ਗੁਰਦਾਸਪੁਰ, 21 ਨਵੰਬਰ (ਸਰਬਜੀਤ ਸਿੰਘ)–ਜਮਹੂਰੀ ਅਧਿਕਾਰ ਸਭਾ ਪੰਜਾਬ ਇਕਾਈ ਚੰਡੀਗੜ/ਮੋਹਾਲੀ ਵੱਲੋੰ ਜਮਹੂਰੀ ਅਧਿਕਾਰਾਂ ਦੇ ਘੁਲਾਟੀਏ ਤੇ ਸਮਾਜਿਕ-ਬੁੱਧੀਜੀਵੀ ਪ੍ਰੋ. ਜੀ.ਐਨ.ਸਾਈਂ ਬਾਬਾ ਨੂੰ ਬੰਬਈ ਹਾਈਕੋਰਟ ਵੱਲੋਂ ਬਰੀ ਕਰਨ ਮਗਰੋਂ, ਭਾਰਤ ਦੀ ਸੁਪਰੀਮ ਕੋਰਟ ਵੱਲੋਂ ਛੁੱਟੀ ਵਾਲੇ ਦਿਨ ਵਿਸ਼ੇਸ਼ ਅਦਾਲਤ ਬੁਲਾਕੇ, ਉਸਦੀ ਰਿਹਾਈ ਤੇ ਰੋਕ ਲਾਉਣ ਦੇ ਸਬੰਧ ਵਿੱਚ “ਸਰਗਰਮ ਦਿਮਾਗ ਇੱਕ ਖਤਰਾ” ਸਿਰਲੇਖ ਹੇਠ ਸੈਮੀਨਾਰ ਕਾਰਵਾਇਆ ਗਿਆ। ਇਸ ਮੌਕੇ ਹਾਈਕੋਰਟ ਦੇ ਸੀਨੀਅਰ ਵਕੀਲ ਰਾਜਵਿੰਦਰ ਸਿੰਘ ਬੈਂਸ ਨੇ ਪ੍ਰੋ. ਸਾਂਈ ਬਾਬਾ ਤੇ ਦਾਇਰ ਕੇਸ ਸਬੰਧੀ ਕਾਨੂੰਨੀ ਨੁਕਤਾ-ਨਿਗਾਹ ਤੋਂ ਵਿਚਾਰ ਪੇਸ਼ ਕੀਤੇ ਤੇ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਪ੍ਰੋ.ਜਗਮੋਹਣ ਸਿੰਘ ਨੇ ਵੀ ਵਿਚਾਰ ਸਾਂਝੇ ਕੀਤੇ।
ਪ੍ਰੈਸ ਦੇ ਨਾਂਅ ਬਿਆਨ ਜਾਰੀ ਕਰਦਿਆਂ ਜਮਹੂਰੀ ਅਧਿਕਾਰ ਸਭਾ ਪੰਜਾਬ, ਇਕਾਈ ਚੰਡੀਗੜ/ਮੋਹਾਲੀ ਦੇ ਪ੍ਰਧਾਨ ਐਡਵੋਕੇਟ ਮਨਦੀਪ ਸਿੰਘ, ਜਨਰਲ ਸਕੱਤਰ ਅਜਾਇਬ ਗੁਰੂ ਤੇ ਪ੍ਰੈਸ ਸਕੱਤਰ ਮਨਪ੍ਰੀਤ ਜਸ ਨੇ ਕਿਹਾ ਕਿ ਹਾਈਕੋਰਟ ਵੱਲੋੰ ਰਿਹਾਅ ਕੀਤੇ ਪ੍ਰੋ. ਜੀ.ਐਨ.ਸਾਈੰਬਾਬਾ ਨੂੰ ਦੇਸ ਦੀ ਸਰਵ-ਉੱਚ ਅਦਲਾਤ ਵੱਲੋੰ ਛੁੱਟੀ ਵਾਲੇ ਦਿਨ ਸਪੈਸ਼ਲ ਬੈੰਚ ਗਠਿਤ ਕਰਕੇ ਉਸਦੀ ਰਿਹਾਈ ਤੇ ਰੋਕ ਲਾਉਣਾ, ਭਾਰਤ ਦੀ ਨਿਆਂ-ਪਾਲਿਕਾ ਦੇ ਇਤਿਹਾਸ ਵਿੱਚ ਪਹਿਲੀ ਘਟਨਾ ਹੈ ਤੇ ਨੱਬੇ ਪ੍ਰਤਿਸ਼ਤ ਤੋੰ ਵੱਧ ਅਪਾਹਿਜ, ਲਗਭਗ ਡੇਢ ਦਰਜਨ ਮਾਰੂ ਬਿਮਾਰੀਆਂ ਨਾਲ ਜੂਝ ਰਹੇ ਪ੍ਰੋ. ਸਾਈੰਬਾਬਾ ਨੂੰ ਹਰ ਹਾਲਤ ਜੇਲ ਅੰਦਰ ਰੱਖਣ ਦੀ ਭਾਰਤੀ ਰਾਜ ਜਾਲਮਾਨਾ ਸਾਜਿਸ਼ ਹੈ।