ਗੁਰਦਾਸਪੁਰ, 29 ਜੂਨ (ਸਰਬਜੀਤ ਸਿੰਘ)–ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਸਹਿਕਾਰੀ ਖੰਡ ਮਿੱਲ ਪਨਿਆੜ ਅਤੇ ਬਟਾਲਾ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਸਹਿਕਾਰੀ ਗੰਨਾ ਮਿੱਲਾਂ ਨਾਲ ਜੁੜੇ ਸ਼ੇਅਰ ਹੋਲਡਰ ਕਿਸਾਨਾਂ ਦੇ ਮਸਲਿਆਂ, ਗੰਨੇ ਦੀ ਪਿੜਾਈ, ਪਰਚੀਆਂ ਅਤੇ ਪੇਮੈਂਟ ਨਾਲ ਸਬੰਧਤ ਮਸਲਿਆਂ ਦੇ ਨਿਪਟਾਰੇ ਲਈ ਹਰ ਹਫ਼ਤੇ ਦੇ ਸੋਮਵਾਰ ਕਿਸਾਨਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਿਆ ਕਰਨ। ਡਿਪਟੀ ਕਮਿਸ਼ਨਰ ਡਾ ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਮਿੱਲਾਂ ਵਿੱਚ ਹਰ ਸੋਮਵਾਰ ਸਵੇਰੇ 9:00 ਤੋਂ ਦੁਪਹਿਰ 12:00 ਵਜੇ ਤੱਕ ਇਹ ਮੀਟਿੰਗ ਹੋਵੇਗੀ ਜਿਸ ਵਿੱਚ ਮਿੱਲ ਦੇ ਅਧਿਕਾਰੀਆਂ ਵੱਲੋਂ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਜਾਵੇਗਾ। ਉਨ੍ਹਾਂ ਕਿਹਾ ਸਹਿਕਾਰੀ ਖੰਡ ਮਿੱਲ ਬਟਾਲਾ ਦੀ ਮੀਟਿੰਗ ਬਟਾਲਾ ਮਿੱਲ ਵਿਖੇ ਜਦਕਿ ਪਨਿਆੜ ਮਿੱਲ ਦੀ ਮੀਟਿੰਗ ਪਨਿਆੜ ਮਿੱਲ ਵਿਖੇ ਹੋਵੇਗੀ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਦੇ ਸਹਿਕਾਰੀ ਖੰਡ ਮਿੱਲਾਂ ਨਾਲ ਸਬੰਧਤ ਕੋਈ ਮਸਲੇ ਹਨ ਤਾਂ ਉਹ ਹਰ ਸੋਮਵਾਰ ਸਵੇਰੇ 9:00 ਤੋਂ ਦੁਪਹਿਰ 12:00 ਵਜੇ ਤੱਕ ਬਟਾਲਾ ਅਤੇ ਪਨਿਆੜ ਮਿੱਲਾਂ ਵਿੱਚ ਪਹੁੰਚ ਕੇ ਅਧਿਕਾਰੀਆਂ ਨੂੰ ਮਿਲ ਸਕਦੇ ਹਨ।