ਯੂਥ ਕਲੱਬ ਪਿੰਡ ਹਰਦਾਨ ਨੇ ਵਾਲੀਬਾਲ ਟੂਰਨਾਮੈਂਟ ਕਰਵਾਇਆ
ਚੇਅਰਮੈਨ ਰਮਨ ਬਹਿਲ ਨੇ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕੀਤੇ
ਗੁਰਦਾਸਪੁਰ, 2 ਦਸੰਬਰ (ਸਰਬਜੀਤ ਸਿੰਘ)- ਬਾਬਾ ਖਰਿਮਤੀ ਯੂਥ ਕਲੱਬ ਪਿੰਡ ਹਰਦਾਨ ਵੱਲੋਂ ਗ੍ਰਾਂਮ ਪੰਚਾਇਤ, ਫ਼ੌਜੀ ਵੀਰ, ਕਲੱਬ ਮੈਂਬਰ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਤੀਸਰਾ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ | ਇਸ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਪੀਰਾਂ ਫਕੀਰਾਂ ਦੀ ਜਗ੍ਹਾ ‘ਤੇ ਨਤਮਸਤਕ ਵੀ ਹੋਏ | ਇਸ ਇੱਕ ਰੋਜ਼ਾ ਵਾਲੀਬਾਲ ਟੂਰਨਾਮੈਂਟ ਵਿੱਚ ਮਾਝੇ ਦੀਆਂ ਲੜਕੇ ਅਤੇ ਲੜਕੀਆਂ ਦੀਆਂ 30 ਵਾਲੀਬਾਲ ਟੀਮਾਂ ਨੇ ਭਾਗ ਲਿਆ | ਲੜਕਿਆਂ ਦਾ ਫਾਈਨਲ ਮੈਚ ਜੰਡਵਾਲ (ਪਠਾਨਕੋਟ) ਅਤੇ ਪਾਰੋਵਾਲ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ ਜਿਸ ਵਿੱਚ ਜੰਡਵਾਲ ਦੀ ਟੀਮ ਜੇਤੂ ਰਹੀ | ਲੜਕੀਆਂ ਦੇ ਫਾਈਨਲ ਮੁਕਾਬਲੇ ਵਿੱਚ ਐੱਸ.ਡੀ. ਕਾਲਜ ਫਾਰ ਵੂਮੈਨ ਗੁਰਦਾਸਪੁਰ ਨੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਪਿੰਡ ਹਰਦਾਨ ਦੀ ਟੀਮ ਦੂਸਰੇ ਸਥਾਨ ‘ਤੇ ਰਹੀ |

ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਬਾਬਾ ਖਰਿਮਤੀ ਯੂਥ ਕਲੱਬ ਪਿੰਡ ਹਰਦਾਨ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦਾ ਬਹੁਤ ਵਧੀਆ ਉਪਰਾਲਾ ਹੈ | ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਹੀ ਖੇਡ ਸੱਭਿਆਚਾਰ ਨੂੰ ਪ੍ਰਫੂਲਤ ਕਰਨ ਵਿੱਚ ਸਹਾਈ ਹੋਣਗੇ | ਸ੍ਰੀ ਬਹਿਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਕਰਾ ਕੇ ਖੇਡਾਂ ਅਤੇ ਖਿਡਾਰੀਆਂ ਨੂੰ ਉਤਸ਼ਾਹਤ ਕਰਨ ਦਾ ਯਤਨ ਕੀਤਾ ਗਿਆ ਹੈ ਅਤੇ ਰਾਜ ਸਰਕਾਰ ਇਸ ਖੇਤਰ ਵਿੱਚ ਪੂਰੀ ਸੁਰਿਦਤਾ ਨਾਲ ਕੰਮ ਕਰ ਰਹੀ ਹੈ | ਇਸ ਮੌਕੇ ਬਾਬਾ ਖਰਿਮਤੀ ਯੂਥ ਕਲੱਬ ਪਿੰਡ ਹਰਦਾਨ ਦੇ ਪ੍ਰਧਾਨ ਅਜੇ ਸ਼ਰਮਾਂ ਨੇ ਚੇਅਰਮੈਨ ਰਮਨ ਬਹਿਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਯਤਨਾਂ ਸਦਕਾ ਪਿੰਡ ਅਤੇ ਗਰਾਊਾਡ ਵਿੱਚ 14 ਸੋਲਰ ਲਾਈਟਾਂ ਲੱਗੀਆਂ ਹਨ | ਉਨ੍ਹਾਂ ਕਿਹਾ ਕਿ ਕਲੱਬ ਵੱਲੋਂ ਭਵਿੱਖ ਵਿੱਚ ਵੀ ਅਜਿਹੇ ਖੇਡ ਮੁਕਾਬਲੇ ਕਰਵਾਏ ਜਾਣਗੇ | ਅੰਤ ਵਿੱਚ ਚੇਅਰਮੈਨ ਬਹਿਲ ਵੱਲੋਂ ਜੇਤੂ ਟੀਮਾਂ ਨੂੰ ਇਨਾਮਾਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਲੱਬ ਮੈਂਬਰ ਦੀਪਕ ਸ਼ਰਮਾਂ, ਵਿਰਕਮ, ਸੰਨੀ ਫ਼ੌਜੀ, ਜਸਪਾਲ ਸਿੰਘ, ਕਪਿਲ, ਅਮਿਤ, ਸੁਖਮਨ ਅਤੇ ਅਕਾਸ਼ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਤੇ ਦਰਸ਼ਕ ਹਾਜ਼ਰ ਸਨ |



