ਗੁਰਦਾਸਪੁਰ, 29 ਮਈ (ਸਰਬਜੀਤ ਸਿੰਘ)–ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸਾਰਚੂਰ ਦੇ ਕਿਸਾਨ ਗੁਰਬਿੰਦਰ ਸਿੰਘ ਬਾਜਵਾ ਨੇ ਖੇਤੀਬਾੜੀ ਦੇ ਖੇਤਰ ਵਿੱਚ ਆਪਣੀ ਮਿਹਨਤ ਦੇ ਨਾਲ ਸਫ਼ਲਤਾ ਦੀ ਅਜਿਹੀ ਮਿਸਾਲ ਕਾਇਮ ਕੀਤੀ ਹੈ ਕਿ ਇਲਾਕੇ ਦੇ ਦੂਸਰੇ ਕਿਸਾਨ ਹੁਣ ਉਸ ਤੋਂ ਸਲਾਹਾਂ ਲੈ ਕੇ ਖੇਤੀ ਕਰਦੇ ਹਨ। ਗੁਰਬਿੰਦਰ ਸਿੰਘ ਬਾਜਵਾ ਪਿਛਲੇ ਕਈ ਸਾਲਾਂ ਤੋਂ ਕਣਕ ਦੇ ਨਾੜ ਅਤੇ ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਗਾਏ ਫਸਲਾਂ ਦੀ ਬਿਜਾਈ ਕਰਕੇ ਇੱਕ ਨਿਰੋਈ ਪਿਰਤ ਪਾਈ ਹੈ।
ਕਿਸਾਨ ਗੁਰਬਿੰਦਰ ਸਿੰਘ ਬਾਜਵਾ ਦੀ ਵਿਦਿਅਕ ਯੋਗਤਾ ਬੇਸ਼ੱਕ ਅੰਡਰ-ਗਰੈਜੂਏਟ ਹੈ ਪਰ ਖੇਤੀਬਾੜੀ ਸਬੰਧੀ ਤਜ਼ਰਬਿਆਂ ਅਤੇ ਮਿਹਨਤ ਦੇ ਮਾਮਲੇ ਵਿਚ ਇਹ ਸਫਲ ਕਿਸਾਨ ਕਿਸੇ ਉਚ ਕੋਟੀ ਦੇ ਮਾਹਿਰ ਤੋਂ ਘੱਟ ਜਾਣਕਾਰੀ ਨਹੀਂ ਰੱਖਦਾ। ਕਿਸਾਨ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਸੰਨ 2015 ਵਿੱਚ ਉਸਨੇ ‘ਨੌਜਵਾਨ ਪ੍ਰਗਤੀਸ਼ੀਲ ਕਿਸਾਨ ਉਤਪਾਦਕ ਸੰਗਠਨ’ (ਕਿਸਾਨ ਸੰਦ ਬੈਂਕ ਗੁਰਦਾਸਪੁਰ) ਨੂੰ ਸਫਲ ਬਣਾਉਣ ਲਈ ਦਿਨ ਰਾਤ ਕੰਮ ਕੀਤਾ। ਇਸੇ ਸੰਦ ਬੈਂਕ ਰਾਹੀਂ ਸਾਂਝੀ ਮਸ਼ੀਨਰੀ ਲੈ ਕੇ ਕਿਸਾਨਾਂ ਨੂੰ ਜਿਥੇ ਖੇਤੀ ਖਰਚੇ ਘੱਟ ਕਰਨ ਦੀ ਸੇਧ ਦਿੱਤੀ, ਉਥੇ ਬਗੈਰ ਅੱਗ ਲਗਾਏ ਕਣਕ ਤੇ ਸਬਜੀਆਂ ਬੀਜਣ ਦੇ ਸਫਲ ਤਜਰਬੇ ਕਰਕੇ ਦਿਖਾਏ। ਮਹਿੰਗੇ ਸੰਦਾਂ ਦੀ ਬਜਾਏ ਸਸਤੇ ਸੰਦਾਂ ਦੇ ਵਿਕਲਪ ਤੇ ਕੰਬੀਨੇਸ਼ਨ ਕਿਸਾਨਾਂ ਸਾਹਮਣੇ ਲਿਆਂਦੇ। ਉਸ ਸਮੇਂ ਤੋਂ ਹੀ ਅੱਜ ਤੱਕ ਇਹ ਗਰੁੱਪ ਸਫਲਤਾ ਪੂਰਵਕ ਚਲ ਰਿਹਾ ਹੈ।
ਕਿਸਾਨ ਗੁਰਬਿੰਦਰ ਸਿੰਘ ਬਾਜਵਾ ਨੇ ਪਿਛਲੇ 10 ਸਾਲਾਂ ਦੌਰਾਨ ਝੋਨੇ ਦੀ ਸਿੱਧੀ ਬਿਜਾਈ ਦੇ ਸਫਲ ਤਜ਼ਰਬਿਆਂ ਨੂੰ ਸੋਸ਼ਲ ਮੀਡੀਏ ਅਤੇ ਪ੍ਰਚਾਰ ਦੇ ਹੋਰ ਸਾਧਨਾਂ ਰਾਹੀਂ ਕਿਸਾਨਾਂ ਤੱਕ ਪਹੁੰਚਾ ਕੇ ਕਿਸਾਨਾਂ ਨੂੰ ਸਿੱਧੀ ਬਿਜਾਈ ਕਰਨ ਦਾ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ। ਏਨਾ ਹੀ ਨਹੀਂ ਬਾਜਵਾ ਨੇ ਪੰਜਾਬ ਅੰਦਰ ਵੱਖ-ਵੱਖ ਥਾਈਂ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਸਫਲ ਕਿਸਾਨਾਂ ਦੀ ਭਾਲ ਕਰਕੇ ਉਨਾਂ ਦੇ ਸਫਲ ਤਜ਼ਰਬੇ ਵੀ ਸੋਸ਼ਲ ਮੀਡੀਆ ਰਾਹੀਂ ਕਿਸਾਨਾਂ ਤੱਕ ਪਹੁੰਚਾਉਣ ਦਾ ਵੱਡਾ ਉਪਰਾਲਾ ਕੀਤਾ, ਜਿਸ ਦੀ ਬਦੌਲਤ ਕਈ ਕਿਸਾਨਾਂ ਨੇ ਉਤਸ਼ਾਹਿਤ ਹੋ ਕੇ ਸਿੱਧੀ ਬਿਜਾਈ ਕਰਨ ਪ੍ਰਤੀ ਰੁਝਾਨ ਦਿਖਾਇਆ।
ਕਿਸਾਨ ਗੁਰਬਿੰਦਰ ਸਿੰਘ ਬਾਜਵਾ ਨੇ 2005 ਵਿਚ ਵੱਟਾਂ ’ਤੇ ਝੋਨਾ ਲਗਾਉਣ ਅਤੇ 2010 ਵਿਚ ਸਿੱਧੀ ਬਿਜਾਈ ਦਾ ਸਫਲ ਤਜ਼ਰਬਾ ਕਰਕੇ ਇਨਾਂ ਵਿਧੀਆਂ ਦੀ ਆਪਣੇ ਇਲਾਕੇ ਵਿੱਚ ਸ਼ੁਰੂਆਤ ਕੀਤੀ। ਉਸੇ ਫਾਰਮ ਵਿਚ ਨਿੰਮ, ਅਨਾਰ ਪਪੀਤਾ, ਤੁਲਸੀ, ਹਰਬਲ ਗਾਰਡਨ ਦੇ ਕਰੀਬ 150 ਪੌਦੇ ਲਗਾਏ। ਉਸਨੇ ਕਿਸਾਨਾਂ ਨੂੰ ਘਰੇਲੂ ਕਿਚਨ ਗਾਰਡਨ, ਵਰਮੀ ਕੰਪੋਸਟ, ਗੋਬਰ ਗੈਸ ਪਲਾਂਟ, ਪੈਕ ਹਾਊਸ ਪ੍ਰੋਜੈਕਟ ਲਗਾ ਕੇ ਦੱਸੇ। ਉਸ ਨੇ 2005 ਰੋਟਾਵੇਟਰ ਨਾਲ ਕਣਕ ਬੀਜਣ ਦਾ ਟਰਾਇਲ ਕੀਤਾ ਅਤੇ ਉਹ ਪਹਿਲਾ ਕਿਸਾਨ ਸੀ, ਜਿਸ ਨੇ ਰੋਟਾਵੇਟਰ ਨਾਲ ਕੱਦੂ ਕਰਨਾ ਸ਼ੁਰੂ ਕੀਤਾ ਅਤੇ ਹਰੀ ਖਾਦ ਸਿੱਧੀ ਕੱਦੂ ਵਿਚ ਵਾਹ ਦਾ ਸਫਲ ਤਜ਼ਰਬਾ ਕਰਕੇ ਵੀ ਦਿਖਾਇਆ।
ਆਪਣੇ ਖੇਤੀ ਤਜ਼ਰਬਿਆਂ ਦੀ ਬਦੌਲਤ ਕਿਸਾਨ ਗੁਰਬਿੰਦਰ ਸਿੰਘ ਬਾਜਵਾ ਕੇਵੀਕੇ ਜਲੰਧਰ ਦੀ ਸਲਾਹਕਾਰ ਕਮੇਟੀ ਦੇ ਮੈਂਬਰ, ਪੀ.ਏ.ਯੂ. ਫਾਰਮਰ ਕਮੇਟੀ ਦੇ ਮੈਂਬਰ, ਪੀ.ਏ.ਯੂ. ਕਿਸਾਨ ਕਲੱਬ ਦੇ ਮੈਂਬਰ ਵਜੋਂ ਕੰਮ ਕਰ ਚੁੱਕਾ ਹੈ। ਉਹ ਕੇਵੀਕੇ ਗੁਰਦਾਸਪੁਰ ਦੀ ਸਟਰਾਅ ਮੈਨੇਜਮੈਂਟ ਕਮੇਟੀ ਦਾ ਪ੍ਰਧਾਨ ਵੀ ਹੈ। ਬਾਜਵਾ ਵੱਲੋਂ ਸੰਤ ਬਲਬੀਰ ਸਿੰਘ ਸੀਚੇਵਾਲ, ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਸਮੇਤ ਕਈ ਸਖਸ਼ੀਅਤਾਂ ਨਾਲ ਮਿਲ ਕੇ ਕਿਸਾਨਾਂ ਅਤੇ ਵਾਤਾਵਰਣ ਦੀ ਸੇਵਾ ਦਾ ਕੰਮ ਜਾਰੀ ਰੱਖਿਆ ਜਾ ਰਿਹਾ ਹੈ। ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਵੱਲੋਂ 2019 ਵਿਚ ਉਨਾਂ ਨੂੰ ਵਿਸ਼ੇਸ਼ ਅਵਾਰਡ ਦੇ ਕੇ ਸਨਮਾਨਿਤ ਗਿਆ ਜਦੋਂਕਿ ਪੰਜਾਬ ਦੇ ਖੇਤੀਬਾੜੀ ਵਿਭਾਗ ਵੱਲੋਂ ਦਿੱਤੇ ਸਨਮਾਨ ਪੱਤਰ ਸਹਿਤ ਜ਼ਿਲਾ ਪੱਧਰ ’ਤੇ ਵੀ ਕਈ ਮਾਣ-ਸਨਮਾਨ ਉਨਾਂ ਦੀ ਝੋਲੀ ਵਿਚ ਪੈ ਚੁੱਕੇ ਹਨ। ਖੇਤੀ ਮਾਹਿਰਾਂ ਦੀਆਂ ਸਲਾਹਾਂ ਨੂੰ ਆਪਣੇ ਖੇਤਾਂ ਵਿੱਚ ਸਫਲਤਾ ਨਾਲ ਲਾਗੂ ਕਰਨ ਵਾਲੇ ਕਿਸਾਨ ਗੁਰਬਿੰਦਰ ਸਿੰਘ ਬਾਜਵਾ ਦੂਸਰੇ ਕਿਸਾਨਾਂ ਲਈ ਮਿਸਾਲ ਬਣੇ ਹੋਏ ਹਨ।


