ਅਧਿਕਾਰੀਆਂ ਤੇ ਠੇਕੇਦਾਰ ਨੂੰ ਤਹਿ ਸਮੇਂ ਅੰਦਰ ਬੱਸ ਸਟੈਂਡ ਦਾ ਨਿਰਮਾਣ ਮੁਕੰਮਲ ਕਰਨ ਦੀਆਂ ਹਦਾਇਤਾਂ ਦਿੱਤੀਆਂ
ਗੁਰਦਾਸਪੁਰ, 13 ਜਨਵਰੀ (ਸਰਬਜੀਤ ਸਿੰਘ) – ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਅੱਜ ਗੁਰਦਾਸਪੁਰ ਸ਼ਹਿਰ ਵਿਖੇ ਬਣ ਰਹੇ ਨਵੇਂ ਬੱਸ ਸਟੈਂਡ ਦਾ ਅਚਨਚੇਤ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਬੱਸ ਸਟੈਂਡ ਦੇ ਨਿਰਮਾਣ ਕਾਰਜ ਦਾ ਜਾਇਜਾ ਲੈਣ ਦੇ ਨਾਲ ਨਗਰ ਸੁਧਾਰ ਟਰੱਸਟ ਗੁਰਦਾਸਪੁਰ ਅਤੇ ਬੱਸ ਸਟੈਂਡ ਦੀ ਉਸਾਰੀ ਕਰ ਰਹੇ ਠੇਕੇਦਾਰ ਨੂੰ ਹਦਾਇਤ ਕੀਤੀ ਕਿ ਤਹਿ ਸਮੇਂ ਅੰਦਰ ਬੱਸ ਸਟੈਂਡ ਦੇ ਨਿਰਮਾਣ ਨੂੰ ਮੁਕੰਮਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਠੇਕੇਦਾਰ ਵੱਲੋਂ ਤਹਿ ਸਮੇਂ ਅੰਦਰ ਬੱਸ ਸਟੈਂਡ ਦੇ ਨਿਰਮਾਣ ਨੂੰ ਮੁਕੰਮਲ ਨਾ ਕੀਤਾ ਗਿਆ ਤਾਂ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਇਸਦੇ ਨਾਲ ਹੀ ਨਗਰ ਸੁਧਾਰ ਟਰੱਸਟ ਦੇ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਹੈ ਕਿ ਉਹ ਬੱਸ ਸਟੈਂਡ ਦੀ ਉਸਾਰੀ ਨੂੰ ਮੁਕੰਮਲ ਕਰਵਾਉਣ ਲਈ ਨਿੱਜੀ ਦਿਲਚਸਪੀ ਲੈਣ ਅਤੇ ਚੱਲ ਰਹੇ ਕੰਮ ਦੀ ਖੁਦ ਨਿਗਰਾਨੀ ਕਰਨ। ਉਨ੍ਹਾਂ ਕਿਹਾ ਕਿ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਫਰਵਰੀ ਦੇ ਅਖੀਰ ਤੱਕ ਇਹ ਬੱਸ ਸਟੈਂਡ ਬਣ ਕੇ ਪੂਰੀ ਤਰਾਂ ਤਿਆਰ ਹੋ ਜਾਵੇ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਇਸ ਬੱਸ ਸਟੈਂਡ ਦੇ ਸ਼ੁਰੂ ਹੋਣ ਨਾਲ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ ਅਤੇ ਗੁਰਦਾਸਪੁਰ ਸ਼ਹਿਰ ਵਿੱਚੋਂ ਟਰੈਫਿਕ ਸਮੱਸਿਆ ਦਾ ਹੱਲ ਵੀ ਹੋਵੇਗਾ।