ਚੰਡੀਗੜ੍ਹ, ਗੁਰਦਾਸਪੁਰ, 17 ਮਈ (ਸਰਬਜੀਤ ਸਿੰਘ)–ਸਮਾਜਿਕ ਸਰੋਕਾਰਾਂ ਨੂੰ ਪ੍ਰਣਾਈ ,ਜਮਹੂਰੀ ਹੱਕਾਂ ਦੀ ਉੱਘੀ ਸ਼ਖ਼ਸੀਅਤ ਅਤੇ ਮਰਹੂਮ ਨਾਟਕਕਾਰ ਗੁਰਸ਼ਰਨ ਸਿੰਘ ਦੀ ਬੇਟੀ ਡਾਕਟਰ ਨਵਸ਼ਰਨ ਨੂੰ ਮੋਦੀ ਸਰਕਾਰ ਦੇ ਹੁਕਮਾਂ ਤਹਿਤ ਈ ਡੀ ਵੱਲੋਂ ਬੀਤੇ ਦਿਨੀਂ ਦਿੱਲੀ ਵਿਖੇ ਪੁੱਛ ਗਿੱਛ ਦੇ ਨਾਂਅ ਹੇਠ ਬੁਲਾ ਕੇ ਕਰੀਬ ਅੱਠ ਘੰਟੇ ਤੰਗ ਪ੍ਰੇਸ਼ਾਨ ਕਰਨ ਅਤੇ ਡਰਾਉਣ ਧਮਕਾਉਣ ਵਾਲੇ ਕਦਮਾਂ ਦੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਸਖ਼ਤ ਨਿਖੇਧੀ ਕਰਦਿਆਂ ਮੋਦੀ ਸਰਕਾਰ ਨੂੰ ਅਜਿਹੇ ਹੱਥਕੰਡਿਆਂ ਤੋਂ ਬਾਜ਼ ਆਉਣ ਦੀ ਸੁਣਵਾਈ ਕੀਤੀ ਹੈ।
ਯੂਨੀਅਨ ਦੇ ਸੂਬਾ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ ਤੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਜਾਰੀ ਕੀਤੇ ਬਿਆਨ ਰਾਹੀਂ ਆਖਿਆ ਕਿ ਮੋਦੀ ਦੀ ਫਾਸ਼ੀਵਾਦੀ ਹਕੂਮਤ ਵੱਲੋਂ ਲੋਕ ਪੱਖੀ ਬੁੱਧੀਜੀਵੀਆਂ ਨੂੰ ਨਿਸ਼ਾਨਾ ਬਣਾਉਣ ਦੀ ਅਗਲੀ ਕੜੀ ਵਜੋਂ ਹੀ ਡਾਕਟਰ ਨਵਸ਼ਰਨ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਹਨਾਂ ਆਖਿਆ ਕਿ ਡਾਕਟਰ ਨਵਸ਼ਰਨ ਲੰਮੇਂ ਸਮੇਂ ਤੋਂ ਖੇਤ ਮਜ਼ਦੂਰਾਂ, ਦਲਿਤਾਂ, ਔਰਤਾਂ ਅਤੇ ਕਿਸਾਨਾਂ ਸਮੇਤ ਦੱਬੇ ਕੁਚਲੇ ਲੋਕਾਂ ਦੇ ਹੱਕ ‘ਚ ਅਵਾਜ਼ ਬੁਲੰਦ ਕਰਦੀ ਆ ਰਹੀ ਹੈ। ਉਹਨਾਂ ਆਖਿਆ ਕਿ ਸ਼ਾਹੀਨ ਬਾਗ਼ ਦੇ ਮੋਰਚੇ ਤੋਂ ਇਲਾਵਾ ਦਿੱਲੀ ਦੇ ਕਿਸਾਨ ਅੰਦੋਲਨ ਦੌਰਾਨ ਡਾਕਟਰ ਨਵਸ਼ਰਨ ਵੱਲੋਂ ਮੋਦੀ ਸਰਕਾਰ ਦੇ ਗੈਰਜ਼ਰੂਰੀ,ਧੱਕੜ ਤੇ ਜਾਬਰ ਕਦਮਾਂ ਖਿਲਾਫ ਇਕੱਠਾਂ ‘ਚ ਸ਼ਰੀਕ ਹੋਣ ਤੋਂ ਇਲਾਵਾ ਆਪਣੀਆਂ ਲਿਖਤਾਂ ਰਾਹੀਂ ਦੇਸ਼ ਵਿਦੇਸ਼ ਦੇ ਇਨਸਾਫਪਸੰਦ ਲੋਕਾਂ ਨੂੰ ਮੋਦੀ ਸਰਕਾਰ ਦੇ ਕੋਝੇ ਮਨਸੂਬਿਆਂ ਤੋਂ ਜਾਣੂੰ ਕਰਵਾਉਣ ‘ਚ ਅਹਿਮ ਯੋਗਦਾਨ ਪਾਇਆ ਗਿਆ ਜਿਸ ਕਰਕੇ ਉਹ ਮੋਦੀ ਦੀ ਫਾਸ਼ੀਵਾਦੀ ਹਕੂਮਤ ਦੀ ਅੱਖ ‘ਚ ਰੜਕ ਰਹੀ ਹੈ। ਉਹਨਾਂ ਖੇਤ ਮਜ਼ਦੂਰਾਂ ਸਮੇਤ ਸਮੂਹ ਸੰਘਰਸ਼ਸ਼ੀਲ, ਜਮਹੂਰੀ ਤੇ ਇਨਸਾਫਪਸੰਦ ਜਥੇਬੰਦੀਆਂ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੋਦੀ ਸਰਕਾਰ ਵੱਲੋਂ ਡਾਕਟਰ ਨਵਸ਼ਰਨ ਨੂੰ ਤੰਗ ਪ੍ਰੇਸ਼ਾਨ ਕਰਨ ਵਾਲੇ ਕਦਮਾਂ ਖਿਲਾਫ ਰੋਹ ਭਰਪੂਰ ਅਵਾਜ਼ ਬੁਲੰਦ ਕਰਨ।