ਮਾਰੂ ਨਸ਼ਿਆਂ ਦੀ ਖੁੱਲੇਆਮ ਵਿਕਰੀ ਦਾ ਮੁੱਦਾ ਵੀ ਦਿੱਲੀ ਕੌਮੀ ਮੰਚ ‘ਤੇ ਉਠਾਇਆ ਜਾਵੇਗਾ
ਮਾਨਸਾ, ਗੁਰਦਾਸਪੁਰ 17 ਮਈ (ਸਰਬਜੀਤ ਸਿੰਘ)– ਆਲ ਇੰਡੀਆ ਪ੍ਰਗਤੀਸ਼ੀਲ ਇਸਤਰੀ ਸਭਾ (ਏਪਵਾ) ਦੇ ਸੱਦੇ ‘ਤੇ ਅੱਜ ਮਾਨਸਾ ਰੇਲਵੇ ਸਟੇਸ਼ਨ ਤੋਂ ਸਵੇਰੇ ਸੱਤ ਵਜੇ ਏਪਵਾ ਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦਾ ਇਕ ਜਥਾ ਦਿੱਲੀ ਲਈ ਰਵਾਨਾ ਹੋਇਆ। ਇਹ ਜਥਾ ਪੰਜਾਬ ਵਿਚ ਰੁਜ਼ਗਾਰ ਦੀ ਬੁਰੀ ਹਾਲਤ ਅਤੇ ਮਾਰੂ ਨਸ਼ਿਆਂ ਦੇ ਕਾਲੇ ਕਾਰੋਬਾਰ ਕਾਰਨ ਧੜਾਧੜ ਹੋ ਰਹੀਆਂ ਨੌਜਵਾਨਾਂ ਦੀਆਂ ਮੌਤਾਂ ਅਤੇ ਪਰਿਵਾਰਾਂ ਦੀ ਸਮਾਜਿਕ ਆਰਥਿਕ ਤਬਾਹੀ ਦੇ ਗੰਭੀਰ ਮੁੱਦੇ ਨੂੰ ਵੀ ਕੌਮੀ ਪੱਧਰ ‘ਤੇ ਉਭਾਰਨ ਦਾ ਯਤਨ ਕਰੇਗਾ। ਜਿਸ ਉਤੇ ਕਾਬੂ ਪਾਉਣ ਵਿਚ ਪਿਛਲੀਆਂ ਅਕਾਲੀ ਤੇ ਕਾਂਗਰਸੀ ਸਰਕਾਰਾਂ ਵਾਂਗ, ਮੌਜੂਦਾ ਆਮ ਆਦਮੀ ਸਰਕਾਰ ਵੀ ਬੁਰੀ ਤਰ੍ਹਾਂ ਨਾਕਾਮ ਸਾਬਤ ਹੋ ਰਹੀ ਹੈ। ਰੇਲਵੇ ਸਟੇਸ਼ਨ ‘ਤੇ ਜੁੜੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਔਰਤ ਆਗੂਆਂ ਨੇ ਦਸਿਆ ਕਿ ਦੇਸ਼ ਦੀਆਂ ਕੌਮਾਂਤਰੀ ਪੱਧਰ ਦੀਆਂ ਕੁਝ ਨਬਾਲਿਗ ਤੇ ਬਾਲਗ ਪਹਿਲਵਾਨ ਲੜਕੀਆਂ ਨੇ ਅਪਣੇ ਲਿਖਤੀ ਬਿਆਨਾਂ ਵਿਚ ਕੌਮੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਅਤੇ ਬੀਜੇਪੀ ਦੇ ਐਮਪੀ ਬ੍ਰਿਜਭੂਸ਼ਨ ਸਿੰਘ ਉਤੇ ਉਨਾਂ ਨਾਲ ਜਿਸਮਾਨੀ ਛੇੜਖਾਨੀ ਕਰਨ ਦੇ ਗੰਭੀਰ ਦੋਸ਼ ਲਾਏ ਹਨ। ਦੇਸ਼ ਦੀਆਂ ਉਲੰਪਿਕ ਤਮਗਾ ਜੇਤੂ ਕਈ ਪਹਿਲਵਾਨ ਲੜਕੀਆਂ ਤੇ ਲੜਕੇ, ਮੁਜਰਮਾਨਾ ਰਿਕਾਰਡ ਵਾਲੇ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਅਤੇ ਬੀਜੇਪੀ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਨ ਸਿੰਘ ਦੀ ਗ੍ਰਿਫਤਾਰੀ ਅਤੇ ਕੁਸ਼ਤੀ ਫੈਡਰੇਸ਼ਨ ਦੀ ਪ੍ਰਧਾਨਗੀ ਤੋਂ ਹਟਾਉਣ ਦੀ ਮੰਗ ਨੂੰ ਲੈ ਕੇ ਪਿਛਲੇ 24 ਦਿਨਾਂ ਤੋਂ ਦਿੱਲੀ ਜੰਤਰ ਮੰਤਰ ਉਤੇ ਦਿਨ ਰਾਤ ਦੇ ਧਰਨੇ ‘ਤੇ ਬੈਠੇ ਹੋਏ ਹਨ। ਪਰ ਮੋਦੀ-ਯੋਗੀ ਸਰਕਾਰ ਇਸ ਅਪਰਾਧੀ ਪਿਛੋਕੜ ਵਾਲੇ ਅਪਣੇ ਬਾਹੂਬਲੀ ਨੇਤਾ ਦੀ ਗ੍ਰਿਫਤਾਰੀ ਨੂੰ ਪੂਰੀ ਬੇਸ਼ਰਮੀ ਨਾਲ ਟਾਲਦੀ ਆ ਰਹੀ ਹੈ। ਇਸ ਤਾਕਤਵਰ ਵਿਅਕਤੀ ਦੇ ਸਰਕਾਰ ਅਤੇ ਪ੍ਰਸ਼ਾਸਨ ਉਤੇ ਸਿਆਸੀ ਦਬਦਬੇ ਦਾ ਆਲਮ ਇਹ ਹੈ ਕਿ ਪਹਿਲਵਾਨ ਲੜਕੀਆਂ ਦੀਆਂ ਤਿੰਨ ਮਹੀਨੇ ਪਹਿਲਾਂ ਦਿੱਤੀਆਂ ਲਿਖਤੀ ਸ਼ਿਕਾਇਤਾਂ ਦੇ ਬਾਵਜੂਦ ਪੁਲਸ ਨੇ ਬ੍ਰਿਜਭੂਸ਼ਨ ਸਿੰਘ ਖਿਲਾਫ ਐਫਆਈਆਰ ਤੱਕ ਦਰਜ ਕਰਨ ਦੀ ਜੁਰਅਤ ਨਹੀਂ ਸੀ ਕੀਤੀ, ਅਜਿਹਾ ਸਿਰਫ ਉਦੋਂ ਹੀ ਹੋਇਆ ਜਦੋਂ ਸੁਪਰੀਮ ਕੋਰਟ ਵਲੋਂ ਐਫਆਈਆਰ ਦਰਜ ਕਰਨ ਬਾਰੇ ਸਪਸ਼ਟ ਹਿਦਾਇਤਾਂ ਦੇ ਦਿੱਤੀਆਂ। ਪਰ ਇਸ ਦੇ ਬਾਵਜੂਦ ਹਾਲੇ ਵੀ ਪੜਤਾਲ ਦੇ ਨਾਂ ‘ਤੇ ਪੁਲਸ ਇਸ ਦੀ ਗ੍ਰਿਫਤਾਰੀ ਨੂੰ ਅਤੇ ਮੋਦੀ ਸਰਕਾਰ ਉਸ ਨੂੰ ਕੁਸ਼ਤੀ ਫੈਡਰੇਸ਼ਨ ਦੀ ਪ੍ਰਧਾਨਗੀ ਤੋਂ ਹਟਾਉਣ ਨੂੰ ਲਗਾਤਾਰ ਟਾਲ ਰਹੇ ਹਨ। ਅੰਦੋਲਨਕਾਰੀਆਂ ਦੇ ਇਸ ਜਥੇ ਦੀ ਅਗਵਾਈ ਏਪਵਾ ਆਗੂ ਜਸਬੀਰ ਕੌਰ ਨੱਤ, ਬਲਵਿੰਦਰ ਕੌਰ ਬੈਰਾਗੀ, ਕਿਰਨਜੀਤ ਕੌਰ ਭੀਖੀ ਰਾਣੀ ਕੌਰ ਭੰਮੇ, ਕਮਲਪ੍ਰੀਤ ਕੌਰ ਝੁਨੀਰ ਅਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਆਗੂ ਕਾਮਰੇਡ ਦਰਸ਼ਨ ਸਿੰਘ ਦਾਨੇਵਾਲਾ ਤੇ ਬਲਵਿੰਦਰ ਸਿੰਘ ਘਰਾਂਗਣਾ ਕਰ ਰਹੇ ਸਨ।


