ਡਾਕਟਰ ਨਵਸ਼ਰਨ ਨੂੰ ਤਲਬ ਅਤੇ ਪ੍ਰੇਸ਼ਾਨ ਕੀਤੇ ਜਾਣ ਦੀ ਲਿਬਰੇਸ਼ਨ ਵੱਲੋਂ ਸਖਤ ਨਿੰਦਾ

ਗੁਰਦਾਸਪੁਰ

ਸਰਕਾਰ ਲੋਕ ਪੱਖੀ ਬੁੱਧੀਜੀਵੀਆਂ ਦੀ ਆਵਾਜ਼ ਬੰਦ ਕਰਨ ਦੇ ਹੱਥਕੰਡਿਆਂ ਤੋਂ ਬਾਅਦ ਆਵੇ

ਮਾਨਸਾ, ਗੁਰਦਾਸਪੁਰ, 18 ਮਈ (ਸਰਬਜੀਤ ਸਿੰਘ)–ਪੰਜਾਬ ਦੇ ਉੱਘੇ ਇਨਕਲਾਬੀ ਨਾਟਕਕਾਰ ਤੇ ਚਿੰਤਕ ਮਰਹੂਮ ਗੁਰਸ਼ਰਨ ਸਿੰਘ ਦੀ ਬੇਟੀ ਡਾਕਟਰ ਨਵਸ਼ਰਨ ਨੂੰ ਈਡੀ ਵਲੋਂ ਪੁੱਛਗਿਛ ਲਈ ਬੁਲਾਉਣ ਅਤੇ ਪ੍ਰੇਸ਼ਾਨ ਕਰਨ ਦੀ ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਸਖ਼ਤ ਨਿੰਦਾ ਕੀਤੀ ਹੈ।

ਲਿਬਰੇਸ਼ਨ ਦੇ ਸੂਬਾਈ ਬੁਲਾਰੇ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਲੰਬੇ ਸਮੇਂ ਤੋਂ ਦਿੱਲੀ ਵਿਖੇ ਰਹਿ ਰਹੀ ਡਾਕਟਰ ਨਵਸ਼ਰਨ – ਇਕ ਜਾਣੇ ਪਛਾਣੇ ਸਰਗਰਮ ਸਮਾਜਿਕ ਕਾਰਕੁੰਨ ਤੇ ਰੀਸਰਚ ਸਕਾਲਰ ਹਨ । ਉਹ ਅਕਸਰ ਵੱਖ ਵੱਖ ਸੁਆਲਾਂ ‘ਤੇ ਮੋਦੀ ਸਰਕਾਰ ਦੇ ਵਿਵਾਦਤ ਫੈਸਲਿਆਂ ਖ਼ਿਲਾਫ਼ ਖੁੱਲ ਕੇ ਬੋਲਦੇ ਹਨ। ਉਹ ਲਿਖਣ ਤੇ ਬੋਲਣ ਰਾਹੀਂ ਸੰਘ-ਬੀਜੇਪੀ ਦੀਆਂ ਲੋਕਤੰਤਰ ਵਿਰੋਧੀ ਅਤੇ ਔਰਤਾਂ, ਦਲਿਤਾਂ ਗਰੀਬਾਂ ਤੇ ਘੱਟਗਿਣਤੀਆਂ ਵਿਰੋਧੀ ਕਾਰਵਾਈਆਂ ਦੀ ਸਖਤ ਆਲੋਚਨਾ ਕਰਨ ਲਈ ਜਾਣੇ ਜਾਂਦੇ ਹਨ। ਪੰਜਾਬ ਹੋਵੇ ਜਾਂ ਕਸ਼ਮੀਰ, ਐਨਆਰਸੀ ਵਿਰੋਧੀ ਅੰਦੋਲਨ ਹੋਵੇ, ਸ਼ਹੀਨ ਬਾਗ਼ ਮੋਰਚਾ ਜਾਂ ਦਿੱਲੀ ਕਿਸਾਨ ਅੰਦੋਲਨ ਡਾਕਟਰ ਨਵਸ਼ਰਨ ਹਮੇਸ਼ਾ ਵਿਰੋਧ ਦੀਆਂ ਅਗਲੀਆਂ ਕਤਾਰਾਂ ਵਿਚ ਮੌਜੂਦ ਰਹੇ ਹਨ। ਇਸ ਲਈ ਮੋਦੀ ਸਰਕਾਰ ਕੇਂਦਰੀ ਏਜੰਸੀਆਂ ਰਾਹੀਂ ਉਨਾਂ ਨੂੰ ਝੂਠੇ ਕੇਸਾਂ ਵਿਚ ਉਲਝਾ ਕੇ ਖਾਮੋਸ਼ ਕਰਵਾਉਣਾ ਚਾਹੁੰਦੀ ਹੈ। ਪਰ ਪੰਜਾਬ ਤੇ ਦੇਸ਼ ਦੀਆਂ ਤਮਾਮ ਸੰਘਰਸ਼ਸ਼ੀਲ ਪਾਰਟੀਆਂ ਤੇ ਜਥੇਬੰਦੀਆਂ ਸਰਕਾਰ ਤੇ ਏਜੰਸੀਆਂ ਦੇ ਅਜਿਹੇ ਹੱਥਕੰਡਿਆਂ ਦਾ ਮੂੰਹਤੋੜ ਜਵਾਬ ਦੇਣਗੀਆਂ।
ਬਿਆਨ ਵਿਚ ਕਿਹਾ ਗਿਆ ਹੈ ਕਿ ਸਰਕਾਰ ਲੋਕ ਪੱਖੀ ਬੁੱਧੀਜੀਵੀਆਂ ਦੀ ਆਵਾਜ਼ ਬੰਦ ਕਰਨ ਦੇ ਕੋਝੇ ਹੱਥਕੰਡਿਆਂ ਤੋਂ ਬਾਦ ਆਵੇ।ਜੇਕਰ ਏਜੰਸੀਆਂ ਵਲੋਂ ਡਾਕਟਰ ਨਵਸ਼ਰਨ ਨੂੰ ਇਸੇ ਤਰ੍ਹਾਂ ਪ੍ਰੇਸ਼ਾਨ ਕਰਨਾ ਜਾਰੀ ਰੱਖਿਆ, ਤਾਂ ਇਸ ਮੁੱਦੇ ‘ਤੇ ਇਕ ਵਿਆਪਕ ਸਾਂਝਾ ਸੰਘਰਸ਼ ਛੇੜਣ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ।

Leave a Reply

Your email address will not be published. Required fields are marked *