ਟੀਬੀ ਕੰਟਰੋਲ ਪ੍ਰੋਗਰਾਮ ਵਿੱਚ ਜ਼ਿਲ੍ਹਾ ਗੁਰਦਾਸਪੁਰ ਰਿਹਾ ਮੋਹਰੀ

ਗੁਰਦਾਸਪੁਰ

ਸਬ ਨੈਸ਼ਨਲ ਸਰਟੀਫਿਕੇਸ਼ਨ ਵਿੱਚ ਜ਼ਿਲ੍ਹਾ ਗੁਰਦਾਸਪੁਰ ਨੇ ਸਿਲਵਰ ਮੈਡਲ ਹਾਸਲ ਕੀਤਾ

ਪਿਛਲੇ 15 ਸਾਲਾਂ ਵਿੱਚ ਜ਼ਿਲ੍ਹਾ ਗੁਰਦਾਸਪੁਰ ਨੇ ਟੀਬੀ ਰੋਗੀਆਂ ਦੀ ਸੰਖਿਆ 40 ਫੀਸਦੀ ਘੱਟ ਕੀਤੀ

ਗੁਰਦਾਸਪੁਰ, 29 ਜੂਨ (ਸਰਬਜੀਤ ਸਿੰਘ)–ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਗੁਰਦਾਸਪੁਰ ਨੇ ਇੱਕ ਹੋਰ ਮਾਅਰਕਾ ਮਾਰਿਆ ਹੈ। ਇਸ ਵਾਰ ਟੀਬੀ ਕੰਟਰੋਲ ਪੋ੍ਗਰਾਮ ਵਿੱਚ ਜ਼ਿਲ੍ਹਾ ਗੁਰਦਾਸਪੁਰ ਸੂਬੇ ਭਰ ਵਿੱਚੋਂ ਮੋਹਰੀ ਰਿਹਾ ਹੈ। ਟੀਬੀ ਕੰਟਰੋਲ ਪ੍ਰੋਗਰਾਮ ਅਧੀਨ ਪਿਛਲੇ 15 ਸਾਲਾਂ ਵਿੱਚ ਜ਼ਿਲ੍ਹਾ ਗੁਰਦਾਸਪੁਰ ਨੇ ਟੀਬੀ ਰੋਗੀਆਂ ਦੀ ਸੰਖਿਆ 40 ਫੀਸਦੀ ਘੱਟ ਕਰਨ ਵਿੱਚ ਸਿਲਵਰ ਮੈਡਲ ਹਾਸਲ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਟੀਬੀ ਕੰਟਰੋਲ ਪ੍ਰੋਗਰਾਮ ਅਧੀਨ ਸਬ ਨੈਸ਼ਨਲ ਸਰਟੀਫਿਕੇਸ਼ਨ ਲ਼ਈ ਹਰ ਸਾਲ ਭਾਰਤ ਸਰਕਾਰ ਦੇ ਸਿਹਤ ਮੰਤਰਾਲੇ ਵੱਲੋ ਰਾਜਾਂ ਦੇ ਕੁਝ ਜ਼ਿਲ੍ਹਿਆਂ ਵਿਚ ਸਰਵੇ ਕਰਵਾਇਆ ਜਾਂਦਾ ਹੈ। ਇਸ ਸਰਵੇ ਵਿੱਚ ਟੀਬੀ ਮਰੀਜਾਂ ਦੀ ਨੋਟੀਫਿਕੇਸ਼ਨ, ਟੈਸਟਿੰਗ, ਇਲਾਜ, ਮਾਲੀ ਸਹਾਇਤਾ ਆਦਿ ਪੈਮਾਨੇ ’ਤੇ ਆਧਾਰਤ ਨੰਬਰ ਦਿੱਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿਚ ਇਸ ਸਬੰਧੀ ਸਰਵੇ ਹੋਇਆ ਸੀ, ਜਿਸ ਵਿੱਚ ਜ਼ਿਲ੍ਹਾ ਗੁਰਦਾਸਪੁਰ ਨੇ ਵਧੀਆ ਅੰਕ ਹਾਸਲ ਕੀਤੇ ਹਨ ਜਿਸ ਦੀ ਬਦੌਲਤ ਭਾਰਤ ਸਰਕਾਰ ਦੇ ਸਿਹਤ ਮੰਤਰਾਲੇ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਨੂੰ ਸਿਲਵਰ ਮੈਡਲ ਦਿੱਤਾ ਗਿਆ ਹੈ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਸਿਹਤ ਵਿਭਾਗ ਦੀ ਮਿਹਨਤ ਸਦਕਾ ਪਿਛਲੇ 15 ਸਾਲਾਂ ਵਿੱਚ ਜ਼ਿਲ੍ਹਾ ਗੁਰਦਾਸਪੁਰ ਵਿੱਚ ਟੀਬੀ ਰੋਗੀਆਂ ਦੀ ਸੰਖਿਆ 40 ਫੀਸਦੀ ਘੱਟ ਹੋਈ ਹੈ। ਸਿਵਲ ਸਰਜਨ ਡਾ. ਹਰਭਜਨ ਰਾਮ ਮਾਂਡੀ ਅਤੇ ਜ਼ਿਲ੍ਹਾ ਟੀਬੀ ਅਫ਼ਸਰ ਡਾ. ਰਮੇਸ਼ ਕੁਮਾਰ ਸਮੇਤ ਸਿਹਤ ਵਿਭਾਗ ਦੀ ਸਮੁੱਚੀ ਟੀਮ ਨੂੰ ਇਸ ਮਾਣਮੱਤੀ ਪ੍ਰਾਪਤੀ ਲਈ ਵਧਾਈ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਇਸ ਸਫ਼ਲਤਾ ਦਾ ਸਾਰਾ ਸਿਹਰਾ ਸਿਹਤ ਵਿਭਾਗ ਦੀ ਮਿਹਨਤ ਨੂੰ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਜ਼ਿਲ੍ਹਾ ਹਸਪਤਾਲ ਗੁਰਦਾਸਪੁਰ ਵਿਖੇ ਜਲਦ ਆਰ.ਐੱਨ.ਟੀ.ਸੀ.ਪੀ ਲੈਬ ਸਥਾਪਤ ਕੀਤੀ ਜਾ ਰਹੀ ਹੈ, ਜਿਸ ਨਾਲ ਇਥੇ ਟੀਬੀ ਟੈਸਟਿੰਗ ਵੱਧ ਜਾਵੇਗੀ। ਉਨਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਸਿਹਤ ਅਮਲੇ ਨੂੰ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਨੂੰ ਟੀਬੀ ਮੁਕਤ ਕਰਨ ਲਈ ਹੋਰ ਵੀ ਸਖ਼ਤ ਮਿਹਨਤ ਕੀਤੀ ਜਾਵੇ।

Leave a Reply

Your email address will not be published. Required fields are marked *