ਅਕਤੂਬਰ ਇਨਕਲਾਬ ਦੀ 108ਵੀਂ ਵਰ੍ਹੇਗੰਢ, ਸਬਕਾਂ ਤੋਂ ਪ੍ਰੇਰਨਾ ਲੈਣ ਦਾ ਵਕਤ ਹੈ-ਕਾਮਰੇਡ ਲਾਭ ਅਕਲੀਆ

ਗੁਰਦਾਸਪੁਰ

ਗੁਰਦਾਸਪੁਰ, 9 ਨਵੰਬਰ (ਸਰਬਜੀਤ ਸਿੰਘ)– 25 ਅਕਤੂਬਰ 1917 (ਨਵੇਂ ਰੂਸੀ ਕਲੰਡਰ ਅਨੁਸਾਰ 7 ਨਵੰਬਰ 1917 ) ਨੂੰ ਸੋਵੀਅਤ ਸੰਘ ਦੀ ਰੂਸੀ ਕਮਿਊਨਿਸਟ ਪਾਰਟੀ (ਬਾਲਸ਼ਵਿਕ) ਨੇ ਮਹਾਨ ਅਕਤੂਬਰ ਸਮਾਜਵਾਦੀ ਇਨਕਲਾਬ ਦੇ ਰਸਤੇ ਤੇ ਚੱਲ ਕੇ ਸਫ਼ਲਤਾ ਪੂਰਵਕ ਰਾਜਨੀਤਿਕ ਸੱਤਾ ‘ਤੇ ਪੂਰਨ ਕਬਜ਼ਾ ਕਰ ਲਿਆ ਸੀ। ਦੁਨੀਆਂ ਵਿੱਚ ਪਹਿਲੀ ਵਾਰ ਅਜਿਹੇ ‘ਸਮਾਜਵਾਦੀ ਗਣਰਾਜ’ ਦੀ ਸਥਾਪਨਾ ਕੀਤੀ ਗਈ ਸੀ।
ਕਾਮਰੇਡ ਵੀ ਆਈ ਲੈਨਿਨ ਦੀ ਅਗਵਾਈ ਹੇਠ ਮਜ਼ਦੂਰ ਜਮਾਤ ਨੇ ਨਵੇਂ ਢੰਗ ਨਾਲ ਇਤਿਹਾਸ ਰਚ ਦਿੱਤਾ ਸੀ। ਇਸ ਇਨਕਲਾਬ ਵਿੱਚ ਮਜ਼ਦੂਰ ਜਮਾਤ ਦੇ ਹਰਾਵਲ ਦਸਤੇ ਦੇ ਤੌਰ ‘ਤੇ “ਰੂਸੀ ਸ਼ੋਸ਼ਲ ਡੈਮੋਕ੍ਰੇਟਿਕ ਲੇਬਰ ਪਾਰਟੀ (ਬਾਲਸ਼ਵਿਕ)” ਜੋ ਅੱਗੇ ਜਾ ਕੇ ਸੋਵੀਅਤ ਸੰਘ ਦੀ ਕਮਿਊਨਿਸਟ ਪਾਰਟੀ (ਬਾਲਸ਼ਵਿਕ) ਦੇ ਨਾਂ ਨਾਲ ਜਾਣੀ ਜਾਂਦੀ ਸੀ। 24 ਅਕਤੂਬਰ 1917 ਦੀ ਰਾਤ ਨੂੰ ਪਹੁ – ਫੁਟਾਲੇ ਤੋਂ ਪਹਿਲਾਂ ਲੋਕਾਂ ਦੇ ਵਿਦਰੋਹ ਨੇ ਦੇਸ਼ ਦੀ ਰਾਜਨੀਤਕ ਕਮਾਂਡ ਆਪਣੇ ਹੱਥਾਂ ਵਿੱਚ ਲੈ ਲਈ ਸੀ। ਸਾਰੀ ਰਾਤ ਲਾਲ ਸੈਨਾਂ ਦੀਆਂ ਕ੍ਰਾਂਤੀਕਾਰੀ ਟੁਕੜੀਆਂ ਦਾ ‘ਸਮੋਲਿਨੀ ਭਵਨ’ ਦੇ ਮੁੱਖ ਦਫ਼ਤਰ ਨੂੰ ਘੇਰ ਲਿਆ ਸੀ। ਬਾਲਸ਼ਵਿਕਾਂ ਨੇ ਰਾਜਧਾਨੀ ਦੇ ਕੇਂਦਰ ਵਿੱਚ ਪਹੁੰਚ ਕੇ ਅਤੇ ‘ਸ਼ੀਤ ਪ੍ਰਸ਼ਾਂਤ’ (ਵਿਨਟਰ ਪੈਲਸ) ਨੂੰ ਵੀ ਘੇਰ ਲੈਣ ਦਾ ਐਲਾਨ ਕਰ ਦਿੱਤਾ, ਜਿਥੇ ‘ਅਸਥਾਈ ਸਰਕਾਰ’ ਨੇ ਡੇਰਾ ਲਾਇਆ ਹੋਇਆ ਸੀ। 25 ਅਕਤੂਬਰ 1917 ( 7 ਨਵੰਬਰ) ਨੂੰ ਲਾਲ ਸੈਨਾਂ ਅਤੇ ਕ੍ਰਾਂਤੀਕਾਰੀ ਕਾਰਕੂਨਾਂ ਦੇ ਕਾਫ਼ਲਿਆਂ ਨੇ ਸਵੇਰੇ ਰੇਲਵੇ ਸਟੇਸ਼ਨ, ਡਾਕਖਾਨੇ, ਟੈਲੀਫੋਨ ਦਫ਼ਤਰ, ਮੰਤਰਾਲਿਆ ਭਵਨ, ਸਰਕਾਰੀ ਬੈਂਕਾਂ ਉੱਪਰ ਕਬਜ਼ਾ ਕਰ ਲਿਆ ਅਤੇ ਸਾਬਕਾ ਸੰਸਦ ਭੰਗ ਕਰਨ ਦਾ ਐਲਾਨ ਕਰ ਦਿੱਤਾ। ‘ਪੀਟਰੋਗਰਾਦ’ ਸੋਵੀਅਤਾਂ ਦਾ ਮੁੱਖ ਸੈਂਟਰ ਬਣ ਗਿਆ। 7 ਨਵੰਬਰ ਨੂੰ ਬਾਲਸ਼ਵਿਕ ਨੇਤਾਵਾਂ ਵੱਲੋਂ ਇੱਕ ਮੈਨੀਫੈਸਟੋ ਜਾਰੀ ਕੀਤਾ ਗਿਆ, ਜਿਸ ਵਿੱਚ ਕਿਹਾ ਗਿਆ ਸੀ, ਕਿ “ਪੂੰਜੀਵਾਦੀ ਅਸਥਾਈ ਸਰਕਾਰ ਭੰਗ ਕੀਤੀ ਜਾ ਚੁੱਕੀ ਹੈ ਅਤੇ ਰਾਜਸੱਤਾ ਸੋਵੀਅਤਾਂ (ਲੋਕ ਪ੍ਰੀਸ਼ਦਾਂ) ਦੇ ਹੱਥਾਂ ਵਿੱਚ ਆ ਗਈ ਹੈ।” ਇਨਕਲਾਬ ਤੋਂ ਬਾਅਦ ਰੂਸੀ ਕਮਿਊਨਿਸਟ ਪਾਰਟੀ ਦੀ ਅਗਵਾਈ ਹੇਠ ਕਰੀਬ 836 ਵੱਡੇ ਉਦਯੋਗਾਂ ਦਾ ਰਾਸ਼ਟਰੀਕਰਣ ਕੀਤਾ ਗਿਆ ਅਤੇ ਭੂਮੀ – ਹੁਕਮਨਾਮਾ ਜਾਰੀ ਕਰਕੇ ਕਰੀਬ ਪੰਦਰਾਂ ‘ਡੇਸੀਆਟੀਨ’ ( ਚਾਲੀ ਕਰੋੜ ਏਕੜ) ਜ਼ਮੀਨ ਗ਼ਰੀਬ ਅਤੇ ਬੇਜ਼ਮੀਨੇ ਕਿਸਾਨਾਂ ਵਿੱਚ ਵੰਡ ਦਿੱਤੀ ਗਈ ਸੀ। ਜਿਹੜੀ ਪਹਿਲਾਂ ਵੱਡੇ ਭੂ- ਸਵਾਮੀਆਂ, ਪੂੰਜੀਪਤੀਆਂ,ਜਾਰ – ਦੂਜੇ ਦੇ ਪ੍ਰੀਵਾਰ ਕੋਲ, ਮੱਠਾਂ ਅਤੇ ਚਰਚਾਂ ਦੇ ਕਬਜ਼ੇ ਵਿੱਚ ਸੀ। ਅਕਤੂਬਰ ਇਨਕਲਾਬ ਦੀ ਅਗਵਾਈ ਇੱਕ ਅਜਿਹੀ ਇਨਕਲਾਬੀ ਮਜ਼ਦੂਰ ਜਮਾਤ ਦੇ ਹੱਥਾਂ ਵਿੱਚ ਸੀ, ਜਿਹੜੀ ਲੜਾਈਆਂ ਦੀ ਕਠਾਲੀ ਵਿੱਚੋਂ ਤੱਪ ਕੇ ਨਿਕਲੀ ਹੋਈ ਸੀ। ਜੇਕਰ ਰੂਸ ਦੀ ਮਜ਼ਦੂਰ ਜਮਾਤ ਕੋਲ ਬਾਲਸ਼ਵਿਕਾਂ ਵਰਗੀ ਲੀਡਰਸ਼ਿਪ ਨਾਂ ਹੁੰਦੀ, ਤਾਂ ਮਜ਼ਦੂਰਾਂ -ਕਿਸਾਨਾਂ ਅਤੇ ਹੋਰਨਾਂ ਦੱਬੇ ਕੁੱਚਲੇ ਵਰਗਾਂ ਦਾ ‘ਸਾਂਝਾ ਮੋਰਚਾ’ ਨਹੀਂ ਸੀ ਬਣਨਾ ਅਤੇ ਨਾਂ ਹੀ ਅਕਤੂਬਰ ਇਨਕਲਾਬ ਦੀ ਜਿੱਤ ਹੋਣੀ ਸੀ।
ਅੱਗੇ ਜਾ ਕੇ 1919 ਵਿੱਚ ‘ਤੀਜੀ ਕਮਿਊਨਿਸਟ ਇੰਟਰਨੈਸ਼ਨਲ’ (ਕੌਮੰਤਰਨ) ਦਾ ਗਠਨ ਕੀਤਾ ਗਿਆ। ਅਗਲੇ ਸਾਲ ਹੋਈ ਕੌਮੰਤਰਨ ਦੀ ਦੂਜੀ ਕਾਂਗਰਸ ਵੱਲੋਂ ਕਈ ਇਤਿਹਾਸਕ ਫ਼ੈਸਲਾ ਲਏ ਗਏ। ਵਿਸ਼ਵ ਪੱਧਰ ‘ਤੇ ਇਹ ਗੱਲ ਲਾਗੂ ਕਰਨ ਦਾ ਐਲਾਨ ਕੀਤਾ ਗਿਆ, ਕਿ “ਦੁਨੀਆਂ ਭਰ ਦੇ ਮਜ਼ਦੂਰੋ ਅਤੇ ਦੱਬੀਓ-ਕੁਚਲੀਓ ਕੌਮੋ – ਇੱਕ ਹੋ ਜਾਓ।” ਜਿਸ ਦੇ ਤਹਿਤ ਸਾਮਰਾਜਵਾਦੀ ਦੇਸ਼ਾਂ ਦੇ ਮਜ਼ਦੂਰਾਂ ਅਤੇ ਬਸਤੀਵਾਦੀ ਜਾਂ ਅਰਧ-ਬਸਤੀਵਾਦੀ ਦੇਸ਼ਾਂ ਦੇ ਦੱਬੇ-ਕੁਚਲੇ ਲੋਕਾਂ ਅਤੇ ਕੌਮਾਂ ਨੂੰ ਆਪਣੇ -2 ਦੇਸ਼ ਦੀਆਂ ਹਾਕਮ ਜਮਾਤਾਂ ਦੀ ਸੱਤਾ ਨੂੰ ਖ਼ਤਮ ਕਰਨ ਲਈ ਪ੍ਰੇਰਿਤ ਕੀਤਾ ਗਿਆ। ਰੂਸੀ ਕ੍ਰਾਂਤੀ ਵੀ ਇਸੇ ਅਮਲ ਦਾ ਨਤੀਜ਼ਾ ਸੀ, ਜਿਸਦੀ ਕਾਮਰੇਡ ਲੈਨਿਨ ਵੱਲੋਂ ਠੋਸ ਨਿਰਣੇ ਦੇ ਅਧਾਰਿਤ ਯੋਗ ਅਗਵਾਈ ਕੀਤੀ ਗਈ ਸੀ। ਰੂਸੀ ਕ੍ਰਾਂਤੀ ਤੋਂ ਪ੍ਰਭਾਵਿਤ ਹੋ ਕੇ 1920 ਦੇ ਦਹਾਕੇ ਵਿੱਚ ਭਾਰਤ – ਚੀਨ ਸਮੇਤ ਦੁਨੀਆਂ ਦੇ ਅਨੇਕਾਂ ਮੁਲਕਾਂ ਵਿੱਚ ਕਮਿਊਨਿਸਟ ਪਾਰਟੀਆਂ ਹੋਂਦ ਵਿੱਚ ਆਈਆਂ। ਜਿਨ੍ਹਾਂ ਨੇ ਮਾਰਕਸਵਾਦੀ- ਲੈਨਿਨਵਾਦੀ ਵਿਚਾਰਧਾਰਾ ਨੂੰ ਅਪਣਾਕੇ ਆਪਣੇ – ਆਪਣੇ ਦੇਸ਼ ਦੀਆਂ ‘ਠੋਸ ਹਾਲਤਾਂ ਦਾ ਠੋਸ ਵਿਸ਼ਲੇਸ਼ਣ’ ਕਰਨਾ ਸੀ ਅਤੇ ਜਮਹੂਰੀ ਇਨਕਲਾਬਾਂ ਦੀ ਅਗਵਾਈ ਕਰਨੀ ਸੀ। ਮਾਰਕਸਵਾਦੀ ਨਜ਼ਰੀਏ ਅਨੁਸਾਰ ਸਾਮਰਾਜਵਾਦੀ ਦੇਸ਼ਾਂ ਵਿੱਚ “ਸਮਾਜਵਾਦੀ ਇਨਕਲਾਬ” ਅਤੇ ਬਸਤੀਵਾਦੀ ਜਾਂ ਅਰਧ ਬਸਤੀਵਾਦੀ ਅਤੇ ਨਿਰਭਰ ਦੇਸ਼ਾਂ ਵਿੱਚ “ਜਮਹੂਰੀ ਇਨਕਲਾਬਾਂ” ਦੀ ਸਥਾਪਨਾ ਕਰਨੀ ਸੀ। ਇਹ ਦੋ ਵੱਖ- ਵੱਖ ਕ੍ਰਾਂਤੀਕਾਰੀ ਧਾਰਾਵਾਂ ਵਿਸ਼ਵ ਪੱਧਰ ‘ਤੇ ਵਿਕਸਤ ਹੋ ਰਹੀਆਂ ਸਨ। ਇਸੇ ਸਮੇਂ ਦੌਰਾਨ ਦੁਨੀਆਂ ਭਰ ਦੀਆਂ ਕਮਿਊਨਿਸਟ ਪਾਰਟੀਆਂ ਦੀ ਅਗਵਾਈ ਹੇਠ ਚੀਨ ਦੇ ‘ਨਵ ਜਮਹੂਰੀ ਇਨਕਲਾਬ’ ਸਮੇਤ ਕਈ ਮਹਾਨ ਇਨਕਲਾਬੀ ਅਤੇ ਕੌਮੀ ਮੁਕਤੀ ਦੀਆਂ ਲਹਿਰਾਂ ਨੂੰ ਪੈਦਾ ਹੋ ਰਹੀਆਂ ਸਨ। ਚੀਨ ਦੀ ਕਮਿਊਨਿਸਟ ਪਾਰਟੀ (CPC) ਨੇ ਕਾਮਰੇਡ ਮਾਓ ਜ਼ੇ ਤੁੰਗ ਦੀ ਯੋਗ ਰਹਿਨੁਮਾਈ ਦੇ ਸਦਕਾ 1949 ਵਿੱਚ ਜਮਹੂਰੀ ਇਨਕਲਾਬ (ਨਵ ਜਮਹੂਰੀ ਇਨਕਲਾਬ) ਨੂੰ ਨੇਪਰੇ ਚਾੜ੍ਹਿਆ ਅਤੇ ਸਮਾਜਵਾਦ ਦੇ ਰਸਤੇ ਤੇ ਚੱਲਣਾ ਸ਼ੁਰੂ ਕਰ ਦਿੱਤਾ। ਇਹ ਉਹ ਦੌਰ ਸੀ, ਜਿਸਨੇ ਸਾਮਰਾਜਵਾਦ ਅਤੇ ਵਿਸ਼ਵ ਪੂੰਜੀਵਾਦ ਨੂੰ ਹੱਥਾਂ ਪੈਰਾਂ ਦੀ ਨਾਲ ਦਿੱਤੀ ਸੀ। ਪੂਰਬ ਦੀ ਹਵਾ ਪੱਛਮ ਦੀ ਹਵਾ ਉੱਪਰ ਭਾਰੂ ਪੈ ਰਹੀ ਸੀ। ਸਾਮਰਾਜਵਾਦੀ ਸ਼ਕਤੀਆਂ ਵੱਲੋਂ ਸਮਾਜਵਾਦੀ ਹਵਾ ਨੂੰ ਰੋਕਣ ਲਈ “ਕਲਿਆਣਕਾਰੀ ਨੀਤੀਆਂ” ਦੇ ‘ਕੀਨਜ਼ਵਾਦੀ ਨੁਕਸੇ’ ਦੀ ਖੋਜ ਕੀਤੀ ਗਈ ਅਤੇ ਇਹਨਾਂ ਨੀਤੀਆਂ ਤਹਿਤ ਹਰ ਵਰਗ ਦੇ ਲੋਕਾਂ ਨੂੰ ਸਹੂਲਤਾਂ ਮਹੱਈਆ ਕਰਵਾਉਣ ਲਈ ਵਿਸ਼ਵ ਪੂੰਜੀਪਤੀਆਂ ਨੂੰ ਕਲਿਆਣਕਾਰੀ ਚੋਲਾ ਪਹਿਨਣ ਲਈ ਮਜਬੂਰ ਹੋਣਾ ਪਿਆ ਸੀ। ਦੂਜੀ ਸੰਸਾਰ ਜੰਗ ਤੋਂ ਬਾਅਦ ਅਮਰੀਕੀ ਸਾਮਰਾਜਵਾਦੀ ਖੇਮੇ ਦੀ ਅਗਵਾਈ ਹੇਠ ਸਾਮਰਾਜਵਾਦੀ ਪੂੰਜੀਵਾਦੀ ਤਾਕਤਾਂ ਨੇ ਲੁੱਟ ਦੇ ਨਵੇਂ ਤਰੀਕੇ ਖੋਜ਼ਣੇ ਸ਼ੁਰੂ ਕਰ ਦਿੱਤੇ। ਵਰਡ ਬੈਂਕ, ਆਈ ਐਮ ਐਫ਼ ਵਰਗੀਆਂ ‘ਨਵ-ਬਸਤੀਵਾਦੀ’ ਸੰਸਥਾਵਾਂ ਹੋਂਦ ਵਿੱਚ ਆ ਗਈਆਂ ਅਤੇ ਇਹਨਾਂ ਨੀਤੀਆਂ ਨੂੰ ਲਾਗੂ ਕਰਨ ਲਈ ਵਿਸ਼ਵ ਪੱਧਰ ‘ਤੇ ‘ਨਵ ਫਾਸ਼ੀਵਾਦ’ ਦਾ ਸਹਾਰਾ ਲਿਆ ਗਿਆ। ਵਿਸ਼ਵ ਵਿੱਤੀ ਪੂੰਜੀ ਨੇ ਫਾਸ਼ੀਵਾਦ ਨਾਲ ਇੱਕ ਜੁੱਟ ਹੋ ਕੇ ਜਨਤਾ ਦੀ ਤਿੱਖੀ ਲੁੱਟ ਕਰਨ ਲਈ ਪਹਿਲਾਂ ਨਾਲੋਂ ਕਿਤੇ ਵੱਧ ਜ਼ਾਲਮਾਨਾ ਅਤੇ ਖੁੰਖਾਰੂ ਰੂਪ ਧਾਰਨ ਕਰ ਲਿਆ ਹੈ। ਸਾਮਰਾਜਵਾਦ ਅਤੇ ਵਿਤੀ ਪੂੰਜੀਵਾਦੀ ਤਾਕਤਾਂ ਵੱਲੋਂ ਇਹਨਾਂ ਨੀਤੀਆਂ ਨੂੰ ਅਪਣਾਕੇ ਆਮ ਜਨਤਾ ‘ਤੇ ਭਿਆਨਕ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਅੱਜ ਵਿਸ਼ਵ ਪੱਧਰ ‘ਤੇ ਕਮਿਊਨਿਸਟ ਲਹਿਰ ਇਹਨਾਂ ਸਾਮਰਾਜਵਾਦੀ ਅਤੇ ਵਿਤੀ ਪੂੰਜੀਪਤੀਆਂ ਦੇ ਤਿੱਖੇ ਹਮਲਿਆਂ ਦਾ ਮੁਕਾਬਲਾ ਕਰਨ ਤੋਂ ਯੋਗ ਨਹੀਂ ਹੈ ਅਤੇ ਵਿਚਾਰਧਾਰਕ – ਰਾਜਨੀਤਿਕ ਸੰਕਟ ਦਾ ਵੀ ਸਾਹਮਣਾ ਕਰ ਰਹੀ ਹੈ ਅਤੇ ਟੁੱਟ- ਖਿੰਡਿਆ ਦਾ ਸ਼ਿਕਾਰ ਹੈ। ਇਥੋਂ ਤੱਕ ਕਿ ਸਾਮਰਾਜਵਾਦੀ ਤਾਕਤਾਂ ਨੂੰ ਚਣੌਤੀ ਦੇਣ ਵਾਲਾ ਕੋਈ ਸਮਾਜਵਾਦੀ ਕੈਂਪ ਵੀ ਨਹੀਂ ਰਿਹਾ। ਸਿੱਟੇ ਵਜੋਂ, ਦੁਨੀਆਂ ਪੱਧਰ ‘ਤੇ ਵੱਖ-ਵੱਖ ਹਿੱਸਿਆਂ ਵਿੱਚ ਮਿਹਨਤਕਸ਼ ਜਨਤਾ ਅਤੇ ਦੱਬੇ-ਕੁਚਲੇ ਲੋਕ ਸਾਮਰਾਜਵਾਦ, ਵਿਤੀ ਪੂੰਜੀ ਅਤੇ ਇਸਦੇ ਦਲਾਲਾਂ ਦੀਆਂ ਨੀਤੀਆਂ ਦੇ ਖ਼ਿਲਾਫ਼ ਉੱਠ ਤਾਂ ਰਹੇ ਹਨ, ਪਰ ਉਨ੍ਹਾਂ ਨੂੰ ਵਿਸ਼ਵ ਪੱਧਰ ‘ਤੇ ਯੋਗ ਅਗਵਾਈ ਦੇਣ ਵਾਲੀ ਲਹਿਰ ਯਾਣੀ ਰਾਜਨੀਤਿਕ ਅਤੇ ਸੰਗਠਨਾਤਮਿਕ ਪਹਿਲਕਦਮੀ ਦੀ ਘਾਟ ਹੈ। ਇਸਦਾ ਫਾਇਦਾ ਉਠਾਉਂਦੇ ਹੋਏ, ‘ਨਵ-ਉਦਾਰਵਾਦੀ ਕਾਰਪੋਰੇਟ ਪੂੰਜੀ’ ਅੱਜ ਦੇ ਫਾਸ਼ੀਵਾਦ, ਜਿਸ ਨੂੰ ਹੁਣ ‘ਨਵ-ਫਾਸ਼ੀਵਾਦ’ ਵੀ ਕਿਹਾ ਜਾਂਦਾ ਹੈ, ਦੇ ਨਾਲ ਮਿਲਕੇ ਜਨਤਾ ਦੀ ਤਿੱਖੀ ਢੰਗ ਨਾਲ ਲੁੱਟ ਕੀਤੀ ਜਾ ਰਹੀ ਹੈ। ਭਾਰਤ ਅੱਜ ਦੁਨੀਆਂ ਦੇ ਸਭ ਤੋਂ ਵੱਧ ਆਬਾਦੀ ਵਾਲੇ ਅਤੇ ਦੱਬੇ-ਕੁਚਲੇ ਦੇਸ਼ਾਂ ਵਿੱਚੋਂ ਇੱਕ ਹੈ। ਜਿੱਥੇ ਦੁਨੀਆਂ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਪੁਰਾਣੇ ਫਾਸ਼ੀਵਾਦੀ ਸੰਗਠਨ ਆਰ ਐਸ ਐਸ , ਜੋ ਕਾਰਪੋਰੇਟ ਪੂੰਜੀ ਦੇ ਨਾਲ ਗੱਠਜੋੜ ਕਰਕੇ ਜਨਤਾ ਦਾ ਖ਼ੂਨ ਨਿਚੋੜ ਰਿਹਾ ਹੈ ਅਤੇ ਵੱਡੇ ਪੂੰਜੀਪਤੀਆਂ ਅਤੇ ਕਾਰਪੋਰੇਟਾਂ ਨੂੰ ਹੋਰ ਮਾਲੋਮਾਲ ਕਰ ਰਿਹਾ ਹੈ। ਅੱਜ ਪੂਰਾ ਦੇਸ਼ ‘ਨਵ ਫਾਸ਼ੀਵਾਦ’ ਦੀ ਜਕੜ ਹੇਠ ਹੈ। ਜਦੋਂ ਕਿ ਆਬਾਦੀ ਦਾ ਵੱਡਾ ਹਿੱਸਾ ਗ਼ਰੀਬੀ , ਭੁੱਖਮਰੀ ਅਤੇ ਬੇਰੁਜ਼ਗਾਰੀ ਦੀ ਮਾਰ ਝੱਲ ਰਿਹਾ ਹੈ। ਦੇਸ਼ ਦੀ ਕਰੀਬ 80 ਕਰੋੜ ਜਨਤਾ ਪੰਜ ਕਿਲੋ ਅਨਾਜ਼ ਉੱਪਰ ਨਿਰਵਾਹ ਕਰਨ ਲਈ ਮਜ਼ਬੂਰ ਹੈ। ਭਾਰਤ ਵਿੱਚ ਅੱਜ ਵੱਡੀ ‘ਗ਼ਰੀਬ ਆਬਾਦੀ’ ਆਰ ਐਸ ਐਸ ਦੇ ਬਹੁਗਿਣਤੀ ਵਾਲੇ ‘ਹਿੰਦੂ ਰਾਸ਼ਟਰ’ ਦੇ ਏਜੰਡੇ ਰਾਹੀਂ, ਧਾਰਮਿਕ ਘੱਟ ਗਿਣਤੀਆਂ ਖ਼ਾਸ ਕਰਕੇ ਮੁਸਲਮਾਨਾਂ, ਦਲਿਤਾਂ ਅਤੇ ਔਰਤਾਂ, ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਯੋਜਨਾਬੱਧ ਤਰੀਕੇ ਨਾਲ ਹਮਲੇ ਕੀਤੇ ਜਾ ਰਹੇ ਹਨ। ਉਨ੍ਹਾਂ ਨੂੰ ਵੋਟ ਪਾਉਣ ਦੇ ਅਧਿਕਾਰ ਅਤੇ ਨਾਗਰਿਕ ਅਧਿਕਾਰਾਂ ਤੋਂ ਵਾਂਝੇ ਕਰਨ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਕਿਉਂਕਿ ਮਨੂੰ ਸਮ੍ਰਿਤੀ – ਆਰ ਐਸ ਐਸ ਦਾ ਵਿਚਾਰਧਾਰਕ ਆਧਾਰ ਹੈ, ਜੋ ਸਮਾਜ ਦੇ ਸਭ ਤੋਂ ਵੱਧ ਦਲਿਤਾਂ/ਦੱਬੇ-ਕੁਚਲੇ ਲੋਕਾਂ ਅਤੇ ਔਰਤਾਂ ਨੂੰ “ਮਨੁੱਖਤਾ” ਦਾ ਦਰਜਾ ਤੱਕ ਵੀ ਦੇਣ ਨੂੰ ਤਿਆਰ ਨਹੀਂ ਹੈ। ਇਸ ਲਈ ਸਮਾਜ ਦੇ ਸਭ ਤੋਂ ਵੱਧ ਪੀੜਤ ਲੋਕ, ਜਿਨ੍ਹਾਂ ਨੂੰ ਸੰਵਿਧਾਨ ਦੁਆਰਾ ਗਾਰੰਟੀ ਕੀਤੇ ਗਏ ਮੁਢਲੇ ਅਧਿਕਾਰਾਂ ਤੋਂ ਵੀ ਵਾਂਝੇ ਕੀਤਾ ਜਾ ਰਿਹਾ ਹੈ। ਭਾਜਪਾ – ਆਰ ਐਸ ਐਸ ਵੱਲੋਂ ਸੰਵਿਧਾਨ ਦੇ ਮੂਲ ਢਾਂਚੇ ਅਤੇ ਇਸਦੇ ‘ਲੋਕਤੰਤਰਿਕ ਚਰਿੱਤਰ’ ਨੂੰ ਬਦਲਿਆ ਅਤੇ ਤਬਾਹ ਕੀਤਾ ਜਾ ਰਿਹਾ ਹੈ। ਸੈਨਾਂ ਸਮੇਤ ਸਾਰੇ ਸੰਵਿਧਾਨਕ, ਨਿਆਇਕ ਅਤੇ ਪ੍ਰਸ਼ਾਸ਼ਨਿਕ ਅਦਾਰਿਆਂ ਦਾ ਭਗਵਾਂਕਰਨ ਕੀਤਾ ਜਾ ਰਿਹਾ ਹੈ। ਇਥੋਂ ਤੱਕ ਕਿ ਦੇਸ਼ ਦੀਆਂ ਉੱਚ ਪਾਏ ਦੀਆਂ ਯੂਨੀਵਰਸਿਟੀਆਂ ਨੂੰ ਆਪਣੇ ਅਧੀਨ ਕਰਕੇ ਆਮ ਲੋਕਾਂ ਨੂੰ ਸਿੱਖਿਆ ਦੇ ਅਧਿਕਾਰ ਤੋਂ ਵਾਂਝਾ ਕੀਤਾ ਜਾ ਰਿਹਾ ਹੈ। ਗ਼ਰੀਬ ਲੋਕਾਂ ਦੇ ਬੱਚਿਆਂ ਤੋਂ ਸਿੱਖਿਆ ਦਾ ਹੱਕ ਖੋਹਣ ਲਈ ਦੇਸ਼ ਭਰ ਵਿੱਚ ਲੱਖਾਂ ਸਕੂਲ ਬੰਦ ਕੀਤੇ ਜਾ ਰਹੇ ਹਨ ਅਤੇ ਸਿੱਖਿਆ ਨੂੰ ‘ਫਾਸ਼ੀਵਾਦੀ ਪ੍ਰਣਾਲੀ’ ਦੇ ਅਧੀਨ ਲਿਆਂਦਾ ਜਾ ਰਿਹਾ ਹੈ। ਜਿਵੇਂ ਕਿ ਅਸੀਂ ਦੇਖਦੇ ਆ ਰਹੇ ਹਾਂ, ਕਿ ਚੋਣ ਕਮਿਸ਼ਨ ਵੀ ਆਰ ਐਸ ਐਸ/ਭਾਜਪਾ ਸ਼ਾਸਨ ਅਧੀਨ ਇੱਕ ਫਾਸ਼ੀਵਾਦੀ ਸੰਦ ਬਣ ਗਿਆ ਹੈ।
ਅੱਜ, ਜਦੋਂ ਅਸੀਂ ਅਕਤੂਬਰ ਇਨਕਲਾਬ ਅਤੇ ਮਜ਼ਦੂਰ ਜਮਾਤ ਦੇ ਸ਼ਾਨਾਮੱਤੇ ਇਤਿਹਾਸ ਨੂੰ ਯਾਦ ਕਰਦੇ ਹਾਂ। ਭਾਰਤ, ਪੂਰੀ ਦੁਨੀਆਂ ਦੇ ਨਾਲ, ਫਾਸ਼ੀਵਾਦ ਦੇ ਉਭਾਰ ਵਿੱਚ ਇੱਕ ਮਹੱਤਵਪੂਰਨ ਮੋੜ ‘ਤੇ ਖੜ੍ਹਾ ਹੈ। ਜਿਸਦੀ ਅਗਵਾਈ ਵਿਸ਼ਵ ਕਾਰਪੋਰੇਟ-ਵਿੱਤੀ ਪੂੰਜੀ ਅਤੇ ਦੇਸ਼ ਦੇ ਵੱਡੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਹੈ। ਸਪੱਸ਼ਟ ਤੌਰ ‘ਤੇ, ਹਰ ਜਗ੍ਹਾ ਫਾਸ਼ੀਵਾਦ ਦਾ ਭੌਤਿਕ ਆਧਾਰ ‘ਵਿਸ਼ਵ ਕਾਰਪੋਰੇਟ ਵਿਤੀ ਪੂੰਜੀ’ ਵਿੱਚ ਮੌਜੂਦ ਹੈ, ਜਦੋਂ ਕਿ ਇਸਦੇ ਵਿਚਾਰਧਾਰਕ ਪ੍ਰਗਟਾਵੇ ਹਰ ਦੇਸ਼ ਦੇ ਖਾਸ ਇਤਿਹਾਸਕ, ਸੱਭਿਆਚਾਰਕ ਅਤੇ ਸਮਾਜਿਕ ਹਾਲਾਤਾਂ ਦੇ ਅਨੁਸਾਰ ਵੱਖ-ਵੱਖ ਹੁੰਦੇ ਹਨ।

ਕਮਿਊਨਿਸਟ ਤਾਕਤਾਂ ਆਪਣੀ ਸਹੀ ਭੂਮਿਕਾ ਤਾਂ ਹੀ ਨਿਭਾ ਸਕਦੀਆਂ ਹਨ, ਜੇਕਰ ਉਹ ਵਿਸ਼ਵ ਅਤੇ ਭਾਰਤ ਪੱਧਰ ‘ਤੇ 21ਵੀਂ ਸਦੀ ਦੇ ਸਾਮਰਾਜਵਾਦ ਅਤੇ ਫਾਸ਼ੀਵਾਦ ਨੂੰ ਸਮਝਣ ਲਈ ਵਿਗਿਆਨਕ ਨਜ਼ਰੀਏ ਨਾਲ ਸਮਝ ਵਿਕਸਤ ਕਰਨ। ਦੂਜੇ ਸ਼ਬਦਾਂ ਵਿੱਚ ਕਹਿਣਾ ਹੋਵੇ, ਕਮਿਊਨਿਸਟਾਂ ਦਾ ਕੇਂਦਰੀ ਏਜੰਡਾ ਅੱਜ ਦੇ ਸਾਮਰਾਜਵਾਦ, ਵਿਤੀ ਪੂੰਜੀ ਅਤੇ ਫਾਸ਼ੀਵਾਦ ਬਾਰੇ ਵਿਚਾਰਧਾਰਕ ਸਪੱਸ਼ਟਤਾ ਦਾ ਹੋਣਾ ਬਹੁਤ ਜ਼ਰੂਰੀ ਹੈ ਅਤੇ ਇਸ ਅਨੁਸਾਰ ਹੀ ਰਾਜਨੀਤਿਕ ਅਭਿਆਸ ਵਿਕਸਤ ਕਰਨਾ ਚਾਹੀਦਾ ਹੈ। ਬਿਨਾਂ ਸ਼ੱਕ, ਲੈਨਿਨ ਦੇ ਸਮੇਂ ਦੇ ਮੁਕਾਬਲੇ ਅੱਜ ਸਾਮਰਾਜਵਾਦ ਅਤੇ ਕਾਰਪੋਰੇਟ ਵਿੱਤੀ ਪੂੰਜੀ ਵਿੱਚ ਬਹੁਤ ਸਾਰੇ ਗੁਣਾਤਮਕ ਬਦਲਾਅ ਆਏ ਹਨ। ਇਹੀ ਹਾਲ ਭਾਰਤ ਦੇ ‘ਨਵ-ਫਾਸ਼ੀਵਾਦ’ ਦਾ ਹੈ। ਜੋ, ਦੋ ਵਿਸ਼ਵ ਯੁੱਧਾਂ ਦੇ ਵਿਚਕਾਰਲੇ ਸਮੇਂ ਦੇ ਰਵਾਇਤੀ ਫਾਸ਼ੀਵਾਦ ਨਾਲੋਂ ਅੱਜ ਦਾ ‘ਨਵ -ਫਾਸ਼ੀਵਾਦ’ ਕਈ ਤਰੀਕਿਆਂ ਨਾਲ ਵੱਖ਼ਰਾ ਅਤੇ ਵਧੇਰੇ ਗੁੰਝਲਦਾਰ ਹੈ।
ਇਸ ਲਈ, ਬੀਤੇ ਸਮੇਂ ਦੀਆਂ ਹਾਲਤਾਂ ਦੀ ਨਕਲ ਕਰਨ ਦੀ ਬਜਾਏ, ਜਿਵੇਂ ਲੈਨਿਨ ਨੇ ਕਿਹਾ ਸੀ, ਕਿ ਅੱਜ ਸਭ ਤੋਂ ਮਹੱਤਵਪੂਰਨ ਕੰਮ “ਠੋਸ ਸਥਿਤੀ ਦਾ ਠੋਸ ਵਿਸ਼ਲੇਸ਼ਣ” ਕਰਨਾ ਹੈ। ਅੱਜ ਕਮਿਊਨਿਸਟਾਂ ਦੇ ਸਾਹਮਣੇ ਇਹ ਇੱਕ ਨਿਰਣਾਇਕ ਚਣੌਤੀ ਵੀ ਹੈ।

Leave a Reply

Your email address will not be published. Required fields are marked *