ਗੁਰਦਾਸਪੁਰ, 12 ਅਕਤੂਬਰ (ਸਰਬਜੀਤ ਸਿੰਘ)– ਪ੍ਰੈਸ ਨਾਲ ਗੱਲ ਬਾਤ ਕਰਦੇ ਹੋਏ ਡਾ ਸੁਨੀਲ ਤਰਗੋਤਰਾ ਨੇ ਦੱਸਿਆ ਕੇ ਸਿਵਿਲ ਸਰਜਨ ਗੁਰਦਾਸਪੁਰ ਡਾ ਜਸਵਿੰਦਰ ਸਿੰਘ ਜੀ ਦੇ ਹੁਕਮਾਂ ਅਨੁਸਾਰ ਅਤੇ ਡਾ ਜਸਵਿੰਦਰ ਸਿੰਘ ਐਸਐਮਓ ਪੀਐੱਚਸੀ ਭੁੱਲਰ ਜੀ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਪੀਐੱਚਸੀ ਭੁੱਲਰ ਜਿਲਾ ਗੁਰਦਾਸਪੁਰ ਵਿੱਚ ਪੋਲੀਓ-ਮੁਕਤ ਸਥਿਤੀ ਨੂੰ ਬਰਕਰਾਰ ਰੱਖਣ ਲਈ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਚੰਡੀਗੜ੍ਹ ਵੱਲੋਂ 12 ਅਕਤੂਬਰ ਤੋਂ 14 ਅਕਤੂਬਰ, 2025 ਤੱਕ ਪਲਸ ਪੋਲੀਓ ਮੁਹਿੰਮ ਚਲਾਈ ਜਾਏਗੀ ।ਇਸ ਤਿੰਨ-ਰੋਜ਼ਾ ਮੁਹਿੰਮ ਦੌਰਾਨ 0 ਤੋਂ 5 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਈਆਂ ਜਾਣਗੀਆਂ।
ਮੁਹਿੰਮ ਦੇ ਦਿਨ: ਅੱਜ 12 ਅਕਤੂਬਰ ਨੂੰ ਬੂਥ ਡੇਅ ਵਜੋਂ ਮਨਾਇਆ ਗਿਆ, ਜਿੱਥੇ ਸਿਹਤ ਕੇਂਦਰਾਂ ਅਤੇ ਹੋਰ ਥਾਵਾਂ ‘ਤੇ ਬੂਥ ਲਗਾਏ ਗਏ। 13 ਅਤੇ 14 ਅਕਤੂਬਰ ਨੂੰ ਟੀਮਾਂ ਘਰ-ਘਰ ਜਾ ਕੇ ਰਹਿੰਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣਗੀਆਂ। ਹਾਈ-ਰਿਸਕ ਖੇਤਰਾਂ ‘ਤੇ ਜ਼ੋਰ: ਈਟਾਂ ਦੇ ਭੱਠਿਆਂ, ਝੁੱਗੀਆਂ, ਉਸਾਰੀ ਅਧੀਨ ਖੇਤਰਾਂ, ਅਤੇ ਪ੍ਰਵਾਸੀ ਮਜ਼ਦੂਰਾਂ ਦੀਆਂ ਬਸਤੀਆਂ ਵਿੱਚ ਰਹਿ ਰਹੇ ਬੱਚਿਆਂ ਨੂੰ ਕਵਰ ਕਰਨ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ । ਉਹਨਾਂ ਦੱਸਿਆ ਕੇ ਇਹ ਡਰਾਈਵ ਪੂਰੇ ਪੰਜਾਬ ਵਿੱਚ ਚਲਾਈ ਜਾ ਰਹੀ ਹੈ । ਮੁਹਿੰਮ ਦੀ ਸ਼ੁਰੂਆਤ ਤੋਂ ਪਹਿਲਾਂ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਜਾਗਰੂਕਤਾ ਰੈਲੀਆਂ ਵੀ ਕੱਢੀਆਂ ਗਈਆਂ, ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਇਸਦੇ ਮਹੱਤਵ ਬਾਰੇ ਜਾਗਰੂਕ ਕੀਤਾ ਜਾ ਸਕੇ।
ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਭਾਵੇਂ ਭਾਰਤ ਨੂੰ 2014 ਵਿੱਚ ਹੀ ਪੋਲੀਓ-ਮੁਕਤ ਘੋਸ਼ਿਤ ਕਰ ਦਿੱਤਾ ਗਿਆ ਸੀ, ਪਰ ਗੁਆਂਢੀ ਦੇਸ਼ਾਂ ਵਿੱਚ ਪੋਲੀਓ ਦੇ ਮਾਮਲਿਆਂ ਦੇ ਮੱਦੇਨਜ਼ਰ ਇਸ ਪ੍ਰਾਪਤੀ ਨੂੰ ਬਰਕਰਾਰ ਰੱਖਣ ਲਈ ਇਹ ਮੁਹਿੰਮ ਜ਼ਰੂਰੀ ਹੈ।
ਡਾ ਸਾਬ ਵਲੋਂ ਸਾਰੇ ਮਾਪਿਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੀ ਅਤੇ ਆਪਣੇ ਗੁਆਂਢ ਦੇ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਜ਼ਰੂਰ ਪਿਆਉਣ ਅਤੇ ਸਿਹਤ ਟੀਮਾਂ ਨੂੰ ਪੂਰਾ ਸਹਿਯੋਗ ਦੇਣ।
ਇਸ ਮੁਹਿੰਮ ਦਾ ਉਦੇਸ਼ ਪੋਲੀਓ ਨੂੰ ਜੜ੍ਹੋਂ ਖ਼ਤਮ ਕਰਨਾ ਅਤੇ ਬੱਚਿਆਂ ਨੂੰ ਇਸ ਲਾਇਲਾਜ ਬੀਮਾਰੀ ਤੋਂ ਬਚਾਉਣਾ ਹੈ। ਇਸ ਮੌਕੇ ਗੁਰਪ੍ਰੀਤ ਕੌਰ (ਏਐੱਨਐੱਮ), ਭੁਪਿੰਦਰ ਕੌਰ,ਗਗਨਦੀਪ ਕੌਰ,ਮਨਜੀਤ ਕੌਰ,ਨਿਰਮਲ ਕੌਰ ਆਦਿ ਸਟਾਫ਼ ਮੈਂਬਰ ਅਤੇ ਸੰਬੰਧਤ ਪਿੰਡਾਂ ਦੇ ਆਂਗਣਵਾੜੀ ਵਰਕਰ ਹਾਜ਼ਰ ਸਨ ।


