ਦੇਸ਼ ਭਰ ਵਿਚੋਂ ਆਏ 100 ਹਸ਼ਤਸ਼ਿਲਪੀ ਵੇਚ ਰਹੇ ਹਨ ਹੱਥੀਂ ਤਿਆਰ ਕੀਤਾ ਸਮਾਨ
ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਵਾਸੀਆਂ ਨੂੰ ਕਰਾਫ਼ਟ ਬਜ਼ਾਰ ਵਿੱਚ ਪਹੁੰਚ ਕੇ ਖਰੀਦਦਾਰੀ ਕਰਨ ਦਾ ਸੱਦਾ
14 ਦਸੰਬਰ ਤੱਕ ਚੱਲੇਗਾ ਗੁਰਦਾਸਪੁਰ ਵਿੱਚ ਕਰਾਫਟ ਬਜ਼ਾਰ
ਗੁਰਦਾਸਪੁਰ, 8 ਦਸੰਬਰ (ਸਰਬਜੀਤ ਸਿੰਘ ) – ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਭਾਰਤ ਸਰਕਾਰ ਦੇ ਕੱਪੜਾ ਮੰਤਰਾਲਾ ਤੇ ਹਸਤਸ਼ਿਲਪ ਵਿਭਾਗ ਦੇ ਸਹਿਯੋਗ ਨਾਲ ਗੁਰਦਾਸਪੁਰ ਸ਼ਹਿਰ ਦੇ ਹਰਦੋਛੰਨੀ ਰੋਡ ’ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰੀਜ਼ਨਲ ਕੈਂਪਸ ਦੇ ਸਾਹਮਣੇ ਗਰਾਊਂਡ ਵਿੱਚ ਲਗਾਇਆ ਕਰਾਫ਼ਟ ਬਜ਼ਾਰ ਅੱਜ ਸ਼ੁਰੂ ਹੋ ਗਿਆ ਹੈ। ਇਸ ਕਰਾਫਟ ਬਜ਼ਾਰ ਦਾ ਉਦਘਾਟਨ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਮਨਮੋਹਨ ਸਿੰਘ, ਡੀ.ਡੀ.ਪੀ.ਓ. ਸ੍ਰੀ ਸੰਦੀਪ ਮਲਹੋਤਰਾ, ਸਮੂਹ ਬੀ.ਡੀ.ਪੀ.ਓਜ਼ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ। ਇਸ ਕਰਾਫ਼ਟ ਬਜ਼ਾਰ ਵਿੱਚ ਦੇਸ਼ ਭਰ ਵਿਚੋਂ 100 ਹਸ਼ਤਸ਼ਿਲਪੀ ਭਾਗ ਲੈ ਰਹੇ ਹਨ ਅਤੇ ਉਨ੍ਹਾਂ ਵੱਲੋਂ ਆਪਣਾ ਸਮਾਨ ਪ੍ਰਦਰਸ਼ਨੀ ਲਗਾ ਕੇ ਵੇਚਿਆ ਜਾ ਰਿਹਾ ਹੈ। ਗੁਰਦਾਸਪੁਰ ਸ਼ਹਿਰ ਵਿੱਚ ਇਹ ਕਰਾਫਟ ਬਜ਼ਾਰ 14 ਦਸੰਬਰ ਤੱਕ ਚੱਲੇਗਾ।
ਕਰਾਫਟ ਬਜ਼ਾਰ ਦਾ ਉਦਘਾਟਨ ਕਰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਸਰਕਾਰ ਵੱਲੋਂ ਕਰਾਫਟ ਬਜ਼ਾਰ ਲਗਾਉਣ ਦਾ ਮੁੱਖ ਉਦੇਸ਼ ਜੋ ਕਾਰੀਗਰ ਰਜਿਸਟਰਡ ਹਨ ਉਨ੍ਹਾਂ ਨੂੰ ਮਾਰਕਟਿੰਗ ਸਹੂਲਤਾਂ ਪ੍ਰਦਾਨ ਕਰਨੀਆਂ ਹਨ ਤਾਂ ਜੋ ਕਾਰੀਗਰ ਆਪਣੀਆਂ ਤਿਆਰ ਕੀਤੀਆਂ ਵਸਤਾਂ ਨੂੰ ਵੇਚ ਸਕਣ ਅਤੇ ਆਪਣੀ ਰੋਜ਼ੀ-ਰੋਟੀ ਕਮਾ ਸਕਣ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਕਾਰੀਗਰਾਂ ਨੂੰ ਆਉਣ-ਜਾਣ ਦਾ ਕਿਰਾਇਆ ਅਤੇ 500 ਰੁਪਏ ਪ੍ਰਤੀ ਦਿਨ ਡੀ.ਏ. ਉਨ੍ਹਾਂ ਦੇ ਬੈਂਕ ਖਾਤੇ ਵਿੱਚ ਟਰਾਂਸਫਰ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕਰਾਫਟ ਬਜ਼ਾਰ ਵਿੱਚ ਜਿਥੇ ਸ਼ਿਲਪਕਾਰਾਂ ਵੱਲੋਂ ਆਪਣੇ ਹੱਥੀਂ ਬਣਾਏ ਸਮਾਨ ਨੂੰ ਵੇਚਿਆ ਜਾ ਰਿਹਾ ਹੈ ਓਥੇ ਬੱਚਿਆਂ ਅਤੇ ਆਮ ਲੋਕਾਂ ਦੇ ਮੰਨੋਰੰਜ਼ਨ ਲਈ ਝੁਲੇ ਤੇ ਫੂਡ ਕੋਰਟ ਦਾ ਪ੍ਰਬੰਧ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਕਰਾਫਟ ਬਜ਼ਾਰ ਵਿੱਚ ਵੱਧ-ਚੜ ਕੇ ਪਹੁੰਚਣ ਅਤੇ ਸ਼ਿਲਪਕਾਰਾਂ ਦੇ ਸਮਾਨ ਨੂੰ ਖਰੀਦ ਕੇ ਅਲੋਪ ਹੋ ਰਹੀ ਇਸ ਕਲਾ ਨੂੰ ਜੀਵਤ ਰੱਖਣ ਵਿੱਚ ਆਪਣਾ ਯੋਗਦਾਨ ਪਾਉਣ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸ਼ਿਲਪਕਾਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਵੱਲੋਂ ਤਿਆਰ ਕੀਤੇ ਸਮਾਨ ਨੂੰ ਦੇਖਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਮਨਮੋਹਨ ਸਿੰਘ ਨੇ ਕਿਹਾ ਕਿ ਗੁਰਦਾਸਪੁਰ ਸ਼ਹਿਰ ਵਿਖੇ ਲੱਗੇ ਇਸ ਕਰਾਫ਼ਟ ਬਜ਼ਾਰ ਵਿੱਚ ਸ਼ਿਲਪਕਾਰਾਂ ਵੱਲੋਂ ਆਪਣੇ ਹੱਥੀਂ ਤਿਆਰ ਕੀਤਾ ਬਹੁਤ ਵਧੀਆ ਸਮਾਨ ਵੇਚਿਆ ਜਾ ਰਿਹਾ ਹੈ ਜੋ ਆਮ ਤੌਰ ’ਤੇ ਦੁਕਾਨਾਂ ਵਿਚੋਂ ਨਹੀਂ ਮਿਲਦਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਇਸ ਮੇਲੇ ਵਿੱਚ ਪਹੁੰਚ ਕੇ ਖਰੀਦਦਾਰੀ ਕਰਨ।