ਹਰ ਪਿੰਡ ਵਿੱਚ ਖੇਤੀ ਮਸ਼ੀਨਰੀ ਮੁਹੱਈਆ ਕਰਵਾਉਣ ਲਈ ਨੋਡਲ ਅਫਸਰ ਤਾਇਨਾਤ
ਗੁਰਦਾਸਪੁਰ, 9 ਅਕਤੂਬਰ (ਸਰਬਜੀਤ ਸਿੰਘ)— ਉਮਾ ਸ਼ੰਕਰ ਗੁਪਤਾ, ਡਿਪਟੀ ਕਮਿਸ਼ਨਰ ਵੱਲੋ ਜ਼ਿਲ੍ਹੇ ਵਿੱਚ ਪਰਾਲੀ ਪ੍ਰਬੰਧਨ ਨੂੰ ਲੈ ਕੇ ਖਾਸ ਉਪਰਾਲਿਆਂ ਕਰਦਿਆਂ ਹਰ ਪਿੰਡ ਵਿੱਚ ਇੱਕ ਨੋਡਲ ਅਫਸਰ ਤਾਇਨਾਤ ਕੀਤਾ ਹੈ, ਜੋ ਪਿੰਡ ਪੱਧਰ ਤੇ ਕਿਸਾਨਾਂ ਨੂੰ ਖੇਤੀ ਮਸ਼ੀਨਰੀ ਮੁਹੱਈਆ ਕਰਵਾਉਣ ਲਈ ਜਿੰਮੇਵਾਰ ਹੋਣਗੇ।
ਇਸ ਮੌਕੇ ਗੱਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲ਼ੋਂ ਜਿੱਥੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ, ਉਸ ਦੇ ਨਾਲ ਪਰਾਲੀ ਪ੍ਰਬੰਧਨ ਲਈ ਖਾਸ ਯਤਨ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆਂ ਕਿ ਉਨ੍ਹਾਂ ਵੱਲੋਂ ਪਿੰਡਾ ਵਿੱਚ ਜਾ ਕੇ ਕਿਸਾਨਾਂ ਨੂੰ ਮਿਲਿਆ ਜਾ ਰਿਹਾ ਹੈ । ਕਿਸਾਨਾਂ ਨੂੰ ਮਿਲ ਕੇ ਪਰਾਲੀ ਨਾ ਸਾੜਨ ਦੀ ਮੁਸਕਿਲ ਬਾਰੇ ਪੁੱਛਿਆਂ ਤਾਂ ਕਿਸਾਨਾਂ ਨੇ ਦੱਸਿਆਂ ਕਿ ਪਰਾਲੀ ਪ੍ਰਬੰਧਨ ਲਈ ਮਸ਼ੀਨਰੀ ਮੁਹੱਈਆ ਹੋ ਜਾਣ ਨਾਲ ਪਰਾਲੀ ਸਾੜਨ ਦੇ ਰੁਝਾਨ ਨੂੰ ਠੱਲ ਪੈ ਸਕਦੀ ਹੈ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਿਸਾਨਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਪਿੰਡ ਪੱਧਰ ‘ਤੇ ਇੱਕ ਨੋਡਲ ਅਫਸਰ ਤਾਇਨਾਤ ਕੀਤਾ ਗਿਆ ਹੈ, ਜੋ ਕਿਸਾਨਾਂ ਨੂੰ ਲੋੜੀਦੀ ਖੇਤੀ ਮਸ਼ੀਨਰੀ ਮੁਹੱਈਆ ਕਰਵਾਏਗਾ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਪ੍ਰਬੰਧਨ ਲਈ ਜ਼ਿਲ੍ਹਾ ਪ੍ਰਸ਼ਾਸਨ ਨਾਲ ਸਹਿਯੋਗ ਕਰਨ ਅਤੇ ਪਿੰਡ ਵਿੱਚ ਨਿਯੁਕਤ ਕੀਤੇ ਨੋਡਲ ਅਫਸਰ ਨਾਲ ਤਾਲਮੇਲ ਕਰਕੇ ਖੇਤੀ ਮਸ਼ੀਨਰੀ ਦੀ ਵਰਤੋਂ ਕਰਨ। ਜੇਕਰ ਉਨ੍ਹਾਂ ਨੂੰ ਫਿਰ ਵੀ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਉਹ ਨੇੜੇਲੇ ਐੱਸ.ਡੀ.ਐੱਮ. ਦਫਤਰ ਜਾਂ ਖੇਤੀਬਾੜੀ ਦਫਤਰ ਨਾਲ ਸੰਪਰਕ ਕਰਨ ਜਾ ਹੈਲਪ ਲਾਈਨ ਨੰਬਰ 1800-180-1852 ਤੇ ਫੋਨ ਕਰਨ।


