਹੋਰ ਫਸਲਾਂ ਦੀ ਕਾਸ਼ਤ ਕਰਨ ਦੇ ਨਾਲ ਬਾਗ ਲਗਾਉਣੇ ਚਾਹੀਦੇ ਹਨ ਤਾਂ ਜੋ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਹੋ ਸਕੇ।

ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਸ. ਤਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਕਿਸਾਨ ਬਲਦੇਵ ਸਿੰਘ ਨਿਮਾਣਾ ਨੇ ਆਪਣੀ ਸਾਰੀ ਖੇਤੀ ਬਾਗਾਂ ਦੇ ਅਧੀਨ ਲਿਆ ਕੇ ਬਹੁਤ ਵਧੀਆ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਬਾਗ ਚੋਖੀ ਆਮਦਨ ਦਾ ਪੱਕਾ ਸਰੋਤ ਹਨ ਅਤੇ ਜਿਨ੍ਹਾਂ ਚਿਰ ਬਾਗ ਵੱਡੇ ਨਹੀਂ ਹੋ ਜਾਂਦੇ ਉਨ੍ਹਾਂ ਚਿਰ ਬਾਗਾਂ ਵਿੱਚ ਸਬਜ਼ੀਆਂ ਆਦਿ ਦੀ ਕਾਸ਼ਤ ਕਰਕੇ ਲਗਾਤਾਰ ਆਮਦਨ ਲਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਦੀ ਧਰਤੀ ਬਾਗਾਂ ਲਈ ਬਹੁਤ ਵਧੀਆ ਹੈ ਅਤੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਬਾਗਬਾਨੀ ਵੱਲ ਜਰੂਰ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਾਗ ਲਗਾਉਣ ਸਬੰਧੀ ਕਿਸੇ ਵੀ ਤਕਨੀਕੀ ਜਾਣਕਾਰੀ ਜਾਂ ਸਿਖਲਾਈ ਲਈ ਬਾਗਬਾਨੀ ਵਿਭਾਗ ਦੇ ਗੁਰਦਾਸਪੁਰ ਸਥਿਤ ਦਫ਼ਤਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *