*ਜ਼ਿਲ੍ਹਾ ਸਿੱਖਿਆ ਅਫ਼ਸਰ ਭਾਟੀਆ ਨੇ ਲਿਆ ਤਿਆਰੀਆਂ ਦਾ ਜਾਇਜ਼ਾ *
*ਗੁਰਦਾਸਪੁਰ 13 ਜਨਵਰੀ (ਸਰਬਜੀਤ ਸਿੰਘ) —66ਵੀਆਂ ਪੰਜਾਬ ਸਕੂਲਜ ਖੇਡਾਂ ਜੂਡੋ ਅੰਡਰ 17 ਲੜਕੇ/ਲੜਕੀਆਂ ਸਬੰਧੀ ਗੁਰਦਾਸਪੁਰ ਵਿਖੇ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਇਸ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ:/ਐਲੀ: ਅਮਰਜੀਤ ਸਿੰਘ ਭਾਟੀਆ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ: ਲਖਵਿੰਦਰ ਸਿੰਘ ਵੱਲੋਂ ਸਥਾਨਕ ਸਰਕਾਰੀ ਮਾਡਲ ਸੀਨੀ: ਸੈਕੰ: ਸਕੂਲ ਲੜਕੇ ਵਿਖੇ ਪਹੁੰਚ ਕੇ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਈ.ਓ. ਭਾਟੀਆ ਨੇ ਦੱਸਿਆ ਕਿ ਮਿਤੀ 17 ਜਨਵਰੀ ਤੋਂ 20 ਜਨਵਰੀ ਤੱਕ ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਗੁਰਦਾਸਪੁਰ ਵਿਖੇ 66ਵੀਆਂ ਪੰਜਾਬ ਸਕੂਲਜ ਖੇਡਾਂ ਜੂਡੋ ਅੰਡਰ 17 ਲੜਕੇ/ਲੜਕੀਆਂ ਹੋ ਰਹੀਆਂ ਹਨ , ਜਿਸ ਵਿੱਚ ਪੰਜਾਬ ਭਰ ਤੋਂ 500 ਦੇ ਲਗਭਗ ਖਿਡਾਰੀ ਤੇ ਅਧਿਕਾਰੀ ਸ਼ਿਰਕਤ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਚੈਂਪੀਅਨਸ਼ਿਪ ਨੂੰ ਸੰਚਾਰੂ ਰੂਪ ਵਿੱਚ ਕਰਵਾਉਣ ਲਈ ਵੱਖ-ਵੱਖ ਕਮੇਟੀਆਂ ਬਣਾ ਕੇ ਅਧਿਆਪਕਾਂ ਅਤੇ ਸਕੂਲ ਮੁੱਖੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਇਸ ਦੌਰਾਨ ਅੱਜ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਲੜਕੇ ਗੁਰਦਾਸਪੁਰ ਵਿਖੇ ਸਿੱਖਿਆ ਅਧਿਕਾਰੀਆਂ ਵੱਲੋਂ ਸਰੀਰਕ ਸਿੱਖਿਆ ਨਾਲ ਸੰਬੰਧਤ ਅਧਿਆਪਕਾਂ ਤੇ ਸਕੂਲ ਮੁੱਖੀਆਂ ਨਾਲ ਮੀਟਿੰਗ ਕਰਕੇ ਖੇਡ ਪ੍ਰਬੰਧਾਂ ਦਾ ਜਾਇਜ਼ਾ ਲਿਆ। ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਪ੍ਰਿੰਸੀਪਲ ਗੱਜਣ ਸਿੰਘ , ਪ੍ਰਿੰਸੀਪਲ ਅਮਨਦੀਪ ਸਿੰਘ ਪਨਿਆੜ ਅਤੇ ਪ੍ਰਿੰਸੀਪਲ ਬਲਵਿੰਦਰ ਕੌਰ ਬਾਜਵਾ ਕੇ ਕੁਹਾ ਕਿ ਇਸ ਟੂਰਨਾਮੈਂਟ ਨੂੰ ਸੰਪੰਨ ਕਰ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ ਅਤੇ ਇਸ ਲਈ ਢੁਕਵੇਂ ਪ੍ਰਬੰਧ ਕਰ ਲਏ ਗਏ ਹਨ। ਬੱਚਿਆਂ ਦੀ ਰਿਹਾਇਸ਼ ਲਈ ਵੱਖ-ਵੱਖ ਸਕੂਲਾਂ ਵਿੱਚ ਸ਼ਰੀਰਕ ਸਿੱਖਿਆ ਅਧਿਆਪਕਾਂ ਨੂੰ ਜਿੰਮੇਵਾਰੀ ਦਿੱਤੀ ਗਈ ਹੈ। ਰਿਫਰੈਸ਼ਮੈਂਟ ਕਮੇਟੀ ਵੱਲੋਂ ਖਾਣੇ ਦਾ ਪ੍ਰਬੰਧ ਖ਼ਾਲਸਾ ਸੀਨੀ ਸੈਕੰ ਸਕੂਲ ਵਿਖੇ ਕੀਤਾ ਗਿਆ ਹੈ। ਇਸ ਮੌਕੇ ਜੂਡੋ ਕੋਚ ਅਮਰਜੀਤ ਸ਼ਾਸਤਰੀ ਨੇ ਸਮੁੱਚੇ ਖੇਡਾਂ ਨਾਲ ਸੰਬੰਧਤ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਇਸ ਦੌਰਾਨ ਖੇਡਾਂ ਨੂੰ ਸੁਚੱਜੇ ਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ।