ਮੱਧ ਪੂਰਬ ਵਿੱਚ ਜੰਗ ਦੀ ਸ਼ੁਰੂਆਤ ਪੂਰੇ ਸੰਸਾਰ ਨੂੰ ਭਿਆਨਕ ਤਬਾਹੀ ਵੱਲ ਧੱਕ ਦੇਵੇਗੀ
ਮੋਦੀ ਸਰਕਾਰ ਦੀ ਸਾਜ਼ਿਸ਼ੀ ਚੁੱਪ, ਭਾਰਤ ਦਾ ਵਕਾਰ ਮਿੱਟੀ ਵਿੱਚ ਮਿਲਾ ਰਹੀ ਹੈ
ਮਾਨਸਾ, ਗੁਰਦਾਸਪੁਰ, 30 ਜਨਵਰੀ (ਸਰਬਜੀਤ ਸਿੰਘ)– ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਅਮਰੀਕਾ ਵਲੋਂ ਇਰਾਨ ਦੀ ਵੱਖ ਵੱਖ ਤਰ੍ਹਾਂ ਦੇ ਖਤਰਨਾਕ ਹਥਿਆਰਾਂ ਨਾਲ ਕੀਤੀ ਜੰਗੀ ਘੇਰਾਬੰਦੀ ਦਾ ਸਖ਼ਤ ਵਿਰੋਧ ਕਰਦੇ ਹੋਏ, ਇਸ ਬੇਹੱਦ ਗੰਭੀਰ ਮੁੱਦੇ ਬਾਰੇ ਮੋਦੀ ਸਰਕਾਰ ਦੀ ਭੇਤਭਰੀ ਖਾਮੋਸ਼ੀ ‘ਤੇ ਵੀ ਹੈਰਾਨੀ ਜ਼ਾਹਰ ਕੀਤੀ ਹੈ।
ਲਿਬਰੇਸ਼ਨ ਦੀ ਪੰਜਾਬ ਇਕਾਈ ਦੇ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰ ਅਤੇ ਪਾਰਟੀ ਦੇ ਸੂਬਾਈ ਬੁਲਾਰੇ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਇਰਾਨ ਨੇ ਕੋਈ ਵੀ ਅਜਿਹੀ ਹਰਕਤ ਨਹੀਂ ਕੀਤੀ ਕਿ ਅਮਰੀਕੀ ਸਾਮਰਾਜ ਤੇ ਇਜ਼ਰਾਇਲੀ ਨਸਲਵਾਦੀ ਉਸ ਨੂੰ ਤਬਾਹ ਬਰਬਾਦ ਕਰਨ ਲਈ ਉਸ ਉਤੇ ਹਮਲਾ ਕਰਨ। ਵੈਨੇਜ਼ੁਏਲਾ ਵਾਂਗ ਇਰਾਨ ਦਾ ਇਕੋ ਇਕ ‘ਕਸੂਰ’ ਇਹੀ ਹੈ ਕਿ ਉਸ ਕੋਲ ਤੇਲ ਦੇ ਵੱਡੇ ਭੰਡਾਰ ਹਨ ਅਤੇ ਇਹ ਲੁਟੇਰੇ ਹਰ ਹਾਲ ਉਨ੍ਹਾਂ ਉਤੇ ਕਬਜ਼ਾ ਕਰਨਾ ਚਾਹੁੰਦੇ ਹਨ। ਪਹਿਲਾਂ ਇੰਨਾਂ ਨੇ ਇਰਾਨ ਅੰਦਰਲੀ ਜਨਤਕ ਬੈਚੈਨੀ ਦਾ ਲਾਹਾ ਲੈਂਦਿਆਂ ਖਾਮਨੇਈ ਸਰਕਾਰ ਦਾ ਤਖ਼ਤਾ ਪਲਟਾ ਕੇ ਅਪਣੇ ਕਿਸੇ ਪਿੱਠੂ ਨੂੰ ਸਤਾ ਉਤੇ ਬਿਠਾਉਣ ਦੀ ਕੋਸ਼ਿਸ਼ ਕੀਤੀ, ਜੋ ਨਾਕਾਮ ਰਹੀ। ਇਸੇ ਲਈ ਹੁਣ ਇਹ ਸਿੱਧੇ ਫੌਜੀ ਹਮਲੇ ਰਾਹੀਂ ਇਰਾਨ ਉਤੇ ਕਾਬਜ਼ ਹੋਣਾ ਚਾਹੁੰਦੇ ਹਨ, ਪਰ ਇੰਨਾਂ ਦੀ ਇਹ ਮੁਜਰਮਾਨਾ ਕਾਰਵਾਈ ਸੰਸਾਰ ਅਮਨ ਨੂੰ ਅੱਗ ਲਾਉਣ ਵਾਲੀ ਅਤੇ ਤੀਜੀ ਸੰਸਾਰ ਜੰਗ ਦਾ ਮੁੱਢ ਬੰਨ੍ਹਣ ਵਾਲੀ ਸਾਬਤ ਹੋ ਸਕਦੀ ਹੈ। ਇਸ ਲਈ ਸੰਸਾਰ ਦੀ ਅਮਨ ਪਸੰਦ ਜਨਤਾ ਅਤੇ ਸਰਕਾਰਾਂ ਨੂੰ ਸਮਾਂ ਰਹਿੰਦੇ ਇਸ ਅਮਰੀਕੀ ਘੇਰਾਬੰਦੀ ਅਤੇ ਹਮਲੇ ਖ਼ਿਲਾਫ਼ ਪੁਰਜ਼ੋਰ ਆਵਾਜ਼ ਉਠਾਉਣੀ ਚਾਹੀਦੀ ਹੈ।
ਲਿਬਰੇਸ਼ਨ ਆਗੂਆਂ ਨੇ ਅਪਣੇ ਬਿਆਨ ਵਿੱਚ ਇਸ ਅਹਿਮ ਕੌਮਾਂਤਰੀ ਸੰਕਟ ਬਾਰੇ ਮੋਦੀ ਸਰਕਾਰ ਦੀ ਸਾਜ਼ਿਸ਼ੀ ਚੁੱਪ ਬਾਰੇ ਵੀ ਸੁਆਲ ਕਰਦਿਆਂ ਕਿਹਾ ਹੈ ਕਿ ਭਾਰਤ ਜੋ ਕਦੇ ਸੰਸਾਰ ਗੁੱਟ ਨਿਰਲੇਪ ਅੰਦੋਲਨ ਦਾ ਮੋਢੀ ਸੀ ਅਤੇ ਸੰਸਾਰ ਅਮਨ ਨੂੰ ਖ਼ਤਰਾ ਖੜ੍ਹਾ ਕਰਨ ਵਾਲੇ ਹਰ ਮਾਮਲੇ ਬਾਰੇ ਸਰਗਰਮ ਤੇ ਕਾਰਗਰ ਭੂਮਿਕਾ ਨਿਭਾਉਣ ਲਈ ਜਾਣਿਆ ਜਾਂਦਾ ਸੀ, ਉਸ ਦੀ ਮੌਜੂਦਾ ਸਰਕਾਰ ਦੀ ਵਿਦੇਸ਼ ਨੀਤੀ ਪੂਰੀ ਤਰ੍ਹਾਂ ਖੋਖਲੀ ਤੇ ਦਿਸ਼ਾਹੀਣ ਨਜ਼ਰ ਆ ਰਹੀ ਹੈ। ਅਜਿਹੀ ਮੌਕਾਪ੍ਰਸਤ ਤੇ ਡਰੂ ਪਹੁੰਚ ਦਾ ਨਤੀਜਾ ਹੈ ਕਿ ਅੱਜ ਸੰਸਾਰ ਵਿੱਚ ਸਾਡੇ ਦੇਸ਼ ਦਾ ਵਕਾਰ ਸਾਡੇ ਰੁਪਏ ਵਾਂਗ ਹੀ ਬੁਰੀ ਤਰ੍ਹਾਂ ਗਿਰ ਰਿਹਾ ਹੈ।
ਬਿਆਨ ਵਿੱਚ ਇੰਨਾਂ ਆਗੂਆਂ ਨੇ ਦੇਸ਼ ਦੀ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਮੋਦੀ ਸਰਕਾਰ ਦੀ ਖਾਮੋਸ਼ੀ ਨੂੰ ਦਰਕਿਨਾਰ ਕਰਦਿਆਂ ਉਹ ਅਮਰੀਕਾ ਵਲੋਂ ਵੈਨਜ਼ੂਏਲਾ ਤੋਂ ਬਾਅਦ ਇਰਾਨ ਕਨੈਡਾ ਅਤੇ ਗ੍ਰੀਨਲੈਂਡ ਉਤੇ ਕਬਜ਼ਾ ਕਰਨ ਦੀਆਂ ਸਕੀਮਾਂ ਸਮੇਤ ਪੂਰੀ ਦੁਨੀਆਂ ਵਿੱਚ ਕੀਤੀ ਜਾ ਰਹੀ ਲੁੱਟ ਅਤੇ ਗੁੰਡਾਗਰਦੀ ਵਿਰੁੱਧ ਹਰ ਸੰਭਵ ਢੰਗ ਨਾਲ ਆਵਾਜ਼ ਉਠਾਵੇ।


