ਫ਼ਾਸ਼ੀਵਾਦ ਨੂੰ ਉਭਾਰ ਕੇ ਕੀਤਾ ਜਾ ਰਿਹਾ ਮਨੁੱਖੀ ਅਧਿਕਾਰਾਂ’ ਤੇ ਹਮਲਾ-ਪ੍ਰੋ. ਜਗਮੋਹਨ ਸਿੰਘ

ਗੁਰਦਾਸਪੁਰ

ਗੁਰਦਾਸਪੁਰ, 2 ਜਨਵਰੀ (ਸਰਬਜੀਤ ਸਿੰਘ)–ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਜ਼ਿਲ੍ਹਾ ਗੁਰਦਾਸਪੁਰ ਇਕਾਈ ਵੱਲੋਂ ਅੱਜ ਸਥਾਨਕ ਰਾਮ ਸਿੰਘ ਦੱਤ ਯਾਦਗਾਰ ਹਾਲ ਵਿਖੇ ਮਨੁੱਖੀ ਅਧਿਕਾਰਾਂ ਨੂੰ ਸਮਰਪਿਤ ਇਕ ਜਨ ਚੇਤਨਾ ਕਨਵੈਨਸ਼ਨ ਕਰਵਾਈ ਗਈ। ਇਸ ਕਨਵੈਨਸ਼ਨ ਦੀ ਪ੍ਰਧਾਨਗੀ ਡਾ.ਜਗਜੀਵਨ ਲਾਲ, ਅਮਰਜੀਤ ਸ਼ਾਸਤਰੀ, ਰਣਜੀਤ ਸਿੰਘ ਧਾਲੀਵਾਲ, ਅਮਰਜੀਤ ਸਿੰਘ ਮੰਨੀ, ਅਤੇ ਹਰਭਜਨ ਸਿੰਘ ਮਾਂਗਟ ਨੇ ਕੀਤੀ। ਕਨਵੈਨਸ਼ਨ ਵਿੱਚ ਮੁੱਖ ਬੁਲਾਰੇ ਵਜੋਂ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਪ੍ਰਧਾਨ ਅਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਭਾਣਜੇ ਪ੍ਰੋਫੈਸਰ ਜਗਮੋਹਨ ਸਿੰਘ ਨੇ ਸ਼ਿਰਕਤ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿੱਚ ਇਨਸਾਫ ਪਸੰਦ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਸਾਹਿਤਕਾਰ ਸ਼ਾਮਿਲ ਹੋਏ।

 ਪ੍ਰੋਫੈਸਰ ਜਗਮੋਹਨ ਸਿੰਘ ਵੱਲੋਂ ਆਪਨੇ ਵਿਸਥਾਰਤ ਭਾਸ਼ਣ ਵਿੱਚ ਦੇਸ਼ ਅੰਦਰ ਮਨੁੱਖੀ ਅਧਿਕਾਰਾਂ ਦੀ ਮੌਜੂਦਾ ਸਥਿਤੀ ਅਤੇ ਇਨ੍ਹਾਂ ਉਪਰ ਹੋ ਰਹੇ ਹੋ ਰਹੇ ਚਹੂੰਤਰਫਾ ਹਮਲਿਆਂ ਉੱਪਰ ਡੂੰਘੀ ਵਿਵੇਚਨਾ ਕੀਤੀ ਗਈ।

ਪ੍ਰੋ.ਜਗਮੋਹਨ ਸਿੰਘ ਨੇ ਕਿਹਾ ਕਿ ਹਰੇਕ ਮਨੁੱਖ ਨੂੰ ਉਸ ਦੀ ਪੈਦਾਇਸ਼ ਦੇ ਨਾਲ ਹੀ ਕਈ ਅਧਿਕਾਰ ਮਿਲ ਜਾਂਦੇ ਹਨ। ਇਹਨਾਂ ਵਿੱਚ ਨਾ ਸਿਰਫ ਜਿਊਂਣ ਦਾ ਅਧਿਕਾਰ ਸ਼ਾਮਿਲ ਹੈ ਸਗੋਂ ਪੂਰੀ ਇੱਜ਼ਤ ਮਾਣ ਨਾਲ ਜਿਊਂਣ ਦਾ ਅਧਿਕਾਰ ਹੈ। ਗੱਲ ਜਦੋਂ ਜਿਊਣ’ ਤੇ ਆਉਂਦੀ ਹੈ ਤਾਂ ਇਸ ਨਾਲ ਸਿੱਖਿਆ ਦਾ ਅਧਿਕਾਰ, ਸਿਹਤ ਦਾ ਅਧਿਕਾਰ, ਨਿੱਜੀ ਅਤੇ ਧਾਰਮਿਕ ਆਜ਼ਾਦੀ ਦਾ ਅਧਿਕਾਰ ਆਦਿ ਜੁੜ ਜਾਂਦੇ ਹਨ। ਪਰ ਅਫਸੋਸ ਦੀ ਗੱਲ ਹੈ ਕਿ ਸਰਕਾਰਾਂ ਦੀ ਪੁਸ਼ਤਪਨਾਹੀ ਹੇਠ ਇਨ੍ਹਾਂ ਸਾਰੇ ਅਧਿਕਾਰਾਂ ਉੱਪਰ ਚੌਤਰਫਾ ਹਮਲੇ ਕੀਤੇ ਜਾ ਰਹੇ ਹਨ। ਮੌਜੂਦਾ ਹਕੂਮਤ ਵੱਲੋਂ ਫਾਸ਼ੀਵਾਦ ਨੂੰ ਉਭਾਰ ਕੇ ਕਾਰਪੋਰੇਟ ਘਰਾਣਿਆਂ ਦੀ ਪਿੱਠ ਥਾਪੜੀ ਜਾ ਰਹੀ ਹੈ ਅਤੇ ਆਮ ਲੋਕਾਂ ਦੀ ਚੇਤਨਾ’ਤੇ ਡੂੰਘੀ ਸੱਟ ਮਾਰੀ ਜਾ ਰਹੀ ਹੈ। ਪ੍ਰੋ.ਜਗਮੋਹਨ ਸਿੰਘ ਨੇ ਹੋਰ ਕਿਹਾ ਕਿ ਆਪਸੀ ਭਾਈਚਾਰੇ ਦੇ ਵਿੱਚ ਦਰਾਰ ਪਾਉਣ ਦੇ ਮਕਸਦ ਨਾਲ ਜਨਤਾ ਨੂੰ ਅਨੇਕਾਂ ਵਰਗਾਂ ਵਿੱਚ ਵੰਡਿਆ ਜਾ ਰਿਹਾ ਹੈ। ਸੱਚ ਦਾ ਝੰਡਾ ਬੁਲੰਦ ਕਰਨ ਵਾਲਿਆਂ ਨੂੰ ਜੇਲ੍ਹੀ ਡੱਕਿਆ ਜਾ ਰਿਹਾ ਹੈ। ਸਮਾਜ ਦੇ ਚੇਤੰਨ ਵਰਗ ਤੋਂ ਹਕੂਮਤ ਨੂੰ ਖਤਰਾ ਮਹਿਸੂਸ ਹੁੰਦਾ ਜਿਸ ਕਾਰਨ ਉਹ ਹਰ ਹੀਲੇ ਇਨ੍ਹਾਂ’ ਤੇ ਸ਼ਿਕੰਜਾ ਕਸ ਰਹੀ ਹੈ। ਉਹਨਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਹਮਲਿਆਂ ਦਾ ਹੀ ਰੂਪ ਹੈ ਕਿ ਪਹਿਲਾਂ ਨੋਟਬੰਦੀ ਕਰਕੇ ਆਮ ਲੋਕਾਂ ਦੀ ਆਰਥਿਕਤਾ’ ਤੇ ਹਮਲਾ ਕੀਤਾ ਜਾਂਦਾ ਹੈ। ਫਿਰ ਕੋਰੋਨਾ ਕਾਲ ਦੌਰਾਨ ਦੇਸ਼ ਦੀ ਜਨਤਾ ਨੂੰ ਘਰਾਂ ਵਿੱਚ ਬੰਦ ਕਰਕੇ ਉਨ੍ਹਾਂ ਦੀ ਹਾਲਤ ਪਾਣੀਉਂ ਪਤਲੀ ਕਰ ਦਿੱਤੀ ਜਾਂਦੀ ਹੈ। ਉਹਨਾਂ ਨੂੰ ਕਰਜ਼ੇ ਲੈਣ ਲਈ ਮਜਬੂਰ ਕੀਤਾ ਜਾਂਦਾ ਹੈ। ਸੱਚਾਈ ਇਹ ਹੈ ਕਿ ਅੱਜ 190 ਗ਼ਰੀਬ ਦੇਸ਼ਾਂ ਦੀ ਸੂਚੀ ਵਿਚ ਸਾਡਾ ਦੇਸ਼ 150 ਵੇਂ ਨੰਬਰ ਤੋਂ 171 ਵੇਂ ਨੰਬਰ’ ਤੇ ਆ ਗਿਆ ਹੈ। ਦੇਸ਼ ਵਿਚ 27 ਹਜ਼ਾਰ ਤੋਂ ਵੱਧ ਆਮਦਨ ਵਾਲੇ ਸਿਰਫ 10 ਫੀਸਦੀ ਲੋਕ ਕੀ ਹਨ। ਪ੍ਰੋ.ਜਗਮੋਹਨ ਸਿੰਘ ਨੇ ਨਵੀਂ ਸਿੱਖਿਆ ਨੀਤੀ ਨੂੰ ਮਨੁੱਖੀ ਅਧਿਕਾਰਾਂ ਤੇ ਵੱਡਾ ਹਮਲਾ ਕਰਾਰ ਦਿੱਤਾ। ਨਵੀਂ ਸਿੱਖਿਆ ਨੀਤੀ ਲੋਕ ਚੇਤਨਾ ਨੂੰ ਖੁੰਢਾ ਕਰਨ ਅਤੇ ਗੁਲਾਮੀ ਵੱਲ ਧੱਕਣ ਦੀ ਕੋਸ਼ਿਸ਼ ਹੈ। ਅੱਤ ਦੀ ਮਹਿੰਗਾਈ ਮਨੁੱਖੀ ਅਧਿਕਾਰਾਂ’ ਤੇ ਹਮਲੇ ਦਾ ਇਕ ਵੱਖਰਾ ਰੂਪ ਹੈ। ਪੰਜਾਬ ਅੰਦਰ ਜੀਰਾ ਫੈਕਟਰੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਖਤਰਨਾਕ ਕੈਮੀਕਲਾਂ ਦੀ ਵਰਤੋਂ ਦਾ ਨਤੀਜਾ ਇਹ ਹੈ ਕਿ ਇਸ ਦੇ ਨੇੜਲੇ ਪਿੰਡਾਂ ਵਿੱਚ ਪਿਛਲੇ ਛੇ ਮਹੀਨਿਆਂ ਤੋਂ ਕੋਈ ਵੀ ਗਰਭ ਅਵਸਥਾ ਸਿਰੇ ਨਹੀਂ ਚੜੀ । ਵੱਡੀ ਗਿਣਤੀ ਵਿੱਚ ਪਸ਼ੂਆਂ ਦੀ ਮੌਤ ਹੋ ਰਹੀ ਹੈ। ਅੰਤ ਵਿੱਚ ਪ੍ਰੋਫੈਸਰ ਜਗਮੋਹਨ ਸਿੰਘ ਨੇ ਕਿਹਾ ਕਿ ਕਿਸੇ ਮੁਲਕ ਦੀ ਤਰੱਕੀ ਲਈ ਜ਼ਰੂਰੀ ਹੈ ਉਥੇ ਭਾਈਚਾਰੇ ਅਤੇ ਸ਼ਾਂਤੀ ਦਾ ਹੋਣਾ । ਨਵੇਂ ਸਾਲ ਵਿੱਚ ਸਾਨੂੰ ਸਾਰਿਆਂ ਨੂੰ ਚੇਤਨਾ ਦਾ ਪ੍ਰਸਾਰ ਕਰਨ ਦਾ ਸੰਕਲਪ ਲੈਣ ਦੀ ਲੋੜ ਹੈ।

ਇਸ ਮੌਕੇ ਮੱਖਣ ਸਿੰਘ ਕੋਹਾੜ,  ਸੰਦੀਪ ਕੁਮਾਰ ਧਾਲੀਵਾਲ ਭੋਜਾ, ਬਲਬੀਰ ਸਿੰਘ ਰੰਧਾਵਾ, ਅਮਰਜੀਤ ਸਿੰਘ ਸੈਣੀ, ਬਲਵਿੰਦਰ ਕੌਰ ਰਾਵਲਪਿੰਡੀ ਨੇ ਆਪਣੇ ਵਿਚਾਰ ਰੱਖੇ। ਅੰਤ ਵਿੱਚ ਸਭਾ ਨੇ ਕੁਝ ਮਤੇ ਪਾਸ ਕੀਤੇ ਜਿੰਨ੍ਹਾਂ ਵਿੱਚ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੀ ਮਾਲਬਰੋਜ ਸ਼ਰਾਬ ਫੈਕਟਰੀ ਦਾ ਵਿਰੋਧ ਕਰ ਰਹੇ ਲੋਕਾਂ ਦਾ  ਸਮਰਥਨ, ਲਤੀਫਪੁਰੇ ਜਲੰਧਰ ਦੇ ਵਸਨੀਕਾਂ ਦੇ ਉਜਾੜੇ ਦੀ ਨਿੰਦਾ, ਨਵੀਂ ਸਿੱਖਿਆ ਨੀਤੀ ਤਹਿਤ ਲੋਕਾਂ ਤੋਂ ਸਭਨੂੰ ਸਿਖਿਆ  ਦਾ  ਹੱਕ ਖੋਹਣ ਦੀ ਕੋਸ਼ਿਸ਼ ਦੀ ਨਿਖੇਦੀ, ਭਾਰਤੀ ਜੇਲ੍ਹਾਂ ਵਿੱਚ ਬੰਦ ਬੇਦੋਸ਼ੇ ਬੁਧੀਜੀਵੀਆਂ, ਪੱਤਰਕਾਰਾਂ, ਵਕੀਲਾਂ, ਸਮੇਤ ਸਜ਼ਾ ਭੁਗਤ ਚੁੱਕੇ ਸਿੱਖ ਬੰਦੀਆਂ ਦੀ ਰਿਹਾਈ ਅਤੇ ਅਫ਼ਗ਼ਾਨਿਸਤਾਨ ਸਰਕਾਰ ਵੱਲੋਂ ਔਰਤਾਂ ਦੇ ਬੁਨਿਆਦੀ ਹੱਕਾਂ ਤੇ ਲਾਈਆਂ ਪਾਬੰਦੀਆਂ   ਵਾਪਸ ਲੈਣ ਦੀ ਮੰਗ ਕੀਤੀ ਗਈ। ਇਸ ਮੌਕੇ ਐਡਵੋਕੇਟ ਰਣਬੀਰ ਆਕਾਸ਼,  ਅਸ਼ੋਕ ਭਾਰਤੀ, ਇੰਜਨੀਅਰ ਐਨ ਪੀ ਧਵਨ, ਸੁਰਿੰਦਰ ਸਿੰਘ ਕੋਠੇ, ਜੋਗਿੰਦਰ ਪਾਲ ਘੁਰਾਲਾ,  ਹਰਜੀਤ ਸਿੰਘ ਆਲਮ, ਗੁਰਦਿਆਲ ਸਿੰਘ ਬਾਲਾਪਿੰਡੀ, ਬਲਵਿੰਦਰ ਕੌਰ ਅਲੀ ਸ਼ੇਰ, ਤਜਿੰਦਰ ਕੌਰ, ਕਪੂਰ ਸਿੰਘ ਘੁੰਮਣ,  ਕਰਨੈਲ ਸਿੰਘ ਚਿੱਟੀ, ਸੁਖਦੇਵ ਸਿੰਘ ਬਹਿਰਾਮਪੁਰ, ਹੈਡਮਾਸਟਰ ਅਵਿਨਾਸ਼ ਸਿੰਘ ਇੰਜੀਨੀਅਰ ਹੇਮਰਾਜ ਦੀਨਾਨਗਰ  ਮੁਲਾਜ਼ਮ ਆਗੂ ਹਰਜਿੰਦਰ ਸਿੰਘ ਵਡਾਲਾ ਬਾਂਗਰ,  ਅਨੇਕ ਚੰਦ ਪਾਹੜਾ, ਰੂਪ ਸਿੰਘ ਦੀਨਾਨਗਰ, ਹਾਜ਼ਰ ਸਨ।

Leave a Reply

Your email address will not be published. Required fields are marked *