ਚੀਫ਼ ਜਸਟਿਸ ਦੇ ਅਪਮਾਨ ਅਤੇ ਏਡੀਜੀਪੀ ਨੂੰ ਖੁਦਕੁਸ਼ੀ ਲਈ ਮਜ਼ਬੂਰ ਕਰਨ ਵਾਲੇ ਜਾਤ ਹੰਕਾਰੀ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ
ਮਾਨਸਾ, ਗੁਰਦਾਸਪੁਰ, 12 ਅਕਤੂਬਰ (ਸਰਬਜੀਤ ਸਿੰਘ)— ਅੱਜ ਇਥੇ ਸ਼ਹਿਰ ਦੇ ਕੇਂਦਰ ਗੁਰਦੁਆਰਾ ਚੌਂਕ ਵਿਖੇ ਸ਼ਹਿਰ ਦੀਆਂ ਸਮਾਜਿਕ ਸਿਆਸੀ ਅਤੇ ਕਿਸਾਨ ਤੇ ਮਜ਼ਦੂਰ ਮੁਲਾਜ਼ਮ ਜਥੇਬੰਦੀਆਂ ਵਲੋਂ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਦਾ ਇਕ ‘ਸਨਾਤਨੀ’ ਵਕੀਲ ਵਲੋਂ ਕੀਤੇ ਅਪਮਾਨ, ਹਰਿਆਣਾ ਦੇ ਏਡੀਜੀਪੀ ਨੂੰ ਜਾਤ ਹੰਕਾਰੀ ਆਈਏਐਸ ਤੇ ਆਈਪੀਐਸ ਅਧਿਕਾਰੀਆਂ ਵਲੋਂ ਲਗਾਤਾਰ ਜਾਤ ਦੇ ਅਧਾਰ ‘ਤੇ ਜ਼ਲੀਲ ਕਰਕੇ ਖੁਦਕੁਸ਼ੀ ਲਈ ਮਜ਼ਬੂਰ ਕਰਨ ਅਤੇ ਰਾਏ ਬਰੇਲੀ ਵਿਖੇ ਬੇਕਸੂਰ ਦਲਿਤ ਨੌਜਵਾਨ ਹਰੀ ਓਮ ਵਾਲਮੀਕੀ ਨੂੰ ਸੰਘੀ ਬੁਰਛਾਗਰਦਾਂ ਵਲੋਂ ਚੋਰੀ ਦੇ ਝੂਠੇ ਦੋਸ਼ ਵਿੱਚ ਕੁੱਟ ਕੁੱਟ ਕੇ ਜਾਨੋਂ ਮਾਰ ਦੇਣ ਦੀਆਂ ਘਿਨਾਉਣੀਆਂ ਘਟਨਾਵਾਂ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਜਾਤ ਪਾਤੀ ਦੀ ਨੀਂਹ ਰੱਖਣ ਵਾਲੇ ਮਨੂੰਵਾਦ ਦਾ ਪੁਤਲਾ ਫ਼ੂਕਿਆ ਗਿਆ। ਵਿਖਾਵਾਕਾਰੀਆਂ ਵਲੋਂ ਇੰਨਾਂ ਸਾਰੇ ਜਾਤੀ ਹੰਕਾਰ ‘ਚ ਗ੍ਰਸੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਅਤੇ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਗਈ।
ਇਸ ਰੋਸ ਪ੍ਰਦਰਸ਼ਨ ਨੂੰ ਕਾਮਰੇਡ ਸੁਖਦਰਸ਼ਨ ਸਿੰਘ ਨੱਤ, ਬੀਐਸਪੀ ਆਗੂ ਗੁਰਮੇਲ ਸਿੰਘ ਬੋੜਾਵਾਲ, ਸੀਪੀਆਈ (ਐਮ ਐਲ) ਲਿਬਰੇਸ਼ਨ ਦੇ ਕੇਂਦਰੀ ਆਗੂ ਰਾਜਵਿੰਦਰ ਸਿੰਘ ਰਾਣਾ, ਸੀਪੀਆਈ ਆਗੂ ਕ੍ਰਿਸ਼ਨ ਚੌਹਾਨ, ਪੈਨਸ਼ਨਰਜ਼ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸਿਕੰਦਰ ਸਿੰਘ ਘਰਾਂਗਣਾਂ, ਪੰਜਾਬ ਕਿਸਾਨ ਯੂਨੀਅਨ ਦੇ ਆਗੂ ਕਰਨੈਲ ਸਿੰਘ ਮਾਨਸਾ, ਮਜ਼ਦੂਰ ਮੁਕਤੀ ਮੋਰਚਾ ਲਿਬਰੇਸ਼ਨ ਦੇ ਆਗੂ ਬਲਵਿੰਦਰ ਸਿੰਘ ਘਰਾਂਗਣਾਂ, ਡੀਟੀਐਫ ਦੇ ਜ਼ਿਲ੍ਹਾ ਪ੍ਰਧਾਨ ਅਮੋਲਕ ਡੇਲੂਆਣਾ, ਮਾਸਟਰ ਪਰਮਿੰਦਰ ਸਿੰਘ, ਪ੍ਰਗਤੀਸ਼ੀਲ ਲੇਖਕ ਸੰਘ ਵਲੋਂ ਲੈਕਚਰਾਰ ਕੁਲਦੀਪ ਚੌਹਾਨ, ਐਡਵੋਕੇਟ ਕੁਲਵਿੰਦਰ ਉੱਡਤ, ਪੱਤਰਕਾਰ ਆਤਮਾ ਸਿੰਘ ਪਮਾਰ, ਕੁਦਰਤ ਮਾਨਵ ਕੇਂਦਰਤ ਲਹਿਰ ਦੇ ਆਗੂ ਮਨਜੀਤ ਮਾਨ, ਜਗਰਾਜ ਰੱਲਾ, ਸ਼ਾਇਰ ਰਾਜਵਿੰਦਰ ਮੀਰ, ਬਾਬਾ ਦੀਪ ਸਿੰਘ ਆਟੋ ਯੂਨੀਅਨ ਮਾਨਸਾ ਦੇ ਪ੍ਰਧਾਨ ਮੰਗਾ ਸਿੰਘ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਆਗੂ ਲੱਖਾ ਸਿੰਘ ਸਹਾਰਨਾ, ਐਸੀਬੀਸੀ ਅਧਿਆਪਕ ਯੂਨੀਅਨ ਦੇ ਆਗੂ ਵਿਜੇ ਕੁਮਾਰ ਬੁਢਲਾਡਾ, ਕਲਾਸ ਫੋਰ ਕਰਮਚਾਰੀ ਯੂਨੀਅਨ ਦੇ ਰਾਜ ਕੁਮਾਰ ਰੰਗਾ, ਰੈਡੀਕਲ ਪੀਪਲਜ਼ ਫੋਰਮ ਦੇ ਜਸਪਾਲ ਸਿੰਗਲਾ ਖੋਖਰ, ਲਿਬਰੇਸ਼ਨ ਦੇ ਗੁਰਸੇਵਕ ਸਿੰਘ ਮਾਨ, ਗੋਰਾ ਲਾਲ ਅਤਲਾ ਨੇ ਸੰਬੋਧਨ ਕੀਤਾ। ਮੰਚ ਸੰਚਾਲਨ ਪ੍ਰਗਤੀਸ਼ੀਲ ਇਸਤਰੀ ਸਭਾ ਦੇ ਆਗੂ ਕਾਮਰੇਡ ਜਸਬੀਰ ਕੌਰ ਨੱਤ ਵਲੋਂ ਕੀਤਾ ਗਿਆ।
ਬੁਲਾਰਿਆਂ ਦਾ ਕਹਿਣਾ ਸੀ ਕਿ 21 ਵੀਂ ਸਦੀ ਵਿੱਚ ਦੇਸ਼ ਦੀ ਬਹੁਗਿਣਤੀ ਆਬਾਦੀ ਨਾਲ ਸਤਾ ਦੀ ਸਰਪ੍ਰਸਤੀ ਹੇਠਲੇ ਉੱਚ ਜਾਤੀ ਅਨਸਰਾਂ ਵਲੋਂ ਅਜਿਹੇ ਅਪਰਾਧ ਦੇਸ਼ ਤੇ ਮਾਨਵਤਾ ਦੇ ਮੱਥੇ ਤੇ ਕਲੰਕ ਹਨ ਅਤੇ ਇੰਨਾਂ ਦੋਸ਼ੀਆਂ ਨੂੰ ਸਿਆਸੀ ਸਰਪ੍ਰਸਤੀ ਦੇਣ ਦੀ ਕੀਮਤ ਮੋਦੀ ਸਰਕਾਰ ਤੇ ਬੀਜੇਪੀ ਨੂੰ ਨੇੜ ਭਵਿੱਖ ਵਿੱਚ ਹੀ ਤਾਰਨੀ ਪਵੇਗੀ। ਦਲਿਤ ਸ਼ੋਸ਼ਿਤ ਜਨਤਾ ਇਸ ਜ਼ਲਾਲਤ ਨੂੰ ਕਦਾਚਿੱਤ ਵੀ ਸਹਿਣ ਨਹੀਂ ਕਰੇਗੀ ਅਤੇ
ਲਾਮਬੰਦ ਹੋ ਕੇ ਇੱਟ ਦਾ ਜਵਾਬ ਪੱਥਰ ਨਾਲ ਦੇਵੇਗੀ। ਬੁਲਾਰਿਆਂ ਨੇ ਪੰਜਾਬ ਤੇ ਕਰਨਾਟਕ ਦੀ ਪੁਲਿਸ ਵਲੋਂ ਚੀਫ਼ ਜਸਟਿਸ ਬਾਰੇ ਸੋਸ਼ਲ ਮੀਡੀਆ ਉਤੇ ਅਪਮਾਨਜਨਕ ਵੀਡੀਓਜ਼ ਤੇ ਮੀਮ ਬਣਾਉਣ ਤੇ ਸ਼ੇਅਰ ਕਰਨ ਵਾਲੇ ਮਨੂੰਵਾਦੀ ਭੜਕਾਊ ਅਨਸਰਾਂ ਖਿਲਾਫ਼ ਕੇਸ ਦਰਜ ਕਰਨ ਦੀ ਭਰਪੂਰ ਸ਼ਲਾਘਾ ਕੀਤੀ ਹੈ ਅਤੇ ਕਿਹਾ ਹੈ ਕਿ ਜਾਤ ਹੰਕਾਰੀ ਲੋਕ ਕਿਹੋ ਜਿਹੇ ਕਾਗਜ਼ੀ ਸ਼ੇਰ ਹਨ, ਉਹ ਐਸਸੀ-ਐਸਟੀ ਐਕਟ ਤਹਿਤ ਇਹ ਕੇਸ ਦਰਜ ਹੋਣ ਤੋਂ ਬਾਅਦ ਉਨ੍ਹਾਂ ਵਲੋਂ ਛੁਟਕਾਰੇ ਲਈ ਮਾਫੀਆ ਮੰਗਣ ਤੇ ਲੇਲੜੀਆਂ ਕੱਢਣ ਤੋਂ ਜ਼ਾਹਰ ਹੋ ਰਿਹਾ ਹੈ। ਪ੍ਰਦਰਸ਼ਨਕਾਰੀਆਂ ਨੇ ਅਪੀਲ ਕੀਤੀ ਕਿ ਇੰਨਾਂ ਸੰਵੇਦਨਸ਼ੀਲ ਮਾਮਲਿਆਂ ਵਿੱਚ ਹਰ ਇਨਸਾਫਪਸੰਦ ਤੇ ਮਾਨਵਤਾਵਾਦੀ ਵਿਅਕਤੀ ਤੇ ਜਥੇਬੰਦੀ ਨੂੰ ਵਿਰੋਧ ਕਰਨ ਲਈ ਖੁੱਲ ਕੇ ਮੈਦਾਨ ਵਿੱਚ ਆਵੇ।



