ਮੌੜ ਮੰਡੀ, ਗੁਰਦਾਸਪੁਰ, 16 ਅਪ੍ਰੈਲ (ਸਰਬਜੀਤ ਸਿੰਘ)– ਅੱਜ ਇੱਥੇ ਬਾਲਮੀਕ ਧਰਮਸ਼ਾਲਾ ਵਿੱਚ ਸੀ ਪੀ ਆਈ (ਐਮ ਐਲ) ਰੈੱਡ ਸਟਾਰ ਅਤੇ ਮਜ਼ਦੂਰ ਅਧਿਕਾਰ ਅੰਦੋਲਨ ਪੰਜਾਬ ਵੱਲੋਂ ਡਾ. ਭੀਮ ਰਾਓ ਅੰਬੇਦਕਰ ਦੀ ਯਾਦ ਵਿੱਚ ਭਰਵੀਂ ਇਕੱਤਰਤਾ ਕੀਤੀ ਗਈ। ਜਿਸਨੂੰ ਸੀ ਪੀ ਆਈ (ਐਮ ਐਲ) ਰੈੱਡ ਸਟਾਰ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ ਨੇ ਡਾ.ਭੀਮ ਰਾਓ ਅੰਬੇਦਕਰ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਅੱਜ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ ਭੀਮ ਰਾਓ ਅੰਬੇਦਕਰ ਦੀ 134ਵੀਂ ਜ਼ਨਮ ਸ਼ਤਾਬਦੀ ਹੈ। ਜਿਸਨੇ ਭਾਰਤੀ ਸੰਵਿਧਾਨ ਦਾ ਨਿਰਮਾਣ ਕਰਕੇ ਸਦੀਆਂ ਤੋਂ ਦੱਬੇ ਕੁੱਚਲੇ ਕਰੋੜਾਂ ਗ਼ਰੀਬ ਅਤੇ ਦਲਿਤ ਲੋਕਾਂ ਨੂੰ ਜਮਹੂਰੀ ਅਤੇ ਬੁਨਿਆਦੀ ਅਧਿਕਾਰ ਦਿਵਾਏ ਸਨ ਅਤੇ ਧਰਮ ਨਿਰਪੱਖ ਸੰਵਿਧਾਨ ਦੀ ਸਿਰਜਣਾ ਕੀਤੀ ਗਈ ਸੀ। ਅੱਜ ਭਾਜਪਾ ਅਤੇ ਆਰ ਐਸ ਐਸ ਵੱਲੋਂ ਭਾਰਤੀ ਸੰਵਿਧਾਨ ਨੂੰ ਖ਼ਤਮ ਕਰਨ ਦੀਆਂ ਬਾਰ ਬਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਜਿਸ ਨਾਲ ਸਮਾਜ ਦੇ ਸਭ ਤੋਂ ਵੱਧ ਪਛੜੇ ਅਤੇ ਹਾਸ਼ੀਏ ਤੇ ਧੱਕੇ ਗਏ ਗ਼ਰੀਬ ਲੋਕਾਂ ਅਤੇ ਦਲਿਤਾਂ ਨੂੰ ਸੰਵਿਧਾਨਕ ਹੱਕ ਅਤੇ ਸਿੱਖਿਆ ਅਤੇ ਰੁਜ਼ਗਾਰ ਵਿੱਚ ਰੀਜ਼ਰਵੇਸ਼ਨ ਵਰਗੇ ਮੌਕੇ ਖ਼ਤਮ ਹੋ ਜਾਣਗੇ। ਆਗੂ ਨੇ ਇਹ ਵੀ ਦੱਸਿਆ ਕਿ ‘ਜਾਤ ਪਾਤੀ ਤੋੜੋ ਮੰਡਲ’ ਵੱਲੋਂ 1936 ਵਿੱਚ ਲਹੌਰ ਵਿਖੇ ਇੱਕ ਸਭਾ ਕੀਤੀ ਗਈ ਸੀ, ਜਿਸ ਵਿੱਚ ਡਾ. ਅੰਬੇਦਕਰ ਨੂੰ ਸਮਾਪਤੀ ਦੇ ਤੌਰ ‘ਤੇ ਬੁਲਾਇਆ ਗਿਆ ਸੀ ਪਰ ਪ੍ਰਬੰਧਕਾਂ ਦਾ ਜਾਤੀਵਾਦੀ ਅਤੇ ਹਿੰਦੂਤਵੀ ਪ੍ਰਭਾਵ ਅਧੀਨ ਹੋਣ ਕਰਕੇ ਅਤੇ ਅੰਬੇਦਕਰ ਦੇ ‘ਜਾਤ ਪਾਤੀ ਵਿਵਸਥਾ ਨੂੰ ਖ਼ਤਮ ਕਰਨ’ ਦੇ ਕ੍ਰਾਂਤੀਕਾਰੀ ਵਿਚਾਰਾਂ ਦੇ ਕਾਰਣ ਉਸ ਨੂੰ ਸੰਮੇਲਨ ਵਿੱਚ ਸ਼ਾਮਲ ਹੋਣ ਤੋਂ ਰੋਕ ਦਿੱਤਾ ਗਿਆ ਸੀ। ਡਾ. ਭੀਮ ਰਾਓ ਵੱਲੋਂ ਉਥੇ “ਜਾਤੀ ਪ੍ਰਥਾ ਦਾ ਖ਼ਾਤਮਾ ” ਨਾਂ ਦਾ ਪਰਚਾ ਛਾਪ ਕੇ ਵੱਡੇ ਪੱਧਰ ‘ਤੇ ਵੰਡਿਆ ਗਿਆ। ਜਿਸ ਵਿੱਚ ਉਨ੍ਹਾਂ ਦਾ ਕਹਿਣਾ ਸੀ ਕਿ ” ਜਿਨ੍ਹਾਂ ਚਿਰ ਭਾਰਤ ਵਿੱਚ ਹਜ਼ਾਰਾਂ ਸਾਲਾਂ ਤੋਂ ਪੈਰ ਜਮਾਈ ਬੈਠੀ ਅਣਮਨੁੱਖੀ ਜਾਤੀ ਵਿਵਸਥਾ ਨੂੰ ਮੁਕੰਮਲ ਤੌਰ ‘ਤੇ ਖ਼ਤਮ ਨਹੀਂ ਕੀਤਾ ਜਾਂਦਾ, ਉਹਨਾਂ ਚਿਰ ਕੋਈ ਸੱਚਾ ਲੋਕਤੰਤਰਿਕ ਸਮਾਜ ਨਹੀਂ ਬਣ ਸਕਦਾ।” ਇਸ ਲਈ ਅੱਜ ਜਾਤੀ ਵਿਵਸਥਾ ਦੇ ਕੋੜ੍ਹ ਨੂੰ ਖ਼ਤਮ ਕਰੇ ਤੋਂ ਬਿਨ੍ਹਾਂ ਕ੍ਰਾਂਤੀਕਾਰੀ ਲਹਿਰ ਨੂੰ ਅੱਗੇ ਨਹੀਂ ਵਧਾਇਆ ਜਾ ਸਕਦਾ। ਇਕੱਤਰਤਾ ਨੂੰ ਮਜ਼ਦੂਰ ਆਗੂ ਕਾਮਰੇਡ ਨਛੱਤਰ ਸਿੰਘ ਰਾਮਨਗਰ ਅਤੇ ਮੰਗਲ ਰਾਮ ਪਰੋਚਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।