ਗੁਰਦਾਸਪੁਰ, 30 ਸਤੰਬਰ (ਸਰਬਜੀਤ ਸਿੰਘ)– ਪੰਜਾਬ ਵਿੱਚ ਕਾਰਪੋਰੇਟ ਘਰਾਣਿਆਂ ਲਈ ਵੱਡੀਆਂ ਫੈਕਟਰੀਆਂ ਲਗਾਉਣੀਆਂ ਆਸਾਨ ਹੋ ਜਾਣ ਇਸ ਲਈ ਪੰਜਾਬ ਸਰਕਾਰ ਸੂਬੇ ਵਿੱਚ ਵਾਹੀਯੋਗ ਜ਼ਮੀਨਾਂ ਦੀ ਕੈਟਾਗਰੀ ਬਦਲ ਕੇ ਇੰਡਸਟਰੀਅਲ ਜੋਨ ਤਹਿ ਕੇ ਰਹੀ ਹੈ ਸਰਕਾਰ ਦੇ ਇਸ ਫੈਸਲੇ ਨਾਲ ਭਵਿੱਖ ਵਿੱਚ ਕਾਰਪੋਰੇਟ ਘਰਾਣਿਆਂ ਨੂੰ ਕੋਈ ਵੀ ਫੈਕਟਰੀ ਲਗਾਉਣ ਲਈ ਜ਼ਮੀਨ ਦੀ ਭਾਲ ਕਰਨੀ ਵੀ ਖ਼ਤਮ ਹੋ ਜਾਊ ਅਤੇ ਐਨ ਓ ਸੀ ਦੀ ਲੋੜ ਵੀ ਨਹੀਂ ਪਵੇਗੀ।ਸਰਕਾਰ ਪਹਿਲਾਂ ਹੀ ਏਰੀਆ ਤਹਿ ਕਰ ਦੇਵੇਗੀ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਹੋਰਨਾਂ ਜਿਲਿਆਂ ਵਾਂਗ ਗੁਰਦਾਸਪੁਰ ਜ਼ਿਲ੍ਹੇ ਦੇ ਏਰੀਆ ਧਾਰੀਵਾਲ ਤੇ ਨੈਸ਼ਨਲ ਹਾਈਵੇ ਦੇ ਨਾਲ ਲੱਗਦੇ ਪਿੰਡ ਅਠਵਾਲ, ਸੁਚੇਤਗੜ੍ਹ,ਮੱਲੀਆਂ, ਚੌਧਰਪੁਰ, ਬਿਧੀਪੁਰ, ਸੋਹਲ,ਸ਼ਾਹਪੁਰ, ਖੁੰਡਾ ਧਾਰੀਵਾਲ ਜਾਫੂਵਾਲ ਆਦਿ ਪਿੰਡਾਂ ਦੀ 1262 ਏਕੜ ਜਮੀਨ ਦੀ ਕੈਟਾਗਰੀ ਬਦਲ ਕੇ ਰੈਡ ਕੈਟਾਗਰੀ ਇੰਡਸਟਰੀਅਲ ਜੋਨ ਏਰੀਆ ਪਾਸ ਕਰਨ ਜਾ ਰਹੀ ਹੈ। ਇਹਨਾਂ ਪਿੰਡਾਂ ਦੇ ਲੋਕ ਅਤੇ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਸਰਕਾਰ ਦੇ ਇਸ ਮਾਸਟਰ ਪਲਾਨ ਦਾ ਸਖਤ ਵਿਰੋਧ ਕਰਦੀ ਹੈ ਕਿਉਂਕਿ ਜੇਕਰ ਇੱਥੇ ਰੈਡ ਕੈਟਾਗਰੀ ਦੀ ਇੰਡਸਟਰੀ ਲੱਗਦੀ ਹੈ ਤਾਂ ਉਸ ਨਾਲ ਧਰਤੀ ਤੇ ਵਾਤਾਵਰਨ ਪ੍ਰਦੂਸ਼ਿਤ ਹੋਵੇਗਾ ਅਤੇ ਮਨੁੱਖੀ ਜਾਨਾਂ ਲਈ ਵੀ ਵੱਡਾ ਖਤਰਾ ਪੈਦਾ ਹੋਵੇਗਾ। ਜਿਸ ਨੂੰ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ।ਜਿਹਨਾਂ ਰਾਜਾਂ ਵਿੱਚ ਖੇਤੀ ਨਹੀਂ ਹੁੰਦੀ ਉਥੇ ਇਵੇਂ ਦੀਆਂ ਇੰਡਸਟਰੀਆਂ ਲਗਾਈਆਂ ਜਾ ਸਕਦੀਆਂ ਹਨ।ਸਰਕਾਰ ਦੇ ਲੋਕ ਵਿਰੋਧੀ ਫ਼ੈਸਲੇ ਵਿਰੁੱਧ ਲੋਕਾਂ ਨੂੰ ਲਾਮਬੰਧ ਕਰਨ ਲਈ ਚੌਧਰ ਪੁਰ, ਬਿਧੀਪੁਰ,ਨਵਾਂ ਜ਼ਫਰਵਾਲ ਅਤੇ ਜ਼ਫਰਵਾਲ ਪਿੰਡਾਂ ਵਿੱਚ ਭਰਵੀਆਂ ਮੀਟਿੰਗਾਂ ਹੋ ਚੁੱਕੀਆਂ ਹਨ।
ਕਿਸਾਨ ਆਗੂ ਭੋਜਰਾਜ ਨੇ ਅੱਗੇ ਕਿਹਾ ਕਿ ਪੰਜਾਬ ਵਿੱਚ ਤਾਂ ਖੇਤੀ ਅਧਾਰਿਤ ਇੰਡਸਟਰੀ ਦੀ ਲੋੜ ਹੈ। ਪੰਜਾਬ ਦੇ ਕਿਨੂੰ ਪੈਦਾ ਕਰਨ ਵਾਲੇ,ਆਲੂ,ਨਰਮਾ – ਕਪਾਹ, ਗੰਨਾ ਬਾਸਮਤੀ ਅਤੇ ਸਬਜ਼ੀਆਂ ਆਦਿ ਪੈਦਾ ਕਰਨ ਵਾਲੇ ਇਲਾਕਿਆਂ ਵਿੱਚ ਇਹਨਾਂ ਫਸਲਾਂ ਨਾਲ ਸਬੰਧਿਤ ਕਾਰਖਾਨੇ ਲਗਾਉਣ ਦੀ ਜਰੂਰਤ ਹੈ ਤਾਂ ਜੋ ਜਿੱਥੇ ਸੂਬੇ ਨੂੰ ਦੇਸ਼ ਨੂੰ ਲਾਭ ਹੋਵੇ ਉਥੇ ਵਪਾਰ ਦੇ ਨਾਲ ਫਸਲ ਪੈਦਾ ਕਰਨ ਵਾਲੇ ਪੰਜਾਬ ਦੇ ਕਿਸਾਨ ਨੂੰ ਵੀ ਉਸ ਦੀ ਫਸਲ ਦਾ ਲਾਹੇਵੰਦ ਭਾਅ ਮਿਲ ਸਕੇ ਅਤੇ ਆਰਥਿਕ ਮਦਹਾਲੀ ਵਾਲਾ ਜੀਵਨ ਭੋਗ ਰਹੇ ਕਿਸਾਨਾਂ ਦੇ ਜੀਵਨ ਪੱਧਰ ਦੇ ਵਿੱਚ ਸੁਧਾਰ ਹੋ ਸਕੇ। ਇਹ ਲੋਕ ਮਾਰੂ ਰੈੱਡ ਕੈਟਾਗਰੀ ਇੰਡਸਟਰੀਅਲ ਜ਼ੋਨ ਦਾ ਪਲਾਨ ਲੋਕਾਂ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ ਤੁਰੰਤ ਰੱਦ ਕਰਨਾਂ ਚਾਹੀਦਾ ਹੈ ਨਹੀਂ ਤਾਂ ਲੋਕ ਸਰਕਾਰ ਦੇ ਇਸ ਫੈਸਲੇ ਵਿਰੁੱਧ ਸੰਘਰਸ਼ ਵਿੱਢਣਗੇ।
ਇਸ ਮੌਕੇ ਮਿਲਕਫ਼ੈਡ ਵਰਕਰ ਯੂਨੀਅਨ ਦੇ ਸੂਬਾ ਪ੍ਰਧਾਨ ਪਵਨਦੀਪ ਸਿੰਘ,ਕਿਸਾਨ ਆਗੂ ਸਤਨਾਮ ਸਿੰਘ,ਜਿਲਾ ਮੀਤ ਪ੍ਰਧਾਨ ਰਜਿੰਦਰ ਸਿੰਘ ਕਾਜਿਪੁਰ,ਨੰਬਰਦਾਰ ਗੁਰਦੇਵ ਸਿੰਘ ਭੰਡਾਲ,ਕਿਸਾਨ ਆਗੂ ਬਨਧੀਰ ਸਿੰਘ ਚੋਧਰਪੁਰ,ਹਰਜਿੰਦਰ ਸਿੰਘ ਕਲੇਰ,ਮਾਸਟਰ ਨਾਜਰ ਸਿੰਘ ਜ਼ਫਰਵਾਲ,ਗੁਰਭੇਜ ਸਿੰਘ,ਸੁਖਦੇਵ ਸਿੰਘ,ਗੁਰਪ੍ਰੀਤ ਸਿੰਘ,ਨੰਬਰਦਾਰ ਸ਼ਿਵ ਸਿੰਘ ਅਠਵਾਲ,ਪਲਵਿੰਦਰ ਸਿੰਘ,ਰਣਧੀਰ ਸਿੰਘ,ਗੁਰਨਾਮ ਸਿੰਘ ਚਾਹਲ,ਬਲਦੇਵ ਸਿੰਘ,ਤਰਲੋਕ ਸਿੰਘ, ਡਾਕਟਰ ਜਸਵੰਤ ਸਿੰਘ,ਫੌਜੀ ਜਗਜੀਤ ਸਿੰਘ ਕਾਦੀਆਂ,ਗੁਰਦਿੱਤ ਸਿੰਘ ਅਤੇ ਪਿਰਤਪਾਲ ਸਿੰਘ ਆਦਿ ਕਿਸਾਨ ਹਾਜ਼ਰ ਸਨ।


