ਗੁਰਦਾਸਪੁਰ, 18 ਮਈ (ਸਰਬਜੀਤ ਸਿੰਘ)–ਅੱਜ ਮਜ਼ਦੂਰ ਮੁਕਤੀ ਮੋਰਚਾ ਅਤੇ ਸੀ.ਪੀ.ਆਈ ਐਮ .ਐਲ ਲਿਬਰੇਸ਼ਨ ਨੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈਕੇ ਬੀ ਡੀ ਪੀ ਓ ਫਤਿਹਗੜ੍ਹ ਚੂੜੀਆਂ ਦੇ ਦਫ਼ਤਰ ਵਿੱਚ ਧਰਨਾ ਦਿੱਤਾ।
ਇਸ ਸਮੇਂ ਮਜ਼ਦੂਰ ਆਗੂ ਰਮਨਪ੍ਰੀਤ ਸਿੰਘ ਪੀਡੀਆਂ, ਦਲਬੀਰ ਭੋਲਾ ਅਤੇ ਲਿਬਰੇਸ਼ਨ ਆਗੂ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਸਬੋਧਨ ਕਰਦਿਆਂ ਕਿਹਾ ਕਿ ਮਜ਼ਦੂਰ ਵਰਗ ਵਿੱਚ ਬਹੁਤ ਵੱਡੇ ਪੱਧਰ ਉਪਰ ਬੇਰੁਜ਼ਗਾਰੀ ਹੈ ਇਨ੍ਹਾਂ ਮਜ਼ਦੂਰਾਂ ਲਈ ਇਕੋ ਇਕ ਰੋਜ਼ਗਾਰ ਮਨਰੇਗਾ ਦਾ ਕੰਮ ਹੈ ਜੋ ਲੋਕਾਂ ਵਲੋਂ ਮੰਗਣ ਉਪਰ ਵੀ ਨਹੀਂ ਦਿੱਤਾ ਜਾਂਦਾ ਅਤੇ ਨਾ ਹੀ ਕੀਤੇ ਕੰਮ ਦੀ ਸਮੇ ਸਿਰ ਮਜ਼ਦੂਰੀ ਦੀ ਅਦਾਇਗੀ ਕੀਤੀ ਜਾਂਦੀ ਹੈ। ਆਗੂਆਂ ਦਸਿਆ ਕਿ ਇਸ ਬਲਾਕ ਦੇ ਪਿੰਡ ਮੰਜਿਆਵਾਲੀ, ਖੋਖਰ,ਪਿੰਡੀ ਅਤੇ ਦਾਬਾਵਾਲੀ ਆਦਿ ਕਈ ਪਿੰਡਾਂ ਵਿਚ ਪੰਚਾਇਤਾਂ ਨੇ ਮਨਰੇਗਾ ਦਾ ਕੰਮ ਕਰਵਾ ਕੇ ਕਈ ਮਹੀਨੇ ਬੀਤ ਜਾਣ ਉਪਰੰਤ ਵੀ ਮਜ਼ਦੂਰੀ ਨਹੀਂ ਦਿਤੀ। ਧਰਨਾਕਾਰੀਆਂ ਨੇ ਮੰਗ ਕੀਤੀ ਕਿ ਅਧਿਕਾਰੀ ਪਿੰਡਾਂ ਵਿਚ ਜਾ ਕੇ ਜਾਬ ਕਾਰਡ ਬਨਾਉਣ ਅਤੇ ਕੰਮ ਚਾਹੁਣ ਵਾਲਿਆਂ ਨੂੰ ਕੰਮ ਦੇਣ।ਲਾਲ ਲਕੀਰ ਦੇ ਅੰਦਰ ਆਉਂਦੇ ਮਜ਼ਦੂਰ ਘਰਾਂ ਨੂੰ ਮਾਲ ਵਿਭਾਗ ਵਿਚ ਦਰਜ ਕੀਤਾ ਜਾਵੇ, ਕਚੇ ਮਕਾਨਾਂ ਨੂੰ ਪੱਕੇ ਕਰਨ ਲਈ ਇੱਕ ਲੱਖ ਰੁਪਏ ਦੀ ਗ੍ਰਾਂਟ ਦਿਤੀ ਜਾਵੇ, ਮਾਨ ਸਰਕਾਰ ਬਾਲਗ ਔਰਤਾਂ ਨੂੰ 1000ਰੁਪਏ ਦੇਣ ਸਮੇਤ 5/5 ਮਰਲੇ ਦੇ ਪਲਾਟ ਦੇਣ ਦੀ ਗਰੰਟੀ ਪੂਰੀ ਕਰੇ,ਰਾਸ਼ਨ ਕਾਰਡਾਂ ਤੋਂ ਵਿਰਵੇ ਮਜ਼ਦੂਰ ਪਰਿਵਾਰਾਂ ਦੇ ਕਾਰਡ ਬਣਾਏ ਜਾਣ। ਆਗੂਆਂ ਪ੍ਰਸ਼ਾਸਨ ਅਤੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਮਜ਼ਦੂਰਾਂ ਦੀਆਂ ਮੰਗਾਂ ਵੱਲ ਕੋਈ ਤਵੱਜੋਂ ਨਾਂ ਦਿਤੀ ਤਾਂ ਸੰਘਰਸ਼ ਜਿਲੇ ਪੱਧਰ ਤੇ ਲਿਜਾਇਆ ਜਾਵੇਗਾ। ਇਸ ਸਮੇਂ ਬਚਨ ਸਿੰਘ ਤੇਜਾ ਕਲਾਂ,ਜਸਾ ਖੋਖਰ, ਜਗੀਰ ਸਿੰਘ ਮੰਜਿਆਂ ਵਾਲੀ ਅਤੇ ਕੁਲਦੀਪ ਰਾਜੂ ਸ਼ਾਮਲ ਸਨ


