ਲਿਬਰੇਸ਼ਨ ਵਲੋਂ ਕਾਮਰੇਡ ਬਿੱਟੂ ਸਿੰਘ ਖੋਖਰ ਨੂੰ ਧਮਕੀਆਂ ਦੇਣ ਦੀ ਸਖ਼ਤ ਨਿੰਦਾ

ਮਾਲਵਾ

ਪਾਰਟੀ ਸਿਆਸੀ ਆਲੋਚਨਾ ਦਾ ਕਦੇ ਬੁਰਾ ਨਹੀਂ ਮੰਨਦੀ, ਪਰ ਕਿਸੇ ਦੀ ਧੌਂਸ ਨਹੀਂ ਸਹਾਰਦੀ – ਕਾਮਰੇਡ ਛਾਜਲੀ


ਲਹਿਰਾ, ਗੁਰਦਾਸਪੁਰ, 29 ਜੂਨ (ਸਰਬਜੀਤ ਸਿੰਘ)– ਸੀਪੀਆਈ ਐਮ ਐਲ ਲਿਬਰੇਸ਼ਨ ਅਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵਲੋਂ ਪਿੰਡ ਖੰਡੇਬਾਦ ਦੇ ਕੁਝ ਵਿਅਕਤੀਆਂ ਵਲੋਂ ਪਾਰਟੀ ਤੇ ਮਜ਼ਦੂਰ ਮੋਰਚਾ ਦੇ ਜ਼ਿਲ੍ਹਾ ਆਗੂ ਕਾਮਰੇਡ ਬਿੱਟੂ ਸਿੰਘ ਖੋਖਰ ਨੂੰ ਗਾਲਾਂ ਤੇ ਧਮਕੀਆਂ ਦੇਣ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਕਿਹਾ ਹੈ ਕਿ ਇਨਕਲਾਬੀ ਆਗੂਆਂ ਨੂੰ ਪਿੰਡਾਂ ਵਿੱਚ ਜਾਣੋ ਤੇ ਮਜ਼ਦੂਰਾਂ ਕਿਸਾਨਾਂ ਦੇ ਪੱਖ ਵਿੱਚ ਲਾਮਬੰਦੀ ਕਰਨੋਂ ਨਾ ਰੋਕ ਸਕਿਆ ਹੈ, ਨਾ ਰੋਕ ਸਕੇਗਾ।
ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਤੇ ਲਿਬਰੇਸ਼ਨ ਦੇ ਸੂਬਾ ਸਟੈਂਡਿੰਗ ਕਮੇਟੀ ਮੈਂਬਰ ਕਾਮਰੇਡ ਗੋਬਿੰਦ ਸਿੰਘ ਛਾਜਲੀ, ਜ਼ਿਲ੍ਹੇ ਦੇ ਸੀਨੀਅਰ ਆਗੂ ਕਾਮਰੇਡ ਘੁਮੰਡ ਸਿੰਘ ਖ਼ਾਲਸਾ ਉਗਰਾਹਾਂ ਤੇ ਧਰਮਪਾਲ ਸੁਨਾਮ ਵਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਪਾਇਪ ਫੈਕਟਰੀ ਵਿੱਚ ਕੰਮ ਕਰਦਿਆਂ ਹਾਦਸੇ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਚਲੇ ਗਏ ਪਿੰਡ ਖੰਡੇਬਾਦ ਦੇ ਇਕ ਨੌਜਵਾਨ ਮਜ਼ਦੂਰ ਦੇ ਪੀੜਤ ਪਰਿਵਾਰ ਨੂੰ ਮੁਆਵਜ਼ਾ ਤੇ ਐਕਸੀਡੈਂਟ ਕਲੇਮ ਦਿਵਾਉਣ ਲਈ ਮਜ਼ਦੂਰ ਮੁਕਤੀ ਮੋਰਚਾ ਵਲੋਂ ਮਾਰੇ ਗਏ ਮਜ਼ਦੂਰ ਦੀ ਲਾਸ਼ ਰੱਖ ਕੇ ਪਿੰਡ ਵਿੱਚ ਧਰਨਾ ਲਾਇਆ ਗਿਆ ਸੀ। ਉਥੇ ਇਕ ਚੈਨਲ ਨਾਲ ਗੱਲ ਕਰਦਿਆਂ ਬਿੱਟੂ ਸਿੰਘ ਖੋਖਰ ਨੇ ਬਾਕੀ ਵਿਸਥਾਰ ਦੇਣ ਦੇ ਨਾਲ ਇਹ ਵੀ ਕਿਹਾ ਕਿ ਪਿੰਡ ਵਿੱਚ ਵੀ ਕਾਮਰੇਡ ਹਨ, ਪਰ ਮਾਰੇ ਗਏ ਮਜ਼ਦੂਰ ਦੇ ਪੱਖ ਵਿੱਚ ਕੋਈ ਨਹੀਂ ਬੋਲਿਆ। ਸਪਸ਼ਟ ਤੌਰ ‘ਤੇ ਇਹ ਕੋਈ ਭੜਕਾਊ ਗੱਲ ਨਾ ਹੋ ਕੇ ਸਿਰਫ ਜਾਇਜ਼ ਸਿਆਸੀ ਆਲੋਚਨਾ ਸੀ। ਪਰ ਇਸ ਬਾਰੇ ਅਪਣਾ ਇਤਰਾਜ਼ ਪਾਰਟੀ ਲੀਡਰਸ਼ਿਪ ਕੋਲ ਰੱਖਣ ਦੀ ਬਜਾਏ, ਉਲਟਾ ਕੁਝ ਵਿਅਕਤੀਆਂ ਵਲੋਂ ਭੜਕ ਕੇ ਬਿੱਟੂ ਖੋਖਰ ਨੂੰ ਫੋਨ ਕਰਕੇ ਧਮਕੀਆਂ ਤੇ ਗਾਲਾਂ ਦਿੱਤੀਆਂ ਤੇ ਚੁਣੌਤੀ ਦਿੰਦਿਆਂ ਕਿਹਾ ਕਿ ਤੂੰ ਹੁਣ ਸਾਡੇ ਪਿੰਡ ਵੜਕੇ ਵਿਖਾ। ਕਾਮਰੇਡ ਗੋਬਿੰਦ ਛਾਜਲੀ ਨੇ ਕਿਹਾ ਕਿ ਸਾਡੀ ਪਾਰਟੀ ਕਿਸੇ ਵਲੋਂ ਕੀਤੀ ਅਪਣੀ ਆਲੋਚਨਾ ਦਾ ਬੁਰਾ ਨਹੀਂ ਮੰਨਦੀ, ਪਰ ਇਹ ਕਿਸੇ ਵੀ ਧਿਰ ਦੀ ਧੌਂਸਬਾਜ਼ੀ ਨਹੀਂ ਸਹਾਰਦੀ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਮਜ਼ਦੂਰਾਂ ਕਿਸਾਨਾਂ ਦੇ ਪੱਖ ਵਿੱਚ ਆਰਥਿਕ ਰਾਜਨੀਤਕ ਤੇ ਸਮਾਜਿਕ ਲੜਾਈ ਲੜਨ ਬਦਲੇ ਦਹਾਕਿਆਂ ਤੋਂ ਪਾਰਟੀ ਵਰਕਰਾਂ ਨੂੰ ਅਜਿਹੀਆਂ ਧਮਕੀਆਂ ਵਾਰ ਵਾਰ ਮਿਲਦੀਆਂ ਰਹੀਆਂ ਹਨ, ਪਰ ਵੱਡੀਆਂ ਕੁਰਬਾਨੀਆਂ ਦੇਣ ਦੇ ਬਾਵਜੂਦ ਲਿਬਰੇਸ਼ਨ ਨੇ ਨਾ ਕਦੇ ਅਪਣਾ ਇਨਕਲਾਬੀ ਸੰਘਰਸ਼ ਛੱਡਿਆ ਹੈ, ਨਾ ਛੱਡੇਗੀ। ਜੇਕਰ ਕਿਸੇ ਨੂੰ ਸਾਡੇ ਕਿਸੇ ਆਗੂ ਦੀ ਬੋਲਬਾਣੀ ਉਤੇ ਇਤਰਾਜ਼ ਹੈ, ਤਾਂ ਉਹ ਪਾਰਟੀ ਦੀ ਸੂਬਾ ਲੀਡਰਸ਼ਿਪ ਨਾਲ ਗੱਲ ਕਰ ਸਕਦਾ ਹੈ, ਪਰ ਇਤਿਹਾਸ ਗਵਾਹ ਹੈ ਕਿ ਗਾਲਾਂ ਤੇ ਧਮਕੀਆਂ ਸਾਹਮਣੇ ਝੁਕਣ ਦੀ ਬਜਾਏ, ਸਾਡੀ ਪਾਰਟੀ ਅਜਿਹੇ ਅਨਸਰਾਂ ਨੂੰ ਕਰਾਰਾ ਜਵਾਬ ਦੇਣ ਤੋਂ ਗ਼ੁਰੇਜ਼ ਨਹੀਂ ਕਰਦੀ।

Leave a Reply

Your email address will not be published. Required fields are marked *