ਗੁਰਦਾਸਪੁਰ, 10 ਮਈ (ਸਰਬਜੀਤ ਸਿੰਘ)– ਸੀ ਪੀ ਆਈ ਐਮ ਐਲ ਲਿਬਰੇਸ਼ਨ ਦੇ ਵਰਕਰਾਂ ਨੇ ਭੰਡਾਰੀ ਪੁਲ ਉਪਰ ਇਕਤ੍ਰ ਹੋਂਣ ਤੋਂ ਬਾਅਦ ਜੰਤ੍ਰ ਮੰਤ੍ਰ ਨਵੀਂ ਦਿੱਲੀ ਵਿਖੇ ਧਰਨਾ ਦੇ ਰਹੀਆਂ ਪਹਿਲਵਾਨ ਲੜਕੀਆਂ ਦੇ ਹੱਕ ਵਿੱਚ ਹਾਲ ਗੇਟ ਤੱਕ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਨੂੰ ਗਿਰਫ਼ਤਾਰ ਕਰਨ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ। ਇਸ ਸਮੇਂ ਬੋਲਦਿਆਂ ਜ਼ਿਲ੍ਹਾ ਪਾਰਟੀ ਆਗੂ ਬਲਬੀਰ ਸਿੰਘ ਮੂਧਲ, ਨਿਰਮਲ ਸਿੰਘ ਛੱਜਲਵੱਡੀ ਅਤੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਕੌਮਾਂਤਰੀ ਪੱਧਰ ਦੀਆਂ ਖਿਡਾਰਨਾਂ ਨਾਲ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਲੋਂ ਜਿਣਸੀ ਸ਼ੋਸ਼ਣ ਦੀਆਂ ਆਈਆਂ ਸ਼ਕਾਇਤਾਂ ਨੇਂ ਦੇਸ਼ ਨੂੰ ਸ਼ਰਮਸ਼ਾਰ ਕਰ ਦਿੱਤਾ ਹੈ, ਹੈਰਾਨੀ ਇਸ ਗੱਲ ਦੀ ਹੈ ਦੇਸ਼ ਦੇ ਸਭ ਤੋਂ ਵਡੇ ਬਾਹੂਬਲੀ ,ਜਿਸ ਉੱਪਰ 40 ਕੇਸ ਚੱਲ ਰਹੇ ਹਨ, ਨੂੰ ਲੰਬੇ ਸਮੇਂ ਤੋਂ ਕੁਸ਼ਤੀ ਫੈਡਰੇਸ਼ਨ ਦਾ ਪ੍ਰਧਾਨ ਬਣਾ ਰਖਿਆ ਹੈ ਜੋ ਭਾਜਪਾ ਦਾ ਮੌਜੂਦਾ ਐਮ ਪੀ ਵੀ ਹੈ। ਇਸ ਬਾਹੂਬਲੀ ਪ੍ਰਧਾਨ ਵਿਰੁੱਧ ਧਰਨੇ ਤੋਂ ਪਹਿਲਾਂ ਇਕ ਨਾਬਾਲਗ ਖਿਡਾਰਨ ਸਮੇਤ 7 ਬਚੀਆਂ ਖਿਡਾਰਨਾਂ ਨੇ ਪ੍ਰਧਾਨ ਮੰਤਰੀ ਸਮੇਤ ਸਬੰਧਤ ਅਫਸਰਾਂ ਅਤੇ ਆਗੂਆਂ ਨੂੰ ਜਿਣਸੀ ਸ਼ੋਸ਼ਣ ਦੀਆਂ ਸ਼ਕਾਇਤਾਂ ਕੀਤੀਆਂ ਸਨ ਪਰ ਕਿਸੇ ਵੀ ਪੱਧਰ ਤੇ ਇਨ੍ਹਾਂ ਬਚੀਆਂ ਨੂੰ ਇਨਸਾਫ ਦੀ ਕਿਰਨ ਨਾਂ ਦਿਸੀ ਤਾਂ ਬੀਤੇ ਤਿੰਨ ਮਹੀਨਿਆਂ ਦੌਰਾਨ ਉਨ੍ਹਾਂ ਨੂੰ ਦੂਸਰੀ ਵਾਰ ਧਰਨੇ ਤੇ ਬੈਠਣਾ ਪਿਆ ਹੈ ਪਰ ਅਫਸੋਸ ਹੈ ਕਿ ਦੇਸ ਦਾ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਜ਼ਬਾਨ ਤੱਕ ਨਹੀਂ ਖੋਲ ਰਹੇ ਜਦੋਂ ਕਿ ਦੇਸ਼ ਦੀ ਜਨਤਾ ਖਿਡਾਰਨ ਬਚੀਆਂ ਲਈ ਇਨਸਾਫ ਦੀ ਗੁਹਾਰ ਲਗਾ ਰਹੀ ਹੈ।
ਬੱਖਤਪੁਰਾ ਨੇ ਕਿਹਾ ਕਿ ਆਖਰ ਮੋਦੀ ਸਰਕਾਰ ਇਸ ਬਾਹੂਬਲੀ ਪ੍ਰਧਾਨ ਨੂੰ ਕਿਉਂ ਬਚਾ ਰਹੀ ਹੈ ਜਦੋਂ ਕਿ ਕਨੂੰਨ ਮੰਗ ਕਰਦਾ ਹੈ ਕਿ ਹੁਣ ਤੱਕ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਫੈਡਰੇਸ਼ਨ ਦੀ ਪ੍ਰਧਾਨਗੀ ਅਤੇ ਐਮ ਪੀ ਸਿਪ ਤੋਂ ਫਾਰਗ ਕਰਕੇ ਜੇਲ੍ਹ ਵਿਚ ਸੁਟਿਆ ਜਾਂਦਾ। ਉਨ੍ਹਾਂ ਦੋਸ ਲਾਇਆ ਕਿ ਮੋਦੀ ਸਰਕਾਰ ਜਾਂਚ ਨੂੰ ਲਮਕਾ ਕੇ ਮਸਲੇ ਨੂੰ ਦੱਬਾ ਦੇਣ ਦੀ ਕੋਸ਼ਿਸ਼ ਵਿਚ ਹੈ ਇਸ ਕਾਰਨ ਹੀ ਇਸ ਸਬੰਧੀ ਬਣੀ ਜਾਂਚ ਕਮੇਟੀ ਦੀ ਰਿਪੋਰਟ ਨੂੰ ਜਨਤਕ ਨਹੀਂ ਕੀਤਾ ਜਾ ਰਿਹਾ ਹੈ ਜਦੋਂ ਕਿ ਖਿਡਾਰਨਾ ਇਸ ਨੂੰ ਜਨਤਕ ਕਰਨ ਦੀ ਮੰਗ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਫੈਡਰੇਸ਼ਨ ਪ੍ਰਧਾਨ ਨੂੰ ਪੌਸਕੋ ਕਨੂੰਨ ਤਹਿਤ ਗ੍ਰਿਫਤਾਰ ਕਰੇ, ਜ਼ੇਕਰ ਸਰਕਾਰ ਨੇ ਹੋਰ ਲੰਬਾ ਸਮਾਂ ਇਸ ਮਸਲੇ ਨੂੰ ਲਮਕਾਉਣ ਦੀ ਨੀਤੀ ਜਾਰੀ ਰੱਖੀ ਤਾਂ ਇਸ ਦਾ ਜੁਆਬ ਸਰਕਾਰ ਨੂੰ ਜਨਤਾ ਦੀ ਕਚਹਿਰੀ ਵਿੱਚ ਦੇਣਾ ਪਵੇਗਾ। ਇਸ ਸਮੇਂ ਪ੍ਰਦਰਸ਼ਨ ਵਿਚ ਮੰਗਲ ਸਿੰਘ ਧਰਮਕੋਟ, ਸ਼ਮਸ਼ੇਰ ਸਿੰਘ ਹੇਰ, ਮਨਜੀਤ ਸਿੰਘ ਗਹਿਰੀ ਮੰਡੀ ਜੀਵਨ ਸ਼ਰਮਾ, ਜਸਬੀਰ ਕੌਰ ਹੇਰ, ਪ੍ਰਵੇਸ਼ ਰਾਣੀ,ਸੋਨੀ ਹਲਵਾਈ,ਦੀਪਕ ਵੇਰਕਾ,ਐਮ ਪ੍ਰਕਾਸ਼,ਹਰਦੀਪ ਸਿੰਘ ਬੱਗਾ ਕਲਾਂ, ਰਛਪਾਲ ਸਿੰਘ ਬੱਲਲੱਭਏ, ਵਿਜੇ ਸੋਹਲ, ਦਲਬੀਰ ਭੋਲਾ, ਕੁਲਦੀਪ ਰਾਜੂ, ਸ਼ਾਮਲ ਸਨ