ਬਰਨਾਲਾ, ਗੁਰਦਾਸਪੁਰ, 10 ਮਾਰਚ (ਸਰਬਜੀਤ ਸਿੰਘ)– ਭਾਰਤ ਦੀ ਪਹਿਲੀ ਅਧਿਆਪਕਾ ਕ੍ਰਾਂਤੀ ਜੋਤੀ ‘ਸਵਿਤਰੀ ਬਾਈ ਫੂਲੇ’ ਦਾ ਜਨਮ 3-1-1831 ਨੂੰ ਜ਼ਿਲ੍ਹਾ ਸਿਤਾਰਾ ਦੇ ਪਿੰਡ ਨਈਗਾਉਂ,ਮਹਾਂਰਾਸ਼ਟਰ ਵਿੱਚ ਹੋਇਆ। ਉਸਦੇ ਪਿਤਾ ਦਾ ਨਾਮ ‘ਖ਼ੰਦੋਜ਼ੀ ਨੈਵੇਸੇ’ ਅਤੇ ਮਾਤਾ ਦਾ ਨਾਮ ਲਕਸ਼ਮੀ ਬਾਈ ਸੀ। ਉਸਦੀ ਸ਼ਾਦੀ ਨੌ ਸਾਲ ਦੀ ਉਮਰ ਵਿੱਚ ਸਮਾਜ ਸੁਧਾਰਿਕ ਜੋਤੀਬਾ ਫੂਲੇ ਨਾਲ 1840 ਵਿੱਚ ਹੋਈ। ਉਸ ਸਮੇਂ ਜੋਤੀਬਾ ਫੂਲੇ ਦੀ ਉਮਰ ਮਹਿਜ਼ 13 ਸਾਲ ਦੀ ਸੀ। ਸਵਿਤਰੀ ਨੇ ਬੜੇ ਉਤਸ਼ਾਹ ਨਾਲ ਜੋਤੀਬਾ ਫੂਲੇ ਤੋਂ ਪੜ੍ਹਨਾ – ਲਿਖਣਾ ਸਿੱਖਿਆ ਅਤੇ ਉਸ ਦੇ ਨਾਲ ਸਮਾਜਿਕ ਸੰਮੇਲਨਾਂ ਵਿੱਚ ਜਾਣ ਲੱਗੀ। ਉਹ ਭਾਰਤ ਦੀ ਪਹਿਲੀ ਔਰਤ ਅਧਿਆਪਕਾ ਅਤੇ ਮੁਕਤੀ ਲਹਿਰ ਦੀ ਆਗੂ ਬਣੀ। ਜੋਤੀਬਾ ਫੂਲੇ ਅਤੇ ਸਵਿਤਰੀ ਬਾਈ ਨੇ ਬ੍ਰਾਹਮਣਵਾਦੀ ਜਾਤੀ- ਵਿਵਸਥਾ ਨੂੰ ਵੰਗਾਰਿਆ ਤੇ ਐਲਾਨ ਕੀਤਾ,”ਐ ਔਰਤੋ ਆਉ, ਮੇਰੇ ਤੋਂ ਪੜ੍ਹਨਾ ਸਿੱਖੋ, ਪੜ੍ਹਾਈ ਤੁਹਾਡੀਆਂ ਜ਼ੰਜੀਰਾਂ ਤੋੜ ਦੇਵੇਗੀ।” ਉਸਨੇ ਔਰਤਾਂ ਖ਼ਾਸ ਕਰਕੇ ਪਛੜੀਆਂ ਅਛੂਤ ਸਮਝੀਆਂ ਜਾਂਦੀਆਂ ਔਰਤਾਂ ਨੂੰ ਸਿੱਖਿਆ ਦੇਣ ਲਈ ਅਹਿਮ ਭੂਮਿਕਾ ਨਿਭਾਈ। ਉਹਨਾਂ ਦੇ ਆਪਣੀ ਕੋਈ ਔਲਾਦ ਨਹੀਂ ਸੀ, ਉਹਨਾਂ ਨੇ ਯਸ਼ਵੰਤ ਰਾਓ ਨਾਂ ਦਾ ਇੱਕ ਬੱਚਾ ਗੋਦ ਲਿਆ, ਜੋ ਇੱਕ ਬ੍ਰਾਹਮਣ ਵਿਧਵਾ ਦਾ ਬੇਟਾ ਸੀ। ਉਹਨਾਂ ਨੇ 1 ਜਨਵਰੀ 1848 ਵਿੱਚ ਪੁਣੇ ਵਿਖੇ ਲੜਕੀਆਂ ਲਈ ਪਹਿਲਾ ਸਕੂਲ ਖੋਲਿਆ ਤੇ ਉਥੇ ਪੜਾਉਣ ਲੱਗੀ। ਪੁਣੇ ਵਿੱਚ ਹੀ ਦੂਜਾ ਸਕੂਲ 18 ਸਤੰਬਰ 1851 ਨੂੰ ਅਤੇ ਤੀਜਾ ਸਕੂਲ 15 ਮਾਰਚ 1852 ਨੂੰ ‘ਬਤਾਲ ਪੈਂਠ’ ਵਿਖੇ ਖੋਲਕੇ ਲੜਕੀਆਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ। ਪਹਿਲੀ ਪਾਠਸ਼ਾਲਾ ਪੇਠ ਵਿੱਖੇ ਬਿੜੇਜੀ ਦੀ ਹਵੇਲੀ ਵਿੱਚ ਸ਼ੁਰੂ ਹੋਈ। ਉਹ ਇਸ ਦੀ ਪਹਿਲੀ ਅਧਿਆਪਕ ਅਤੇ ਮੁੱਖ ਅਧਿਆਪਕ ਬਣੀ। ਆਪਣੇ ਦੋਸਤਾਂ ਦੀਆਂ ਬੇਟੀਆਂ ਜਿੰਨ੍ਹਾ ਦੀ ਗਿਣਤੀ ਪਹਿਲਾਂ ਛੇ ਸੀ, ਜਿਨ੍ਹਾਂ ਦੀ ਉਮਰ ਚਾਰ ਤੋਂ ਛੇ ਸਾਲ ਦੀ ਸੀ ਦੇ ਨਾਂ ਦਰਜ਼ ਕੀਤੇ। ਜਦੋਂ ਬ੍ਰਹਾਮਣਵਾਦੀ ਮਨੂੰਵਾਦੀ ਕੱਟੜਪੰਥੀਆਂ ਨੂੰ ਸਕੂਲ ਖੋਲ੍ਹਣ ਬਾਰੇ ਪਤਾ ਲੱਗਾ ਤੇ ਉਹ ਭੜਕ ਉਠੇ। ਜਦੋਂ ਵੀ ਸਵਿਤਰੀ ਬਾਈ ਫੂਲੇ ਸਕੂਲ ਜਾਂਦੀ, ਉਸ ਉੱਪਰ ਗੰਦ- ਮਿੱਟੀ ਆਦਿ ਸੁੱਟਦੇ,ਪੱਥਰ ਮਾਰਦੇ, ਗੁੰਡੇ ਸਵਿਤਰੀ ਨੂੰ ਘੇਰਦੇ ਤੇ ਅਪਮਾਨਿਤ ਕਰਦੇ ਰਹੇ। ਪਰ ਉਹ ਅੱਗੋਂ ਕਹਿੰਦੀ, “ਮੈਂ ਹੱਥ ਜੋੜ ਕੇ ਪ੍ਰਾਰਥਨਾ ਕਰਦੀ ਹਾਂ ਕਿ ਆਪ ਮੈਨੂੰ ਸਗੋਂ ਅਸ਼ੀਰਵਾਦ ਦੇਵੋ ਤੇ ਮੈਨੂੰ ਆਪ ਦਾ ਅਸ਼ੀਰਵਾਦ ਚਾਹੀਦਾ ਹੈ।” ਜੋਤਿਬਾ ਤੇ ਸਵਿਤਰੀ ਬਾਈ ਫੂਲੇ ਨੇ ਬਾਲ ਵਿਆਹ,ਸਤੀ ਪ੍ਰਥਾ ਤੇ ਪਰਦਾ ਪ੍ਰਥਾ ਦਾ ਡਟ ਕੇ ਵਿਰੋਧ ਕੀਤਾ। ਉਨਾਂ ਸਤਿਆ ਸੋਧਕ ਸਮਾਜ ਦੀ ਸਥਾਪਨਾ ਕੀਤੀ, ਉਹਨਾਂ ਨੇ ਹੋਰ ਵੀ ਕਈ ਸਕੂਲ ਪੂਨੇ ਤੇ ਆਸ ਪਾਸ ਦੇ ਪਿੰਡਾਂ ਵਿੱਚ ਖੋਲੇ। ਅੰਗਰੇਜ਼ ਸਰਕਾਰ ਵੱਲੋਂ ਭਾਰਤ ਵਿੱਚ ਜਿਹੜੀ ਸਿੱਖਿਆ ਪ੍ਰਣਾਲੀ ਲਾਗੂ ਕੀਤੀ ਗਈ ਸੀ,ਉਹ ਸਿਰਫ ਕਲਰਕ ਪੈਦਾ ਕਰਨ ਵਾਲੀ ਸੀ। ਪਰ ਉਸਨੇ ਪ੍ਰਾਇਮਰੀ ਪੱਧਰ ਤੇ ਵਿਗਿਆਨ ਸਿੱਖਿਆ ਸ਼ਾਮਲ ਕਰਨ ਤੇ ਵੀ ਜ਼ੋਰ ਦਿੱਤਾ। 1890 ਵਿੱਚ ਪਤੀ ਦੀ ਮੌਤ ਤੋਂ ਬਾਅਦ ਉਸਨੇ ਉਹਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦਾ ਸੰਕਲਪ ਲਿਆ। ਉਸਨੇ ਬਾਲ ਵਿਆਹ, ਛੂਆ-ਛਾਤ, ਜਾਤ-ਪਤ ਅਤੇ ਵਿਧਵਾ ਵਿਆਹ ਵਰਗੀਆਂ ਕੁਰੀਤੀਆਂ ਖ਼ਿਲਾਫ਼ ਲਗਾਤਾਰ ਸੰਘਰਸ਼ ਕੀਤਾ। ਪਿਛਲੀਆਂ ਦੋ ਸਦੀਆਂ ਦੇ ਇਤਿਹਾਸ ਵਿੱਚ ਉਸਦਾ ਨਾਮ ਸਭ ਤੋਂ ਉੱਪਰ ਹੈ। ਉਸਨੇ ਅਜਿਹੇ ਸਮੇਂ ਵਿਰੋਧ ਦੀ ਆਵਾਜ਼ ਉਠਾਈ, ਜਦੋਂ ਭਾਰਤ ਦੀਆਂ ਆਮ ਔਰਤਾਂ ਨੂੰ ਪੜ੍ਹਾਈ ਤਾਂ ਦੂਰ ਸਮਾਜ ਵਿੱਚ ਬੋਲਣ ਦਾ ਅਧਿਕਾਰ ਵੀ ਨਹੀਂ ਸੀ, ਜਦੋਂ ਔਰਤਾਂ ਪਿਤਾ ਪੁਰਖੀ ਦਾਬੇ ਦਾ ਪੂਰੀ ਤਰ੍ਹਾਂ ਸ਼ਿਕਾਰ ਸਨ। 1998 ਵਿੱਚ ਭਾਰਤ ਸਰਕਾਰ ਵੱਲੋਂ ਉਹਨਾਂ ਦੇ ਸਨਮਾਨ ਵਿੱਚ ਇੱਕ ‘ਡਾਕ ਟਿਕਟ’ ਜਾਰੀ ਕੀਤਾ ਗਿਆ ਸੀ। 2014 ਵਿੱਚ ਮਹਾਂਰਾਸ਼ਟਰ ਸਰਕਾਰ ਨੇ ਪੁਣੇ ਯੂਨੀਵਰਸਿਟੀ ਦਾ ਨਾਮ ਬਦਲ ਕੇ “ਸਵਿੱਤਰੀ ਬਾਈ ਫੂਲੇ ਯੂਨੀਵਰਸਿਟੀ – ਪੁਣੇ” ਰੱਖਿਆ ਗਿਆ ਸੀ। ਉਸਨੂੰ ਮਰਾਠੀ ਭਾਸ਼ਾ ਦੀ ਕਵਿੱਤਰੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਬੇਸ਼ੱਕ ਅੱਜ ਭਾਰਤ ਵਿੱਚ ਸਿੱਖਿਆ ਦਾ ਵਿਸਥਾਰ ਬਹੁਤ ਹੋ ਗਿਆ ਹੈ ਪਰ ਫਿਰ ਵੀ ਲੱਖਾਂ ਬੱਚੇ ਮਹਿੰਗੀ ਪੜ੍ਹਾਈ ਤੇ ਘਰੇਲੂ ਆਰਥਿਕ ਮੁਸ਼ਕਲਾਂ ਕਾਰਨ ਅੱਧਵਾਟੇ ਹੀ ਸਕੂਲ ਛੱਡ ਜਾਂਦੇ ਹਨ । ਸਕੂਲਾਂ ਦਾ ਨਿੱਜੀਕਰਨ ਹੋਣ ਕਾਰਨ ਸਰਕਾਰੀ ਸਕੂਲਾਂ ਦੀ ਗਿਣਤੀ ਘੱਟ ਰਹੀ ਹੈ। ਫਾਸ਼ੀਵਾਦੀ ਮੋਦੀ ਸਰਕਾਰ ਵੱਲੋਂ ਨਵੀਂ ਸਿੱਖਿਆ ਨੀਤੀ 2020 ਲਾਗੂ ਕਰਕੇ ਸਿੱਖਿਆ ਦਾ ਭਗਵਾਂਕਰਨ ਕੀਤਾ ਜਾ ਰਿਹਾ ਹੈ। ਸਾਲ 2024-25 ਦੇ ਅੰਕੜਿਆਂ ਅਨੁਸਾਰ ਪੂਰੇ ਦੇਸ਼ ਵਿੱਚ 89 ਹਜ਼ਾਰ ਸਕੂਲ ਬੰਦ ਹੋ ਗਏ ਹਨ, ਜਿਨ੍ਹਾਂ ਵਿੱਚ ਪੜ੍ਹਦੇ 2.5 ਕਰੋੜ ਛੋਟੇ ਬੱਚੇ ਸਿੱਖਿਆ ਲੈਣ ਤੋਂ ਵਾਂਝੇ ਹੋ ਗਏ ਹਨ। ਪ੍ਰਾਈਵੇਟ ਸਕੂਲ ਖੁੰਬਾਂ ਵਾਂਗ ਪੈਦਾ ਹੋ ਰਹੇ ਹਨ ਜਿੱਥੇ ਪੜ੍ਹਾਈ ਲਗਾਤਾਰ ਮਹਿੰਗੀ ਹੁੰਦੀ ਜਾ ਰਹੀ ਹੈ। ਜਦੋਂ ਕਿ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ, ਪ੍ਰਿੰਸੀਪਲਾਂ ਅਤੇ ਹੈਡ ਟੀਚਰਾਂ ਦੀ ਬੇਹੱਦ ਘਾਟ ਹੈ, ਜਿਸ ਕਰਕੇ ਬੱਚਿਆਂ ਨੂੰ ਪਾਸ ਹੋਣ ਵਾਸਤੇ ਨਕਲ ਮਾਰਨ ਲਈ ਵੀ ਮਜ਼ਬੂਰ ਹੋਣਾ ਪੈਂਦਾ ਹੈ। ਜ਼ਿਆਦਾ ਸਕੂਲਾਂ ਦੀ ਪੜ੍ਹਾਈ ਸਿਲੇਬਸ ਪੂਰਾ ਕਰਨ ਤੱਕ ਹੀ ਸੀਮਤ ਹੈ। ਉਨਾਂ ਨੂੰ ਸਮਾਜ ਦੇ ਚੰਗੇ ਇਨਸਾਨ ਬਣਨ ਲਈ ਮਿਆਰੀ ਸਿੱਖਿਆ ਵੀ ਰੜਕਵੀਂ ਘਾਟ ਹੈ। ਸਵਿੱਤਰੀ ਬਾਈ ਫੂਲੇ ਦਾ ਉਦੇਸ਼ ਇਹ ਸੀ ਕਿ ਗ਼ਰੀਬ ਅਤੇ ਪਛੜੇ ਵਰਗ ਦੀਆਂ ਲੜਕੀਆਂ ਨੂੰ ਆਰਥਿਕ ਮੱਦਦ ਦੇ ਕੇ ਅਤੇ ਸਿੱਖਿਆ ਦੇ ਰਾਹੀਂ ਉਹਨਾਂ ਦੀ ਸੋਚ ਬਦਲੀ ਜਾਵੇ ਅਤੇ ਸਮਾਜ ਵਿੱਚੋਂ ਬਾਲ ਵਿਆਹ ਵਰਗੀਆਂ ਕੁਰੀਤੀਆਂ ਖ਼ਤਮ ਕੀਤੀਆਂ ਜਾਣ। ਸਵਿੱਤਰੀ ਬਾਈ ਫੂਲੇ ਪੜ੍ਹਾਈ ਦੇ ਨਾਲ ਨਾਲ ਅੰਧਵਿਸ਼ਵਾਸਾਂ ਖ਼ਿਲਾਫ਼ ਵੀ ਬੱਚਿਆਂ ਨੂੰ ਜਾਗਰੂਕ ਕਰਦੀ ਰਹੀ ਹੈ। ਸਵਿੱਤਰੀ ਬਾਈ ਫੂਲੇ ਅਤੇ ਉਸ ਦੇ ਪ੍ਰੀਵਾਰ ਦਾ ਬ੍ਰਾਹਮਣਵਾਦੀ ਮਨੂੰਵਾਦੀ ਸਮਾਜ ਦਾ ਲਗਾਤਾਰ ਜ਼ਬਰ ਅਤੇ ਵਿਰੋਧ ਝੱਲਣ ਦੇ ਬਾਵਜੂਦ ਸਮਾਜ ਸੁਧਾਰਕ ਕੰਮਾਂ ਵਿੱਚ ਅਹਿਮ ਯੋਗਦਾਨ ਰਿਹਾ ਹੈ। ਜਦੋਂ ਮਹਾਂਰਾਸ਼ਟਰ ਵਿੱਚ ਪਲੇਗ ਦੀ ਭਿਆਨਕ ਬਿਮਾਰੀ ਫ਼ੈਲ ਗਈ, ਉਸਨੇ ਆਪਣੇ ਗੋਦ ਲਏ ਬੇਟੇ ‘ਯਸਵੰਤ’ ਨਾਲ ਰਲ ਕੇ ਇੱਕ ਹਸਪਤਾਲ ਖੋਲਿਆ। ਉਹ ਖ਼ੁਦ ਬਿਮਾਰ ਬੱਚਿਆਂ ਦਾ ਇਲਾਜ਼ ਕਰਦੀ ਤੇ ਹਸਪਤਾਲ ਪਹੁੰਚਾਉਦੀ। ਹੈਜੇ ਅਤੇ ਪਲੇਗ ਦੀ ਨਾਮੁਰਾਦ ਬਿਮਾਰੀ ਦੇ ਕਾਰਨ ਸਵਿੱਤਰੀ ਬਾਈ ਫੂਲੇ 10 ਮਾਰਚ 1897 ਨੂੰ ਸਦਾ ਲਈ ਅਲਵਿਦਾ ਕਹਿ ਗਈ। ਅੱਜ ਸਾਡੀਆਂ ਇਨਸਾਫ਼ ਪਸੰਦ ਅਤੇ ਅਗਾਂਹਵਧੂ ਜਥੇਬੰਦੀਆਂ ਅਤੇ ਬੁੱਧੀਜੀਵੀਆਂ ਨੂੰ ਡਟਕੇ ਇਹ ਆਵਾਜ਼ ਉਠਾਉਣੀ ਚਾਹੀਦੀ ਹੈ ਕਿ ਭਾਰਤ ਵਿੱਚ ‘ਅਧਿਆਪਕ ਦਿਵਸ’ ਦੇ ਮੌਕੇ ‘ਤੇ ਦੇਸ਼ ਦੀ ਪਹਿਲੀ ਅਧਿਆਪਕਾ ਸਵਿੱਤਰੀ ਬਾਈ ਫੂਲੇ ਨੂੰ ਯਾਦ ਕੀਤਾ ਜਾਵੇ ਅਤੇ ਸਿਜਦਾ ਕੀਤਾ ਜਾਵੇ।


