ਗੁਰਦਾਸਪੁਰ, 8 ਦਸੰਬਰ (ਸਰਬਜੀਤ ਸਿੰਘ)–ਅੱਜ ਇੱਥੇ ਆਲ ਇੰਡੀਆ ਸੈਂਟਰਲ ਕੌਸਲ ਆਫ ਟਰੇਡ ਯੂਨੀਅਨਜ ,ਏਕਟੂ, ਵਲੋਂ ਭੱਠਾ ਮਜ਼ਦੂਰਾਂ ਦੀ ਰੈਲੀ ਕਰਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਮੰਗ ਪੱਤਰ ਦਿੱਤਾ ਗਿਆ।
ਰੈਲੀ ਵਿਚ ਬੋਲਦਿਆਂ ਏਕਟੂ ਦੇ ਸੂਬਾ ਜਨਰਲ ਸਕੱਤਰ ਕਾਮਰੇਡ ਗੁਲਜ਼ਾਰ ਸਿੰਘ ਭੁੰਬਲੀ, ਜ਼ਿਲ੍ਹਾ ਪ੍ਰਧਾਨ ਜੋਗਿੰਦਰ ਪਾਲ ਲੇਹਲ ਅਤੇ ਏਕਟੂ ਆਗੂ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਇੱਕ ਸਤੰਬਰ ਤੋਂ ਵੱਧ ਕੇ ਆਈਆਂ ਘੱਟੋ ਘੱਟ ਉਜਰਤਾ ਨੂੰ ਭੱਠਾ ਮਜ਼ਦੂਰਾਂ ਲਈ ਲਾਗੂ ਕਰਵਾਏ। ਉਨ੍ਹਾਂ ਕਿਹਾ ਕਿ ਕਰੋਨਾ ਕਰਕੇ ਸਰਕਾਰ ਨੇ ਦੋ ਸਾਲਾਂ ਤੱਕ ਮਜ਼ਦੂਰਾਂ ਦੀਆਂ ਉਜ਼ਰਤਾਂ ਵਾਧਾ ਨਹੀਂ ਸੀ ਕੀਤਾ ਅਤੇ ਹੁਣ ਸਰਕਾਰ ਦੁਆਰਾ ਏਲਾਨੇ ਗਏ ਵਾਧੇ ਨੂੰ ਮਾਲਕ ਲਾਗੂ ਕਰਨ ਤੋਂ ਭੱਜ ਰਹੇ ਹਨ। ਭੱਠਿਆਂ ਉਪਰ ਕਿਰਤ ਕਨੂੰਨਾਂ ਦੀ ਨਾਂ ਭੱਠਾ ਮਾਲਕਾਂ ਵੱਲੋਂ ਪਾਲਣਾ ਕੀਤੀ ਜਾਂਦੀ ਹੈ ਅਤੇ ਨਾ ਹੀ ਕਿਰਤ ਵਿਭਾਗ ਕਿਰਤ ਕਨੂੰਨਾਂ ਨੂੰ ਲਾਗੂ ਕਰਨ ਲਈ ਕਦੇ ਯਤਨਸ਼ੀਲ਼ ਦੇਖਿਆ ਗਿਆ ਹੈ। ਨਿਕਾਸੀ,ਭਰਾਈ ਅਤੇ ਜਲਾਈ ਮਜ਼ਦੂਰਾਂ ਨੂੰ ਘੱਟੋ ਘੱਟ ਉਜਰਤ ਦਾ ਅੱਧ ਵੀ ਨਹੀਂ ਦਿੱਤਾ ਜਾਂਦਾ ਨਾਂ ਹੀ ਜਮਾਂਦਾਰਾ ਨੂੰ ਪੂਰਾ ਜਮਾਦਾਰੀ ਕਮਿਸ਼ਨ ਮਿਲਦਾ ਹੈ, ਕਿਰਤ ਕਨੂੰਨਾਂ ਅਨੁਸਾਰ ਕੰਮ ਵਾਲ਼ੀਆਂ ਥਾਂਵਾਂ ਤੇ ਸਾਫ਼ ਪਾਣੀ, ਪੈਖਾਨੇ ਅਤੇ ਬਾਥਰੂਮਾਂ ਦਾ ਪ੍ਰਬੰਧ ਕਰਨਾ ਭੱਠਾ ਮਾਲਕਾਂ ਦੀ ਜੁਮੇਵਾਰੀ ਬਣਦੀ ਹੈ ਪਰ ਪਥੇਰ ਵਰਕਰਾਂ, ਜਿਨ੍ਹਾਂ ਵਿਚ ਅਧ ਗਿਣਤੀ ਇਸਤਰੀ ਵਰਕਰਾਂ ਦੀ ਹੁੰਦੀ ਹੈ, ਲਈ ਨਾਂਮਾਤਰ ਪੈਖਾਨੈ ਵੀ ਨਹੀਂ ਬਣਾਏ ਜਾਂਦੇ ਹਨ। ਜੇਕਰ ਕੋਈ ਵਰਕਰ ਕੰਮ ਛੱਡ ਕੇ ਭੱਜ ਜਾਂਦਾ ਹੈ ਤਾਂ ਉਸਦੇ ਪੈਸੇ ਜਮਾਦਾਰ ਦੇ ਖਾਤੇ ਵਿੱਚ ਪਾ ਦਿਤੇ ਜਾਂਦੇ ਹਨ ਅਤੇ ਪ੍ਰਵਾਸੀ ਮਜ਼ਦੂਰਾਂ ਨਾਲ ਖਾਸ ਕਰਕੇ ਮਾਲਕਾਂ ਵੱਲੋਂ ਤਰ੍ਹਾਂ ਤਰ੍ਹਾਂ ਦੀਆਂ ਵਧੀਕੀਆਂ ਕੀਤੀਆਂ ਜਾਂਦੀਆਂ ਹਨ। ਰੈਲੀ ਵਿਚ ਬਰਸਾਤ ਭੱਟੀ, ਬੰਟੀ ਰੋੜਾਪਿੰਡੀ, ਅਤੇ ਗੋਪਾਲ ਕਿਸ਼ਨ ਪਾਲਾ ਸ਼ਾਮਲ ਸਨ।


