ਸਰਕਾਰ ਮੁਆਵਜ਼ੇ ਦੀ ਜਾਣਕਾਰੀ ਤੋੜ-ਮਰੋੜ ਕੇ ਦੇ ਰਹੀ ਹੈ: ਵਿਰੋਧੀ ਧਿਰ ਦੇ ਆਗੂ
ਜਲੰਧਰ, ਗੁਰਦਾਸਪੁਰ 23 ਅਪ੍ਰੈਲ (ਸਰਬਜੀਤ ਸਿੰਘ)– ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸ਼ਨੀਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਨ੍ਹਾਂ ਲਾਭਪਾਤਰੀਆਂ ਦੀ ਸੂਚੀ ਜਨਤਕ ਕਰਨ ਲਈ ਕਿਹਾ, ਜਿਨ੍ਹਾਂ ਨੂੰ, ਉਨ੍ਹਾਂ ਦੇ ਅਨੁਸਾਰ, ਗੜੇਮਾਰੀ ਅਤੇ ਬੇਵਕਤੀ ਬਾਰਸ਼ ਕਾਰਨ ਕਣਕ ਦੀ ਫ਼ਸਲ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਮਿਲ ਗਿਆ ਹੈ।
ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਮੁਆਵਜ਼ਾ ਵਿਸਾਖੀ ਦੇ ਤਿਉਹਾਰ ਤੋਂ ਪਹਿਲਾਂ ਵੰਡ ਦਿੱਤਾ ਜਾਵੇਗਾ। ਪਰ ਅਸਲ ਵਿੱਚ ‘ਆਪ’ ਦਾ ਹਰ ਉਸ ਕਿਸਾਨ ਨੂੰ ਵਿੱਤੀ ਰਾਹਤ ਦੇਣ ਦਾ ਕੋਈ ਇਰਾਦਾ ਨਹੀਂ ਹੈ, ਜਿਸ ਦੀ ਕਣਕ ਦੀ ਫ਼ਸਲ ਨੂੰ ਨੁਕਸਾਨ ਪਹੁੰਚਿਆ ਸੀ। ਜਦੋਂ ਆਮ ਆਦਮ ਪਾਰਟੀ ਦੀ ਸਰਕਾਰ ਇਹ ਦਾਅਵਾ ਕਰਦੀ ਹੈ ਕਿ ਉਸ ਨੇ ਮੁਆਵਜ਼ਾ ਦਿੱਤਾ ਹੈ, ਤਾਂ ਇਹ ਅਸਲ ਵਿੱਚ ਪਹਿਲਾਂ ਵਾਂਗ ਝੂਠ ਬੋਲਦੀ ਹੈ। ਸਰਕਾਰ ਮੁਆਵਜ਼ੇ ਬਾਰੇ ਤੋੜ-ਮਰੋੜ ਕੇ ਜਾਣਕਾਰੀ ਦੇ ਰਹੀ ਹੈ।
“ਆਪ’ ਸਰਕਾਰ ਨੁਕਸਾਨ ਦਾ ਸਹੀ ਢੰਗ ਨਾਲ ਮੁਲਾਂਕਣ ਕਰਨ ਲਈ ਗਿਰਦਾਵਰੀ ਵੀ ਨਹੀਂ ਕਰਵਾ ਸਕੀ ਕਿਉਂਕਿ ਉਸ ਕੋਲ ਮਾਲ ਵਿਭਾਗ ਵਿੱਚ ਪਟਵਾਰੀਆਂ ਅਤੇ ਅਜਿਹੇ ਹੋਰ ਅਧਿਕਾਰੀਆਂ ਦੀ ਘਾਟ ਸੀ। ਬਹੁਤੇ ਪਿੰਡਾਂ ਵਿਚ, ਸਬੰਧਿਤ ਅਧਿਕਾਰੀਆਂ ਨੇ ਪ੍ਰਭਾਵਿਤ ਖੇਤਾਂ ਦਾ ਦੌਰਾ ਨਹੀਂ ਕੀਤਾ। ਉਹ ਜਾਂ ਤਾਂ ਆਪਣੇ ਦਫ਼ਤਰਾਂ ਵਿੱਚ ਰਹੇ ਅਤੇ ਫ਼ੋਨ ‘ਤੇ ਇਕੱਠੀ ਕੀਤੀ ਜਾਣਕਾਰੀ ਨਾਲ ਕਾਗ਼ਜ਼ੀ ਕਾਰਵਾਈ ਪੂਰੀ ਕੀਤੀ ਜਾਂ ਉਨ੍ਹਾਂ ਨੇ ਪਿੰਡਾਂ ਦੇ ਸਰਪੰਚਾਂ ਦੇ ਘਰਾਂ ਦਾ ਦੌਰਾ ਕੀਤਾ ਅਤੇ ਉੱਥੇ ਬੈਠ ਕੇ ਸਰਵੇਖਣ ਪੂਰਾ ਕੀਤਾ”, ਬਾਜਵਾ ਨੇ ਅੱਗੇ ਕਿਹਾ।
ਇੱਕ ਬਿਆਨ ਵਿਚ ਬਾਜਵਾ ਨੇ ਕਿਹਾ ਕਿ ਇੰਨੇ ਘੱਟ ਸਮੇਂ ਵਿਚ ਅਤੇ ਜਨਸ਼ਕਤੀ ਘੱਟ ਹੋਣ ਕਾਰਨ ਸੂਬੇ ਵਿਚ ਫ਼ਸਲਾਂ ਦੇ ਹੋਏ ਸਮੁੱਚੇ ਨੁਕਸਾਨ ਦੀ ਗਿਰਦਾਵਰੀ ਬਿਲਕੁਲ ਸੰਭਵ ਨਹੀਂ ਹੈ।
ਵਿਰੋਧੀ ਧਿਰ ਦੇ ਆਗੂ ਨੇ ਅੱਗੇ ਕਿਹਾ, “ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਜ਼ਿਆਦਾਤਰ ਮਾਮਲਿਆਂ ਵਿੱਚ ਫ਼ਸਲਾਂ ਦੇ ਨੁਕਸਾਨ ਨੂੰ 25 ਫੀਸਦੀ ਤੋਂ ਘੱਟ ਦਿਖਾਉਣ ਦੇ ਨਿਰਦੇਸ਼ ਦਿੱਤੇ ਗਏ ਸਨ ਤਾਂ ਜੋ ਜ਼ਿਆਦਾਤਰ ਕਿਸਾਨਾਂ ਨੂੰ ਮੁਆਵਜ਼ੇ ਤੋਂ ਵਾਂਝਾ ਰੱਖਿਆ ਜਾ ਸਕੇ, ਭਾਵੇਂ ਕਿ ਅਸਲ ਵਿੱਚ ਉਨ੍ਹਾਂ ਦਾ ਨੁਕਸਾਨ 50 ਫ਼ੀਸਦੀ ਤੋਂ ਵੀ ਵੱਧ ਹੋਇਆ ਹੈ। ਇਸ ਤਰਾਂ ਕਰ ਕੇ ‘ਆਪ’ ਸਰਕਾਰ ਮੁਆਵਜ਼ੇ ਦੇ ਬੋਝ ਨੂੰ ਘੱਟ ਕਰਨਾ ਚਾਹੁੰਦੀ ਸੀ।”
ਉਨ੍ਹਾਂ ਕਿਹਾ ਕਿ ‘ਆਪ’ ਪੰਜਾਬ ਵਿੱਚ ਸਭ ਤੋਂ ਵੱਧ ਕਿਸਾਨ ਵਿਰੋਧੀ ਸਰਕਾਰ ਹੈ। ਇਸ ਤੋਂ ਪਹਿਲਾਂ, ਵੱਖ-ਵੱਖ ਮੌਕਿਆਂ ‘ਤੇ, ‘ਆਪ’ ਸਰਕਾਰ ਵਿਸ਼ੇਸ਼ ਤੌਰ ‘ਤੇ ਕਿਸਾਨਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਅਸਫਲ ਰਹੀ, ਜਿਸ ਵਿੱਚ ਪਿਛਲੇ ਸਾਲ ਸੁੱਕੇ ਅਨਾਜ ਲਈ ਮੁਆਵਜ਼ਾ ਦੇਣਾ, ਐਮਐਸਪੀ ‘ਤੇ ਮੂੰਗੀ ਦਾਲ ਦੀ ਖ਼ਰੀਦ ਕਰਨਾ, ਝੋਨੇ ਦੀ ਫ਼ਸਲ ਨੂੰ ਬੌਣੀ ਬਿਮਾਰੀ ਲਈ ਰਾਹਤ, ਡੇਅਰੀ ਕਿਸਾਨਾਂ ਲਈ ਐਲਐਸਡੀ ਰਾਹਤ, ਪਰਾਲੀ ਪ੍ਰਬੰਧਨ ‘ਤੇ ਨਕਦ ਪ੍ਰੋਤਸਾਹਨ ਅਤੇ ਹੁਣ ਇਹ ਤਾਜ਼ਾ ਮਸਲਾ ਸ਼ਾਮਲ ਹੈ।