ਸ਼ਹੀਦ ਸੂਬੇਦਾਰ ਨਿਰਮਲ ਸਿੰਘ ਦੀ ਸ਼ਹਾਦਤ ’ਤੇ ਸਾਨੂੰ ਹਮੇਸ਼ਾਂ ਮਾਣ ਰਹੇਗਾ – ਲਾਲ ਚੰਦ ਕਟਾਰੂਚੱਕ
ਗੁਰਦਾਸਪੁਰ, 30 ਅਕਤੂਬਰ (ਸਰਬਜੀਤ ਸਿੰਘ ) – ਸਰਦਾਰ ਹਰੀ ਸਿੰਘ ਨਲੂਆ ਨੂੰ ਸਪਰਪਿਤ ਗੁਰਦਾਸਪੁਰ ਵਿਖੇ ਚੱਲ ਰਹੇ ਜੋਸ਼ ਉਤਸਵ ਦੇ ਦੂਜੇ ਦਿਨ ਭਾਰਤੀ ਫ਼ੌਜ ਦੇ ਬਹਾਦਰ ਜਵਾਨ ਸ਼ਹੀਦ ਸੂਬੇਦਾਰ ਨਿਰਮਲ ਸਿੰਘ, ਵੀਰ ਚੱਕਰ ਦੇ ਪਰਿਵਾਰ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ।
ਸਮਾਗਮ ਦੌਰਾਨ ਸ਼ਹੀਦ ਪਰਿਵਾਰ ਸੇਵਾ ਸੰਮਤੀ ਦੇ ਪ੍ਰਧਾਨ ਕੁੰਵਰ ਵਿੱਕੀ ਵੱਲੋਂ ਕਾਰਗਿਲ ਸ਼ਹੀਦ ਸੂਬੇਦਾਰ ਨਿਰਮਲ ਸਿੰਘ ਦੇ ਜੀਵਨ ਅਤੇ ਉਸਦੀ ਸ਼ਹਾਦਤ ਬਾਰੇ ਵੀਰ ਗਾਥਾ ਨੂੰ ਸੁਣਾਇਆ ਗਿਆ। ਸਟੇਡੀਅਮ ਵਿੱਚ ਮੌਜੂਦ ਹਾਜ਼ਰੀਨ ਨੇ ਜਦੋਂ ਕਾਰਗਿਲ ਜੰਗ ਅਤੇ ਸ਼ਹੀਦ ਨਿਰਮਲ ਸਿੰਘ ਦੇ ਬਹਾਦਰੀ ਭਰੇ ਕਾਰਨਾਮਿਆਂ ਬਾਰੇ ਸੁਣਿਆ ਤਾਂ ਸਾਰਿਆਂ ਦਾ ਸੀਨਾ ਫ਼ਖ਼ਰ ਨਾਲ ਚੌੜਾ ਹੋ ਗਿਆ।
ਸ਼ਹੀਦ ਸੂਬੇਦਾਰ ਨਿਰਮਲ ਸਿੰਘ ਦੀ ਪਤਨੀ ਮਨਜੀਤ ਕੌਰ ਨੂੰ ਸੂਬੇ ਦੇ ਕੈਬਨਿਟ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸ੍ਰੀ ਕਟਾਰੂਚੱਕ ਨੇ ਕਿਹਾ ਕਿ ਪੂਰੇ ਦੇਸ਼ ਨੂੰ ਸ਼ਹੀਦ ਸੂਬੇਦਾਰ ਨਿਰਮਲ ਸਿੰਘ ਦੀ ਬਹਾਦਰੀ ਉੱਪਰ ਮਾਣ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸ਼ਹੀਦ ਦੇ ਪਰਿਵਾਰਾਂ ਦੇ ਨਾਲ ਹੈ ਅਤੇ ਇਨ੍ਹਾਂ ਪਰਿਵਾਰਾਂ ਦੇ ਮਾਣ ਸਤਿਕਾਰ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਪੀੜੀਆਂ ਸ਼ਹੀਦ ਸੂਬੇਦਾਰ ਨਿਰਮਲ ਸਿੰਘ ਦੀ ਸ਼ਹਾਦਤ ਤੋਂ ਹਮੇਸ਼ਾਂ ਪ੍ਰੇਰਨਾ ਲੈਂਦੀਆਂ ਰਹਿਣਗੀਆਂ।
ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਐੱਸ.ਐੱਸ.ਪੀ. ਗੁਰਦਾਸਪੁਰ ਹਰੀਸ਼ ਦਾਯਮਾ, ਉੱਘੇ ਜਨਤਕ ਆਗੂ ਸ਼ਮਸ਼ੇਰ ਸਿੰਘ, ਵਿਜੇ ਤ੍ਰੇਹਨ, ਐੱਸ.ਡੀ.ਐੱਮ. ਗੁਰਦਾਸਪੁਰ ਅਮਨਦੀਪ ਕੌਰ ਘੁੰਮਣ, ਪ੍ਰੋ ਰਾਜ ਕੁਮਾਰ ਸ਼ਰਮਾਂ ਵੀ ਮੌਜੂਦ ਸਨ।