ਦੇਸ਼ ਨੂੰ ਅੱਜ ਵੱਡੇ ਪੱਧਰ ਤੇ ਭਾਜਪਾ ਅਤੇ ਆਰਐਸਐਸ ਦੇ ਫਾਸਿਸਜ‌ ਤੋ ਖਤਰਾ-ਕਾਮਰੇਡ ਬੱਖਤਪੁਰਾ

ਗੁਰਦਾਸਪੁਰ

ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਉਸਦੇ 6 ਹੋਰ ਸਾਥੀਆਂ ਦੇ 109ਵੇਂ ਸ਼ਹੀਦੀ ਦਿਨ ਤੇ ਕੀਤਾ ਯਾਦ
ਗੁਰਦਾਸਪੁਰ, 16 ਨਵੰਬਰ (ਸਰਬਜੀਤ ਸਿੰਘ)– ਇੱਥੇ ਸੁਖਾ ਸਿੰਘ ਮਹਿਤਾਬ ਸਿੰਘ ਪਾਰਕ ਵਿਖੇ ਖੱਬੀਆਂ ਧਿਰਾਂ ਸੀਪੀ ਆਈ ਐਮਐ‌ਲ‌ ਲਿਬਰੇਸ਼ਨ, ਆਰਐਮਪੀਆਈ ਅਤੇ‌‌ ਪਰੀਗਿਤੀ‌‌ ਲੇਖਕ ਸੰਘ ਵੱਲੋਂ ਗਦਰ ਪਾਰਟੀ ਦੇ ਸਿਰਮੌਰ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਉਸ ਦੇ ਨਾਲ ਫਾਂਸੀਆਂ ਉਪਰ ਚੜੇ ਛੇ ਹੋਰ ਸਾਥੀਆਂ ਦੇ 109ਵੇਂ ਸ਼ਹੀਦੀ ਦਿਨ ਉੱਪਰ ਉਹਨਾਂ ਨੂੰ ਯਾਦ ਕੀਤਾ ਗਿਆ। ਇਸ ਸ਼ਹੀਦੀ ਦਿਵਸ ਦੀ ਪ੍ਰਧਾਨਗੀ‌ ਅਵਤਾਰ ਸਿੰਘ ਠਠਾ, ਸੁਖਦੇਵ ਸਿੰਘ ਭਾਗੋਕਾਵਾਂ,ਰਜੇਸ‌ ਬੱਬਾ ਨੇ ਕੀਤੀ। ਸ਼ਹੀਦਾਂ ਦੀ ਜ਼ਿੰਦਗੀ ਤੇ ਬੋਲਦਿਆਂ ਖੱਬੇ ਪੱਖੀ ਆਗੂ ਮਾਸਟਰ ਰਘਬੀਰ ਸਿੰਘ , ਡਾਕਟਰ ਅਨੂਪ ਸਿੰਘ ਅਤੇ ਗੁਰਮੀਤ ਸਿੰਘ ਬਖਤਪੁਰਾ ਨੇ ਕਿਹਾ ਕਿ ਸੋਹਣ ਸਿੰਘ ਭਕਨਾਂ ਅਤੇ ਕਰਤਾਰ ਸਿੰਘ ਸਰਾਭਾ ਜਿਹੇ ਮਹਾਨ ਆਗੂਆਂ ਦੀ ਅਗਵਾਈ ਵਿੱਚ ਵਿਦੇਸ਼ਾਂ ਦੀ ਧਰਤੀ ਤੇ ਬਣੀ ਗਦਰ ਪਾਰਟੀ ਨੇ ਭਾਰਤ ਦੀ ਆਜ਼ਾਦੀ ਦਾ ਸਭ ਤੋਂ ਪਹਿਲਾਂ ਬਿਗਲ ਵਜਾਇਆ ਸੀ। ਗਦਰੀ ਬਾਬਿਆਂ ਨੇ ਵਿਦੇਸ਼ਾਂ ਵਿੱਚ ਬਣਾਈਆਂ ਗਈਆਂ ਕਰੋੜਾਂ ਦੀਆਂ ਜਾਇਦਾਤਾਂ ਨੂੰ ਛੱਡ ਕੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਭਾਰਤ ਦੀ ਧਰਤੀ ਤੇ ਆ ਕੇ ਜੰਗ ਛੇੜੀ ਸੀ। ਜਿਨਾਂ ਚੋਂ ਸੈਂਕੜੇ ਆਗੂ ਕਾਲੇ ਪਾਣੀਆਂ ਦੀਆਂ ਜੇਲਾਂ ਵਿੱਚ 20/20 ਸਾਲ ਡੱਕੇ ਰਹੇ ਅਤੇ ਦਰਜਨਾਂ ਨੂੰ ਫਾਂਸੀਆਂ‌ ਦੀਆ ਸਜ਼ਾਵਾਂ ਸੁਣਾਈਆਂ ਗਈਆਂ।
ਆਗੂਆਂ ਕਿਹਾ ਕਿ ਗਦਰ ਪਾਰਟੀ ਵਰਗੀਆਂ ਲਹਿਰਾਂ ਦੀ ਦੇਣ ਹੈ ਕਿ ਅੱਜ ਵੀ ਖੱਬੀਆਂ ਧਿਰਾਂ ਜਮਾਤੀ ਜੰਗ ਲੜ ਰਹੀਆਂ ਹਨ। ਦੇਸ਼ ਨੂੰ ਅੱਜ ਵੱਡੇ ਪੱਧਰ ਤੇ ਭਾਜਪਾ ਅਤੇ ਆਰਐਸਐਸ ਦੇ ਫਾਸਿਸਜ‌ ਤੋ ਖਤਰਾ ਹੈ। ਇਨਾ ਫਾਸਿਸਟ ਤਾਕਤਾਂ ਵੱਲੋਂ ਮੁਸਲਮਾਨ, ਸਿੱਖ ਅਤੇ ਈਸਾਈ ਭਾਈਚਾਰੇ ਨੂੰ ਆਪਣਾ ਖਾਸ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਦੇਸ਼ ਦੇ ਫੈਡਰਲ ਢਾਂਚੇ ਨੂੰ ਤੋੜਿਆ ਜਾ ਰਿਹਾ ਹੈ। ਪੰਜਾਬ ਮੋਦੀ ਸਰਕਾਰ ਦੇ ਮੁੱਖ ਨਿਸ਼ਾਨੇ ਉੱਪਰ ਹੈ। ਪੰਜਾਬ ਦੇਸ਼ ਦਾ ਇੱਕੋ ਇੱਕ ਸੂਬਾ ਹੈ ਜਿਸ ਦੀ ਕੋਈ ਰਾਜਧਾਨੀ ਨਹੀਂ ਹੈ ਬੇਸ਼ਕ ਚੰਡੀਗੜ੍ਹ ਨੂੰ ਪੰਜਾਬ ਦੀ ਰਾਜਧਾਨੀ ਵਜੋਂ ਉਸਾਰਿਆਂ ਗਿਆ ਸੀ‌ ਪਰ 58 ਸਾਲਾਂ ਬਾਅਦ ਵੀ ਚੰਡੀਗੜ੍ਹ ਪੰਜਾਬ ਦੇ ਹਵਾਲੇ ਨਹੀਂ ਕੀਤਾ ਜਾ ਰਿਹਾ ਸਗੋਂ ਚੰਡੀਗੜ੍ਹ ਵਿੱਚ ਹਰਿਆਣੇ ਦੇ ਦਖਲ ਨੂੰ ਹੋਰ ਵਧਾਇਆ ਗਿਆ ਹੈ ਜਿਸ ਦਾ ਸਬੂਤ ਹੈ ਕਿ ਹਰਿਆਣੇ ਦੀ ਨਵੀਂ ਵਿਧਾਨ ਸਭਾ ਬਣਾਉਣ ਲਈ ਚੰਡੀਗੜ੍ਹ ਦੀ 10 ਏਕੜ ਜਮੀਨ ਹਰਿਆਣੇ ਨੂੰ ਦੇਣ ਦਾ ਮੋਦੀ ਸਰਕਾਰ ਵਲੋਂ ਨੋਟੀਫਿਕੇਸ਼ਨ ਜਾਰੀ ਹੋ ਗਿਆ‌ ਹੈ। ਪੰਜਾਬ ਬਾਰੇ ਬੋਲਦਿਆਂ ਬੁਲਾਰਿਆਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਅਤੇ ਬਾਬਾ ਸਾਹਿਬ ਅੰਬੇਦਕਰ ਦਾ ਨਾਂ ਲੈ ਕੇ ਬਣੀ ਭਗਵੰਤ ਮਾਨ ਸਰਕਾਰ ਹਰ ਖੇਤਰ ਵਿੱਚ ਅਸਫਲ ਸਾਬਿਤ ਹੋਈ ਹੈ। ਪੰਜਾਬ ਵਿੱਚ ਹਰ ਰੋਜ਼ ਨੌਜਵਾਨ ਨਸ਼ਿਆਂ ਨਾਲ ਮਰ ਰਹੇ ਹਨ ।ਅਮਨ ਕਾਨੂੰਨ ਦੀ ਹਾਲਤ‌ ਹਰ ਇੱਕ ਨੂੰ ਡਰਾਉਣ ਵਾਲੀ ਹੈ। ਪੰਜਾਬ ਦੇ ਮਜ਼ਦੂਰ ਕਿਸਾਨ ਮੁਲਾਜ਼ਮ ਅਤੇ ਹਰ ਵਰਗ ਆਪਣੀ ਮੁਸੀਬਤਾਂ ਲੈ ਕੇ ਸੜਕਾਂ ਤੇ ਉਤਰਿਆ ਹੋਇਆ ਹੈ ਪਰ ਆਮ ਆਦਮੀ ਪਾਰਟੀ ਅਤੇ ਮਾਨ ਸਰਕਾਰ ਆਪਣੇ ਰਾਜਨੀਤਿਕ ਝਮੇਲਿਆਂ ਵਿੱਚ ਫਸੀ ਹੋਈ ਹੈ। ਸਰਕਾਰ ਦੀਆਂ ਪ੍ਰਸ਼ਾਸਨਕ ਘਾਟਾਂ ਭਾਜਪਾ ਦੇ ਪੰਜਾਬ ਵਿਰੋਧੀ ਵਿਵਹਾਰ ਕਾਰਨ ਪੰਜਾਬ ਦੀ ਕਿਸਾਨੀ ਨੂੰ ਮੰਡੀਆਂ ਵਿੱਚ ਰੁਲਣਾ ਪਿਆ‌‌ ਹੈ।ਇਸ ਸਮੇਂ ਸ਼ਮਸ਼ੇਰ ਸਿੰਘ ਨਵਾਂ ਪਿੰਡ, ਸੁਲੱਖਣ ਮਸੀਹ, ਵਰਗਿਸ ਸਲਾਮਤ, ਮੁਲਾਜ਼ਮ ਆਗੂ ਸੋਮ ਸਿੰਘ, ਵਿਜੇ ਸੋਹਲ, ਗੁਲਜ਼ਾਰ ਸਿੰਘ ਭੁੰਬਲੀ, ਅਸ਼ਵਨੀ ਕੁਮਾਰ ਲੱਖਣਂਂਕਲਾਂ, ਪੁਸ਼ਪਿੰਦਰ ਸਿੰਘ ਸ਼ਾਹਪੁਰ ਜਾਜਨ, ਰਣਜੀਤ ਸਿੰਘ ਫੌਜੀ ਛਿਤ, ਦਲਬੀਰ ਭੋਲਾ ਅਤੇ ਅਵਤਾਰ ਸਿੰਘ ਬਟਾਲਾ , ਹਰਜਿੰਦਰ ਪਿੰਟਾ ਤਲਵੰਡੀ ਭਰਥ ਹਾਜ਼ਰ ਸਨ।ਇਸ ਸਮੇਂ ਅਮਰਜੀਤ ਸਿੰਘ ਰਿਖੀਆਂ ਅਤੇ ‌ਵਿਜੇ ਅਗਨੀਹੋਤਰੀ ਨੇ ਇਨਕਲਾਬੀ ਗੀਤ ਪੇਸ਼ ਕੀਤੇ।

Leave a Reply

Your email address will not be published. Required fields are marked *