ਪਟਿਆਲਾ, ਗੁਰਦਾਸਪੁਰ 14ਜੂਨ (ਸਰਬਜੀਤ ਸਿੰਘ )– ਬਿਜਲੀ ਮਹਿਕਮੇ ਨਾਲ ਸੰਬੰਧਤ ਸਰਕਾਰ ਵੱਲੋਂ ਮੰਨੀਆਂ ਗਈਆਂ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਲਾਗੂ ਕਰਵਾਉਣ ਵਾਸਤੇ 7 ਦਿਨਾਂ ਤੋਂ ਮਰਨ ਵਰਤ ਉੱਤੇ ਬੈਠੇ ਸਨ। ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਦੇ ਆਗੂ ਜਗਜੀਤ ਸਿੰਘ ਡੱਲੇਵਾਲ, ਸੁਖਦੇਵ ਸਿੰਘ ਭੋਜਰਾਜ, ਸੁਖਜੀਤ ਸਿੰਘ ਹਰਦੋਝੰਦੇ,ਕੁਲਵਿੰਦਰ ਸਿੰਘ ਪੰਜੋਲਾ, ਤਰਸੇਮ ਸਿੰਘ ਗਿੱਲ ਨੇ ਅੱਜ ਪ੍ਰੈਸ ਨੋਟ ਜਾਰੀ ਕਰਦੇ ਹੋਏ ਕਿਹਾ ਕੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਕੱਲ ਜੋ ਧਰਨੇ ਨੂੰ ਚਕਵਾਉਣ ਲਈ ਅੱਤ ਦਰਜੇ ਦੀ ਨੀਚਤਾ ਦਿਖਾਈ ਹੈ ਉਸਦੀ ਘੋਰ ਨਿੰਦਿਆ ਕਰਦੇ ਹਾਂ। ਪੰਜਾਬ ਦੇ ਮੁੱਖ ਮੰਤਰੀ ਨੇ ਇਨ੍ਹਾਂ ਮੰਗਾਂ ਨੂੰ ਇੱਕ ਸਾਲ ਪਹਿਲਾਂ ਮੰਨ ਲਿਆ ਸੀ ਪਰ ਸਿਤਮ ਜ਼ਰੀਫ਼ੀ ਇਹ ਰਹੀ ਕੀ ਇਹਨਾਂ ਮੰਗਾਂ ਨੂੰ ਹੁਣ ਤੱਕ ਲਾਗੂ ਨਹੀਂ ਕੀਤਾ ਗਿਆ ਰੋਸ ਵਜੋਂ ਕਿਸਾਨਾਂ ਨੇ ਜੇ ਸੀਐਮਡੀ ਪਾਵਰਕੌਮ ਨੂੰ ਮਿਲਣਾ ਚਾਹਿਆ ਤਾਂ ਸੀ ਐਮ ਡੀ ਦਫ਼ਤਰ ਛੱਡ ਕੇ ਦੌੜ ਗਿਆ ਅਤੇ ਸਰਕਾਰ ਦੇ ਕਿਸੇ ਵੀ ਅਧਿਕਾਰੀ ਨੇ ਮਰਨ ਵਰਤ ਤੇ ਬੈਠੇ ਕਿਸਾਨਾਂ ਨੂੰ 6 ਦਿਨ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ ਉਲਟਾ ਧਰਨੇ ਨੂੰ ਬਦਨਾਮ ਕਰਨ ਲਈ ਉਹ ਅਜਿਹੀਆਂ ਕੋਝੀਆਂ ਚਾਲਾਂ ਚਲਦੇ ਹੋਏ ਮੀਡੀਆ ਵਿਚ ਧਰਨੇ ਪ੍ਰਤੀ ਗਲਤ ਪ੍ਰਚਾਰ ਕਰਦੇ ਰਹੇ। ਕੱਲ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਦੇ ਹੋਏ ਪੁਲੀਸ ਕਰਮੀਆਂ ਨੇ ਭਗਵੰਤ ਮਾਨ ਦੇ ਇਸ਼ਾਰੇ ਤੇ ਅਮ੍ਰਿਤ ਧਾਰੀ ਸਿੰਘ ਅਤੇ ਔਰਤਾਂ ਦੀ ਮਰਯਾਦਾ ਦੀ ਪਰਵਾਹ ਕੀਤੇ ਬਗੈਰ ਪੁਲਿਸ ਜਬਰ ਕੀਤਾ।
ਅਸੀਂ ਤਹਿ ਦਿਲੋਂ ਧੰਨਵਾਦੀ ਹਾਂ ਧਰਨੇ ਵਿੱਚ ਸ਼ਾਮਲ ਸਮੂਹ ਕਿਸਾਨਾਂ ਅਤੇ ਕਿਸਾਨ ਬੀਬੀਆਂ ਦੇ ਜ਼ਿਹਨਾਂ ਨੇ ਸ਼ਾਂਤਮਈ ਰਹਿ ਕੇ ਪੁਲੀਸ ਜਬਰ ਦਾ ਸਾਮ੍ਹਣਾ ਕੀਤਾ। ਧੰਨਵਾਦੀ ਹਾਂ ਉਨ੍ਹਾਂ ਕਿਸਾਨਾਂ ਦੇ ਜਿਹਨਾਂ ਨੇ ਪੂਰੇ ਪੰਜਾਬ ਵਿਚ ਰੋਸ ਵਜੋਂ ਰੋਸ ਪ੍ਰਦਰਸ਼ਨ ਕੀਤੇ ਅਤੇ ਪੰਜਾਬ ਸਰਕਾਰ ਦੀ ਇਸ ਘਿਨਾਉਣੀ ਕਾਰਵਾਈ ਦੀ ਨਿੰਦਾ ਕੀਤੀ।
ਮਰਨ ਵਰਤ ਤੇ ਬੈਠੇ ਸਾਰੇ ਕਿਸਾਨ ਆਗੂਆਂ ਨੂੰ ਗ੍ਰਿਫ਼ਤਾਰ ਕਰਕੇ ਮਾਤਾ ਕੌਸ਼ਲਿਆ ਹਸਪਤਾਲ ਨੂੰ ਆਰਜੀ ਜੇਲ ਬਣਾ ਕੇ ਕੈਦ ਕੀਤਾ ਹੋਇਆ ਹੈ,ਜਿਥੇ ਆਗੂ ਮੈਡੀਕਲ ਸਹੂਲਤਾਂ ਨਹੀਂ ਲੈ ਰਹੇ। ਕੱਲ ਸਾਰਾ ਦਿਨ ਵੱਖ-ਵੱਖ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਵਰਤ ਖਤਮ ਕਰਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਮਰਨ ਵਰਤ ਜਾਰੀ ਹੈ ਅਤੇ ਸਾਰੇ ਕਿਸਾਨ ਆਗੂ ਚੜ੍ਹਦੀ ਕਲਾ ਵਿਚ ਹਨ।
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਸਾਰੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਤੁਰੰਤ ਲਾਗੂ ਨਾ ਕੀਤਾ ਤਾਂ ਮਰਨ ਵਰਤ ਤੇ ਬੈਠੇ ਹੋਏ ਸਾਰੇ ਆਗੂ ਕੱਲ੍ਹ ਤੋਂ ਪਾਣੀ ਪੀਣਾ ਵੀ ਬੰਦ ਕਰ ਦੇਣਗੇ। ਕਿਸੇ ਵੀ ਆਗੂ ਦਾ ਜਾਨੀ ਨੁਕਸਾਨ ਹੋ ਜਾਣ ਦੀ ਸੂਰਤ ਵਿੱਚ ਪੂਰੇ ਪੰਜਾਬ ਵਿਚ ਤਾਂ ਕੀ ਪੂਰੇ ਭਾਰਤ ਵਿਚ ਨਿਕਲਣ ਵਾਲੇ ਸਿੱਟਿਆ ਲਈ ਪੰਜਾਬ ਦੀ ਭਗਵੰਤ ਮਾਨ ਸਰਕਾਰ ਜਿੰਮੇਵਾਰ ਹੋਵੇਗੀ।
ਜਾਰੀ ਕਰਤਾ :-ਮਰਨ ਵਰਤ ਉੱਤੇ ਬੈਠੇ ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨਿਤਕ ਦੇ ਸਾਰੇ ਕਿਸਾਨ ਆਗੂ।