ਰਾਮਪੁਰਾ,ਚਾਉਕੇ, ਗੁਰਦਾਸਪੁਰ, 1 ਅਪ੍ਰੈਲ (ਸਰਬਜੀਤ ਸਿੰਘ)– ਅੱਜ ਮਜ਼ਦੂਰ ਅਧਿਕਾਰ ਅੰਦੋਲਨ ਪੰਜਾਬ ਦੀ ਅਗਵਾਈ ਹੇਠ ਰਾਮਪੁਰਾ ਬਲਾਕ ਦੇ ਪਿੰਡ ਮੰਡੀ ਖੁਰਦ ਅਤੇ ਮੌੜ ਬਲਾਕ ਦੇ ਪਿੰਡਾਂ ਬੁਰਜ਼ ਅਤੇ ਮਾਨਸਾ ਵਿਖੇ ਮਨਰੇਗਾ ਮਜ਼ਦੂਰਾਂ ਦੀ ਭਰਵੀਆਂ ਮੀਟਿੰਗਾਂ ਕੀਤੀਆਂ ਗਈਆਂ। ਜਿਨ੍ਹਾਂ ਨੂੰ ਸੀ ਪੀ ਆਈ (ਐਮ ਐਲ) ਰੈੱਡ ਸਟਾਰ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ ਅਤੇ ਮਜ਼ਦੂਰ ਅਧਿਕਾਰ ਅੰਦੋਲਨ ਦੇ ਸੂਬਾਈ ਆਗੂ ਕਾਮਰੇਡ ਨਛੱਤਰ ਸਿੰਘ ਰਾਮਨਗਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੂਰਾ ਸਾਲ ਖ਼ਤਮ ਹੋ ਗਿਆ ਹੈ ਪਰ ਪੰਜਾਬ ਦੇ ਕਿਸੇ ਵੀ ਪਿੰਡ ਵਿੱਚ ਮਗਨਰੇਗਾ ਮਜ਼ਦੂਰਾਂ ਨੂੰ ਸੌ ਦਿਨ ਦਾ ਕੰਮ ਨਹੀਂ ਮਿਲਿਆ। ਬੜੇ ਦੁੱਖ ਦੀ ਗੱਲ ਇਹ ਹੈ ਕਿ ਜ਼ਿਲ੍ਹਾ ਬਠਿੰਡਾ ਸਮੇਤ ਨਾਲ ਲਗਦੇ ਜ਼ਿਲ੍ਹਿਆਂ ਵਿੱਚ ਵੀ ਬਹੁਤੇ ਮਗਨਰੇਗਾ ਮਜ਼ਦੂਰਾਂ ਨੂੰ ਇਸ ਸਾਲ ਵਿੱਚ ਮਸਾਂ 20 ਤੋਂ 40 ਦਿਨ ਹੀ ਕੰਮ ਮਿਲਿਆ ਹੈ। ਜਦੋਂ ਕਿ ਭਗਵੰਤ ਮਾਨ ਸਰਕਾਰ ਝੂਠ ਦੇ ਵੱਡੇ ਵੱਡੇ ਕੁਫ਼ਰ ਤੋਲ ਰਹੀ ਹੈ ਅਤੇ ਲੋਕਾਂ ਦੀ ਕਿਰਤ ਕਮਾਈ ਦੇ ਲੱਖਾਂ – ਕਰੋੜਾਂ ਰੁਪਏ ਇਸ਼ਤਿਹਾਰਾਂ ਤੇ ਖ਼ਰਾਬ ਕਰ ਰਹੀ ਹੈ। ਆਗੂਆਂ ਨੇ ਕਿਹਾ ਕਿ ਜਿਨ੍ਹਾਂ ਮਨਰੇਗਾ ਮਜ਼ਦੂਰਾਂ ਨੇ ਤਿੰਨ ਮਹੀਨੇ ਪਹਿਲਾਂ ਜੋ ਕੰਮ ਕੀਤਾ ਸੀ ਅਜੇ ਤੱਕ ਉਹਨਾਂ ਦੇ ਖਾਤਿਆਂ ਵਿੱਚ ਪੈਸੇ ਨਹੀਂ ਪਏ। ਆਗੂਆਂ ਨੇ ਮੋਦੀ ਸਰਕਾਰ ਦੀ ਵੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਆਪਣੇ ਸੰਸਦ ਮੈਂਬਰਾਂ ਅਤੇ ਮੰਤਰੀਆਂ ਦੀਆਂ ਤਨਖ਼ਾਹਾਂ ਵਿੱਚ ਤਾਂ ਹਰ ਮਹੀਨੇ 24 ਹਜ਼ਾਰ ਰੁਪਏ ਦਾ ਵਾਧਾ ਕਰ ਲਿਆ ਹੈ ਅਤੇ ਜਿਸ ਨਾਲ਼ ਇਨ੍ਹੇ ਹੀ ਭੱਤੇ ਵਧ ਜਾਣਗੇ ਪਰ ਗ਼ਰੀਬ ਮਨਰੇਗਾ ਮਜ਼ਦੂਰਾਂ ਦੀ ਦਿਹਾੜੀ ਵਿੱਚ ਮਸਾਂ 24 ਰੁਪਏ ਦਾ ਵਾਧਾ ਕਰਕੇ ‘ਨੱਕ ‘ਚੋਂ ਕੱਢਕੇ ਗ਼ੱਲ ਨਾਲ ਲਾਉਣ’ ਦੀ ਗੱਲ ਕੀਤੀ ਹੈ। ਆਗੂਆਂ ਨੇ ਪੰਜਾਬ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਦਾ ਵਿਰੋਧ ਕਰਦਿਆਂ ਕਿਹਾ ਕਿ ਪਿਛਲੇ ਸਾਲ ਦੇ ਸੀਜ਼ਨ ਦੌਰਾਨ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਜਿੱਥੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਕਰੀਬ 38 ਕਰੋੜ ਰੁਪਏ ਜਾਰੀ ਕੀਤੇ ਹਨ ਪਰ ਜਿਨ੍ਹਾਂ ਗ਼ਰੀਬ ਲੋਕਾਂ ਨੂੰ ਕੰਮ ਨਹੀਂ ਮਿਲਿਆ ਅਤੇ ਉਹਨਾਂ ਦਾ 113 ਕਰੋੜ ਦਾ ਨੁਕਸਾਨ ਹੋ ਗਿਆ ਹੈ,ਉਸ ਬਾਰੇ ਸਰਕਾਰ ਨੇ ਚੁੱਪ ਵੱਟ ਲਈ ਹੈ। ਆਗੂਆਂ ਨੇ ਮੰਗ ਕੀਤੀ ਹੈ ਕਿ ਸਬੰਧਤ ਜ਼ਿਲਿਆਂ ਦੇ ਮਜ਼ਦੂਰਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਨਾਲ ਹੋਏ ਨੁਕਸਾਨ ਦੀ ਸਰਕਾਰ ਵੱਲੋਂ ਭਰਪਾਈ ਕੀਤੀ ਜਾਵੇ। ਚੋਣ ਵਾਅਦੇ ਅਨੁਸਾਰ ਹਜ਼ਾਰ- ਹਜ਼ਾਰ ਰੁਪਏ ਤੁਰੰਤ ਔਰਤਾਂ ਦੇ ਖਾਤਿਆਂ ਵਿੱਚ ਪਾਏ ਜਾਣ, ਮਨਰੇਗਾ ਮਜ਼ਦੂਰਾਂ ਦੀ ਦਿਹਾੜੀ ਵਧਾਕੇ 700 ਰੁਪਏ ਕੀਤੀ ਜਾਵੇ,ਪੂਰਾ ਸਾਲ ਕੰਮ ਅਤੇ ਪ੍ਰੀਵਾਰ ਦੇ ਦੋ ਜੀਆਂ ਨੂੰ ਕੰਮ ਦੀ ਗਰੰਟੀ ਕੀਤੀ ਜਾਵੇ। ਚੋਣਾਂ ਸਮੇਂ ਮਜ਼ਦੂਰਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਜਾਣ। ਬੁਢਾਪਾ ਅਤੇ ਵਿਧਵਾ ਪੈਨਸ਼ਨ ਵਧਾਕੇ 2500 ਰੁਪਏ ਕੀਤੀ ਜਾਵੇ। ਆਗੂਆਂ ਨੇ ਇਹ ਵੀ ਕਿਹਾ ਕਿ ਇਹਨਾਂ ਸਾਰੇ ਮੁੱਦਿਆਂ ਨੂੰ ਲੈਕੇ ਪਿੰਡਾਂ ਅਤੇ ਸ਼ਹਿਰਾਂ ਦੇ ਮਜ਼ਦੂਰ ਵਿਹੜਿਆਂ ਵਿੱਚ ਮੀਟਿੰਗਾਂ ਕਰਕੇ ਗ਼ਰੀਬ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਤਾਂ ਕਿ ਆਉਣ ਵਾਲੀਆਂ ਚੋਣਾ ਵਿਚ ਗ਼ਰੀਬ ਲੋਕਾਂ ਨੂੰ ਸਿਆਸੀ ਠੱਗਾਂ ਦੇ ਜ਼ੁਮਲਿਆਂ ਤੋਂ ਬਚਾਇਆ ਜਾ ਸਕੇ।
