ਬਰਨਾਲਾ, ਗੁਰਦਾਸਪੁਰ, 3 ਜਨਵਰੀ (ਸਰਬਜੀਤ ਸਿੰਘ)— ਲਾਭ ਸਿੰਘ ਅਕਲੀਆ ਸਾਬਕਾ ਅਧਿਆਪਕ ਆਗੂ ਨੇ ਕਿਹਾ ਕਿ ਭਾਰਤ ਦੀ ਪਹਿਲੀ ਅਧਿਆਪਕਾ ਕ੍ਰਾਂਤੀ ਜੋਤੀ ‘ਸਵਿਤਰੀ ਬਾਈ ਫੂਲੇ’ ਦਾ ਜਨਮ 3-1-1831 ਨੂੰ ਜ਼ਿਲ੍ਹਾ ਸਿਤਾਰਾ ਦੇ ਪਿੰਡ ਨਈਗਾਉਂ,ਮਹਾਂਰਾਸ਼ਟਰ ਵਿੱਚ ਹੋਇਆ। ਉਸਦੇ ਪਿਤਾ ਦਾ ਨਾਮ ‘ਖ਼ੰਦੋਜ਼ੀ ਨੈਵੇਸੇ’ ਅਤੇ ਮਾਤਾ ਦਾ ਨਾਮ ਲਕਸ਼ਮੀ ਬਾਈ ਸੀ। ਉਹ ਗੁਲੇਲ ਤੇ ਪੱਥਰਬਾਜੀ ਦੀ ਏਨੀ ਨਿਪੁੰਨ ਸੀ ਕਿ ਇਕ ਵਾਰ ਇਕ ਸੱਪ ਰੁੱਖ ਤੇ ਚੜ ਕੇ ਪੰਛੀਆਂ ਦੇ ਆਲਣੇ ਵਿੱਚੋਂ ਆਂਡੇ ਪੀ ਰਿਹਾ ਸੀ ਤਾਂ ਸਵਿਤਰੀ ਨੇ ਇੱਕ ਪੱਥਰ ਦਾ ਅਜਿਹਾ ਨਿਸ਼ਾਨਾ ਲਾਇਆ ਕਿ ਸੱਪ ਹੇਠਾਂ ਆ ਡਿੱਗਾ। ਉਸਦੀ ਸ਼ਾਦੀ ਨੌ ਸਾਲ ਦੀ ਉਮਰ ਵਿੱਚ ਸਮਾਜ ਸੁਧਾਰਿਕ ਜੋਤੀਬਾ ਫੂਲੇ ਨਾਲ 1940 ਵਿੱਚ ਹੋਈ, ਉਸ ਦੀ ਉਮਰ ਮਹਿਜ਼ 13 ਸਾਲ ਦੀ ਸੀ। ਸਵਿਤਰੀ ਨੇ ਬੜੇ ਉਤਸ਼ਾਹ ਨਾਲ ਜੋਤੀਬਾ ਫੂਲੇ ਤੋਂ ਪੜ੍ਹਨਾ – ਲਿਖਣਾ ਸਿੱਖਿਆ ਅਤੇ ਉਸ ਦੇ ਨਾਲ ਸਮਾਜਿਕ ਸੰਮੇਲਨਾਂ ਵਿੱਚ ਜਾਣ ਲੱਗੀ। ਉਹ ਭਾਰਤ ਦੀ ਪਹਿਲੀ ਔਰਤ ਅਧਿਆਪਕਾ ਅਤੇ ਮੁਕਤੀ ਲਹਿਰ ਦੀ ਆਗੂ ਬਣੀ। ਸਵਿਤਰੀ ਬਾਈ ਨੇ ਸਮਾਜਿਕ ਵਿਵਸਥਾ ਨੂੰ ਵੰਗਾਰਿਆ ਤੇ ਐਲਾਨ ਕੀਤਾ,”ਐ ਔਰਤੋ ਆਉ, ਮੇਰੇ ਤੋਂ ਪੜ੍ਹਨਾ ਸਿੱਖੋ, ਪੜ੍ਹਾਈ ਤੁਹਾਡੀਆਂ ਜ਼ੰਜੀਰਾਂ ਤੋੜ ਦੇਵੇਗੀ।” ਉਸਨੇ ਔਰਤਾਂ ਖ਼ਾਸ ਕਰਕੇ ਦਲਿਤ ਔਰਤਾਂ ਨੂੰ ਸਿੱਖਿਆ ਦੇਣ ਲਈ ਅਹਿਮ ਭੂਮਿਕਾ ਨਿਭਾਈ। ਉਹਨਾਂ ਦੇ ਆਪਣੀ ਕੋਈ ਔਲਾਦ ਨਹੀਂ ਸੀ, ਉਹਨਾਂ ਨੇ ਯਸ਼ਵੰਤ ਰਾਓ ਨੂੰ ਗੋਦ ਲਿਆ,ਜੋ ਇੱਕ ਬ੍ਰਾਹਮਣ ਵਿਧਵਾ ਦਾ ਬੇਟਾ ਸੀ। ਉਹਨਾਂ ਨੇ 1 ਜਨਵਰੀ 1848 ਵਿੱਚ ਪੁਣੇ ਵਿਖੇ ਲੜਕੀਆਂ ਲਈ ਪਹਿਲਾ ਸਕੂਲ ਖੋਲਿਆ ਤੇ ਉਥੇ ਪੜਾਉਣ ਲੱਗੀ। ਪੁਣੇ ਵਿੱਚ ਹੀ ਦੂਜਾ ਸਕੂਲ 18 ਸਤੰਬਰ 1851 ਨੂੰ ਅਤੇ ਤੀਜਾ ਸਕੂਲ 15 ਮਾਰਚ 1852 ਨੂੰ ‘ਬਤਾਲ ਪੈਂਠ’ ਵਿਖੇ ਖੋਲਕੇ ਲੜਕੀਆਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ। ਪਹਿਲੀ ਪਾਠਸ਼ਾਲਾ ਪੇਠ ਵਿੱਖੇ ਬਿੜੇਜੀ ਦੀ ਹਵੇਲੀ ਵਿੱਚ ਸ਼ੁਰੂ ਹੋਈ। ਉਹ ਇਸ ਦੀ ਪਹਿਲੀ ਅਧਿਆਪਕ ਅਤੇ ਮੁੱਖ ਅਧਿਆਪਕ ਬਣੀ। ਆਪਣੇ ਦੋਸਤਾਂ ਦੀਆਂ ਬੇਟੀਆਂ ਜਿੰਨ੍ਹਾ ਦੀ ਗਿਣਤੀ ਪਹਿਲਾਂ ਛੇ ਸੀ, ਜਿਨ੍ਹਾਂ ਦੀ ਉਮਰ ਚਾਰ ਤੋਂ ਛੇ ਸਾਲ ਦੀ ਸੀ ਦੇ ਨਾਂ ਦਰਜ਼ ਕੀਤੇ। ਜਦੋਂ ਬ੍ਰਹਾਮਣਵਾਦੀ ਮਨੂੰਵਾਦੀ ਕੱਟੜਪੰਥੀਆਂ ਨੂੰ ਪਤਾ ਲੱਗਾ ਤੇ ਉਹ ਭੜਕ ਉਠੇ। ਸਵਿਤਰੀ ਬਾਈ ਫੂਲੇ ਜਦੋਂ ਵੀ ਸਕੂਲ ਜਾਂਦੀ, ਉਸ ਉੱਪਰ ਗੰਦ ਸੁੱਟਦੇ,ਪੱਥਰ ਮਾਰਦੇ, ਗੁੰਡੇ ਸਵਿਤਰੀ ਨੂੰ ਘੇਰਦੇ ਤੇ ਅਪਮਾਨਿਤ ਕਰਦੇ। ਪਰ ਉਹ ਅੱਗੋਂ ਕਹਿੰਦੀ, “ਮੈਂ ਹੱਥ ਜੋੜ ਕੇ ਪ੍ਰਾਰਥਨਾ ਕਰਦੀ ਹਾਂ ਕਿ ਆਪ ਮੈਨੂੰ ਸਗੋਂ ਅਸ਼ੀਰਵਾਦ ਦੇਵੋ ਤੇ ਮੈਨੂੰ ਆਪ ਦਾ ਅਸ਼ੀਰਵਾਦ ਚਾਹੀਦਾ ਹੈ।” ਜੋਤਿਬਾ ਤੇ ਸਵਿਤਰੀ ਬਾਈ ਫੂਲੇ ਨੇ ਬਾਲ ਵਿਆਹ,ਸਤੀ ਪ੍ਰਥਾ ਤੇ ਪਰਦਾ ਪ੍ਰਥਾ ਦਾ ਡਟ ਕੇ ਵਿਰੋਧ ਕੀਤਾ। ਉਨਾਂ ਸਤਿਆ ਸੋਧਕ ਸਮਾਜ ਦੀ ਸਥਾਪਨਾ ਕੀਤੀ ਤੇ 20 ਦੇ ਕਰੀਬ ਸਕੂਲ ਪੂਨੇ ਤੇ ਆਸ ਪਾਸ ਦੇ ਪਿੰਡਾਂ ਵਿੱਚ ਖੋਲੇ। ਅੰਗਰੇਜ਼ ਸਰਕਾਰ ਵੱਲੋਂ ਭਾਰਤ ਵਿੱਚ ਜਿਹੜੀ ਸਿੱਖਿਆ ਪ੍ਰਣਾਲੀ ਲਾਗੂ ਕੀਤੀ ਗਈ ਸੀ,ਉਹ ਸਿਰਫ ਕਲਰਕ ਪੈਦਾ ਕਰਨ ਵਾਲੀ ਸੀ। ਉਸਨੇ ਪ੍ਰਾਇਮਰੀ ਪੱਧਰ ਤੇ ਵਿਗਿਆਨ ਸਿੱਖਿਆ ਸ਼ਾਮਲ ਕਰਨ ਤੇ ਜੋਰ ਦਿੱਤਾ। 1890 ਵਿੱਚ ਪਤੀ ਦੀ ਮੌਤ ਤੋਂ ਬਾਅਦ ਉਸਨੇ ਉਹਨਾਂ ਦੇ ਸੁਪਨਿਆਂ ਨੂੰ ਪੂਰੇ ਕਰਨ ਦਾ ਸੰਕਲਪ ਲਿਆ। ਉਸਨੇ ਬਾਲ ਵਿਆਹ, ਛੂਆ-ਛਾਤ, ਜਾਤ-ਪਤ ਅਤੇ ਵਿਧਵਾ ਵਿਆਹ ਵਰਗੀਆਂ ਕੁਰੀਤੀਆਂ ਖ਼ਿਲਾਫ਼ ਸੰਘਰਸ਼ ਕੀਤਾ। ਪਿਛਲੀਆਂ ਦੋ ਸਦੀਆਂ ਦੇ ਇਤਿਹਾਸ ਵਿੱਚ ਉਸਦਾ ਨਾਮ ਸਭ ਤੋਂ ਉੱਪਰ ਹੈ, ਉਸਨੇ ਅਜਿਹੇ ਸਮੇਂ ਵਿਰੋਧ ਦੀ ਆਵਾਜ਼ ਉਠਾਈ, ਜਦੋਂ ਭਾਰਤ ਦੀਆਂ ਔਰਤਾਂ ਨੂੰ ਸਮਾਜ ਵਿੱਚ ਬੁਨਿਆਦੀ ਅਧਿਕਾਰ ਵੀ ਨਹੀਂ ਮਿਲੇ ਸਨ, ਜਦੋਂ ਔਰਤਾਂ ਪਿਤਾ ਪੁਰਖੀ ਦਾਬੇ ਦਾ ਸ਼ਿਕਾਰ ਸਨ। ਭਾਰਤ ਸਰਕਾਰ ਵੱਲੋਂ 1998 ਵਿੱਚ ਉਹਨਾਂ ਦੇ ਸਨਮਾਨ ਵਿੱਚ ਇੱਕ ਡਾਕ ਟਿਕਟ ਵੀ ਜਾਰੀ ਕੀਤਾ ਗਿਆ ਸੀ। 2014 ਵਿੱਚ ਮਹਾਂਰਾਸ਼ਟਰ ਸਰਕਾਰ ਨੇ ਪੁਣੇ ਯੂਨੀਵਰਸਿਟੀ ਦਾ ਨਾਮ ਬਦਲ ਕੇ “ਸਵਿੱਤਰੀ ਬਾਈ ਫੂਲੇ ਯੂਨੀਵਰਸਿਟੀ ਪੁਣੇ” ਰੱਖ ਦਿੱਤਾ ਸੀ। ਉਸਨੂੰ ਮਰਾਠੀ ਭਾਸ਼ਾ ਦੀ ਕਵਿੱਤਰੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।ਬੇਸ਼ਕ ਅੱਜ ਭਾਰਤ ਵਿੱਚ ਸਿੱਖਿਆ ਦਾ ਵਿਸਥਾਰ ਬਹੁਤ ਹੋਇਆ ਹੈ ਪਰ ਫਿਰ ਵੀ ਲੱਖਾਂ ਬੱਚੇ ਪੜ੍ਹਾਈ ਮਹਿੰਗੀ ਤੇ ਘਰੇਲੂ ਆਰਥਿਕ ਮੁਸ਼ਕਲਾਂ ਕਾਰਨ ਅੱਧਵਾਟੇ ਹੀ ਸਕੂਲ ਛੱਡ ਜਾਂਦੇ ਹਨ । ਸਕੂਲਾਂ ਦਾ ਨਿੱਜੀਕਰਨ ਹੋਣ ਕਾਰਨ ਸਰਕਾਰੀ ਸਕੂਲਾਂ ਦੀ ਗਿਣਤੀ ਘੱਟ ਰਹੀ ਹੈ। ਪ੍ਰਾਈਵੇਟ ਸਕੂਲ ਮਹਿੰਗੇ ਹਨ ਜਦੋਂ ਕਿ ਸਰਕਾਰੀ ਸਕੂਲਾਂ ਵਿੱਚ ਅਧਿਆਪਕ ਘੱਟ ਹੋਣ ਕਾਰਨ ਬੱਚਿਆਂ ਨੂੰ ਪਾਸ ਹੋਣ ਵਾਸਤੇ ਨਕਲ ਮਾਰਨ ਲਈ ਵੀ ਮਜਬੂਰ ਹੋਣਾ ਪੈਂਦਾ ਹੈ। ਜ਼ਿਆਦਾ ਸਕੂਲਾਂ ਦੀ ਪੜ੍ਹਾਈ ਸਿਲੇਬਸ ਪੂਰਾ ਕਰਨ ਤੱਕ ਹੀ ਸੀਮਤ ਹੈ,ਉਨਾਂ ਨੂੰ ਸਮਾਜ ਦੇ ਚੰਗੇ ਇਨਸਾਨ ਬਣਨ ਲਈ ਜਿੰਦਗੀ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨ ਤੇ ਲੋਕਾਂ ਨਾਲ ਕਿਸ ਤਰ੍ਹਾਂ ਵਿਚਰਨ ਬਾਰੇ ਬਹੁਤਾ ਨਹੀਂ ਦੱਸਿਆ ਜਾਂਦਾ। ਸਵਿੱਤਰੀ ਬਾਈ ਫੂਲੇ ਦਾ ਉਦੇਸ਼ ਇਹ ਸੀ ਕਿ ਗ਼ਰੀਬ ਅਤੇ ਪਛੜੇ ਵਰਗ ਦੀਆਂ ਲੜਕੀਆਂ ਨੂੰ ਆਰਥਿਕ ਮੱਦਦ ਦੇ ਕੇ ਅਤੇ ਸਿੱਖਿਆ ਦੇ ਰਾਹੀਂ ਉਹਨਾਂ ਦੀ ਸੋਚ ਬਦਲੀ ਜਾਵੇ ਅਤੇ ਸਮਾਜ ਵਿੱਚੋਂ ਬਾਲ ਵਿਆਹ ਵਰਗੀਆਂ ਕੁਰੀਤੀਆਂ ਖ਼ਤਮ ਕੀਤੀਆਂ ਜਾਣ। ਸਵਿਤਰੀ ਬਾਈ ਫੂਲੇ ਪੜ੍ਹਾਈ ਦੇ ਨਾਲ ਨਾਲ ਅੰਧਵਿਸ਼ਵਾਸਾਂ ਖ਼ਿਲਾਫ਼ ਵੀ ਬੱਚਿਆਂ ਨੂੰ ਜਾਗਰੂਕ ਕਰਦੀ ਰਹੀ। ਸਵਿੱਤਰੀ ਬਾਈ ਫੂਲੇ ਅਤੇ ਉਸ ਦੇ ਪ੍ਰੀਵਾਰ ਵੱਲੋਂ ਬ੍ਰਾਹਮਣਵਾਦੀ ਮਨੂੰਵਾਦੀ ਸਮਾਜ ਦਾ ਲਗਾਤਾਰ ਜ਼ਬਰ ਅਤੇ ਵਿਰੋਧ ਝੱਲ ਕੇ ਸਮਾਜ ਸੁਧਾਰਕ ਕੰਮਾਂ ਵਿੱਚ ਅਹਿਮ ਯੋਗਦਾਨ ਹੈ। 1897 ਵਿੱਚ ਜਦੋਂ ਮਹਾਂਰਾਸ਼ਟਰ ਵਿੱਚ ਪਲੇਗ ਦੀ ਬਿਮਾਰੀ ਫੈਲ ਗਈ ਤੇ ਉਸਨੇ ਆਪਣੇ ਗੋਦ ਲਏ ਬੇਟੇ ‘ਯਸਵੰਤ’ ਨਾਲ ਰਲ ਕੇ ਹਸਪਤਾਲ ਖੋਲਿਆ। ਖ਼ੁਦ ਉਹ ਬਿਮਾਰ ਬੱਚਿਆਂ ਦਾ ਇਲਾਜ਼ ਕਰਦੀ ਤੇ ਹਸਪਤਾਲ ਪਹੁੰਚਾਉਦੀ। ਹੈਜੇ ਅਤੇ ਪਲੇਗ ਦੀ ਨਾਮੁਰਾਦ ਬਿਮਾਰੀ ਕਾਰਨ 10-3-1897 ਨੂੰ ਸਵਿੱਤਰੀ ਬਾਈ ਫੂਲੇ ਸਦਾ ਲਈ ਅਲਵਿਦਾ ਕਹਿ ਗਈ। ਅੱਜ ਸਾਡੀਆਂ ਇਨਸਾਫ਼ ਪਸੰਦ ਅਤੇ ਅਗਾਂਹਵਧੂ ਜਥੇਬੰਦੀਆਂ ਅਤੇ ਬੁੱਧੀਜੀਵੀਆਂ ਨੂੰ ਡਟਕੇ ਇਹ ਆਵਾਜ਼ ਉਠਾਉਣੀ ਚਾਹੀਦੀ ਹੈ ਕਿ ਭਾਰਤ ਵਿੱਚ ਅਧਿਆਪਕ ਦਿਵਸ ਮੌਕੇ ਦੇਸ਼ ਦੀ ਪਹਿਲੀ ਅਧਿਆਪਕਾ ਸਵਿੱਤਰੀ ਬਾਈ ਫੂਲੇ ਨੂੰ ਸਿਜਦਾ ਕੀਤਾ ਜਾਵੇ।


