ਕੀ ਇਸ ਤਰਾਂ ਭਾਜਪਾ 2024-25 ਤੱਕ 5 ਟ੍ਰਿਲੀਅਨ ਅਮਰੀਕੀ ਡਾਲਰ ਦੀ ਜੀਡੀਪੀ ਹਾਸਲ ਕਰਨ ਦੀ ਯੋਜਨਾ ਬਣਾ ਰਹੀ ਹੈ?: ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਨੇ ਪੁੱਛਿਆ
ਗੁਰਦਾਸਪੁਰ, 2 ਜਨਵਰੀ (ਸਰਬਜੀਤ ਸਿੰਘ)—ਕਾਂਗਰਸ ਦੇ ਸੀਨੀਅਰ ਨੇਤਾ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਐਤਵਾਰ ਨੂੰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ‘ਤੇ ਤਿੱਖਾ ਹਮਲਾ ਬੋਲਦੇ ਹੋਏ ਕਿਹਾ ਕਿ ਭਾਜਪਾ ਦੇ ਲਗਭਗ 9 ਸਾਲਾਂ ਦੇ ਸ਼ਾਸਨ ਦੌਰਾਨ ਭਾਰਤ ਦੀ ਆਰਥਿਕ ਸਥਿਤੀ ਢਹਿ ਜਾਣ ਦੀ ਕਗਾਰ ‘ਤੇ ਪਹੁੰਚ ਗਈ ਹੈ।
ਇੱਕ ਬਿਆਨ ਵਿੱਚ, ਵਿਰੋਧੀ ਧਿਰ ਦੇ ਨੇਤਾ ਨੇ ਹੈਰਾਨ ਕਰਨ ਵਾਲੇ ਅੰਕੜੇ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਪਿਛਲੇ 9 ਸਾਲਾਂ ਵਿੱਚ ਅੰਤਰਰਾਸ਼ਟਰੀ ਵਿੱਤੀ ਸੰਸਥਾਵਾਂ ਤੋਂ 100 ਲੱਖ ਕਰੋੜ ਰੁਪਏ ਉਧਾਰ ਲਏ ਹਨ।
ਬਾਜਵਾ ਨੇ ਪੁੱਛਿਆ “ਇੱਥੇ ਵਰਨਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਤਾ ਸੰਭਾਲਣ ਤੋਂ ਪਹਿਲਾਂ, ਭਾਰਤ ਦਾ ਕਰਜ਼ਾ ਲਗਭਗ 55 ਲੱਖ ਕਰੋੜ ਸੀ। ਇਸ ਦੌਰਾਨ ਹੁਣ, ਭਾਰਤ ਦੇ ਕੁੱਲ ਟੈਕਸ ਮਾਲੀਏ ਦਾ ਲਗਭਗ 42 ਪ੍ਰਤੀਸ਼ਤ ਇਸ ਕਰਜ਼ੇ ‘ਤੇ ਵਿਆਜ ਵਜੋਂ ਅਦਾ ਕੀਤਾ ਜਾ ਰਿਹਾ ਹੈ । ਕੀ ਭਾਜਪਾ ਦਾ ‘ਅੱਛੇ ਦਿਨਾਂ’ ਦਾ ਸੁਪਨਾ ਇਸ ਤਰਾਂ ਦਾ ਸੀ ?”
ਬਾਜਵਾ ਨੇ ਅਜਿਹੀਆਂ ਕਮਜ਼ੋਰ ਵਿੱਤੀ ਸਥਿਤੀਆਂ ‘ਤੇ ਗੰਭੀਰ ਚਿੰਤਾ ਜ਼ਾਹਿਰ ਕੀਤੀ ਅਤੇ ਅੱਗੇ ਪੁੱਛਿਆ, “ਕੀ ਇਸ ਤਰਾਂ ਭਾਜਪਾ 2024-25 ਤੱਕ 5 ਟ੍ਰਿਲੀਅਨ ਡਾਲਰ ਦੀ ਜੀਡੀਪੀ ਪ੍ਰਾਪਤ ਕਰਨ ਦੀ ਯੋਜਨਾ ਬਣਾ ਰਹੀ ਸੀ?”
ਬਾਜਵਾ ਨੇ ਕਿਹਾ ਕਿ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਭਾਰਤੀ ਰਾਸ਼ਟਰੀ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨਾਲ ਗੱਲਬਾਤ ਦੌਰਾਨ ਕਿਹਾ ਸੀ ਕਿ ਸਾਲ 2023 ਭਾਰਤੀ ਅਰਥਵਿਵਸਥਾ ਦੇ ਨਾਲ-ਨਾਲ ਬਾਕੀ ਦੁਨੀਆ ਲਈ ਵੀ ਮੁਸ਼ਕਲ ਸਾਲ ਹੋਵੇਗਾ। ਸਰਕਾਰ ਨੂੰ ਖ਼ਾਸ ਤੌਰ ‘ਤੇ ਕਮਜ਼ੋਰ ਵਰਗਾਂ ਅਤੇ ਆਮ ਤੌਰ ‘ਤੇ ਆਮ ਲੋਕਾਂ ਦੇ ਜੀਵਨ ਨੂੰ ਸੁਖਾਲਾ ਬਣਾਉਣ ਲਈ ਉਸਾਰੂ ਕਦਮ ਚੁੱਕਣੇ ਚਾਹੀਦੇ ਹਨ।