ਗੁਰਦਾਸਪੁਰ, 1 ਅਕਤੂਬਰ (ਸਰਬਜੀਤ ਸਿੰਘ )- ਡਿਪਟੀ ਕਮਿਸ਼ਨਰ ਗੁਰਦਾਸਪੁਰ, ਉਮਾ ਸ਼ੰਕਰ ਗੁਪਤਾ ਦੇ ਦਿਸ਼ਾ- ਨਿਰਦੇਸ਼ਾ ਅਨੁਸਾਰ ਬਲਾਕ ਧਾਰੀਵਾਲ ਦੇ ਪਿੰਡ ਸਰਸਪੁਰ ਵਿਖੇ ਸੀ. ਆਰ.ਐਮ ਅਤੇ ਆਈ.ਈ.ਸੀ ਸਕੀਮ ਤਹਿਤ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਫ਼ਸਲ ਦੀ ਰਹਿੰਦ- ਖੂੰਹਦ ਨੂੰ ਅੱਗ ਨਾ ਲਾਉਣ। ਇਸ ਕੈਂਪ ਵਿੱਚ ਐੱਸ.ਡੀ.ਐੱਮ. ਡਾ.ਕਰਮਜੀਤ ਸਿੰਘ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ।
ਇਸ ਕੈਂਪ ਵਿੱਚ ਯਾਦਵਿੰਦਰ ਸਿੰਘ ਖੇਤੀਬਾੜੀ ਵਿਸਥਾਰ ਅਫਸਰ,ਕਮਲਪ੍ਰੀਤ ਸਿੰਘ ਏ.ਐੱਸ.ਆਈ. ਅਤੇ ਬਲਾਕ ਖੇਤੀਬਾੜੀ ਦਫਤਰ ਤੋਂ ਸੋਨੂੰ ਅਤੇ ਹੋਰ ਸਟਾਫ ਵੀ ਮੌਜੂਦ ਸੀ। ਇਸ ਮੌਕੇ ਪਿੰਡ ਦੇ ਅਗਾਂਹਵਧੂ ਕਿਸਾਨਾਂ ਵੱਲੋਂ ਪਰਾਲੀ ਨਾ ਸਾੜਨ ਦੇ ਆਪਣੇ ਤਜਰਬੇ ਵੀ ਸਾਂਝੇ ਕੀਤੇ ਅਤੇ ਕਿਸਾਨ ਸਾਥੀਆਂ ਨੂੰ ਅਪੀਲ ਕੀਤੀ ਕਿ ਉਹ ਵਾਤਾਵਰਨ ਨੂੰ ਬਚਾਉਣ ਅਤੇ ਚੰਗੀ ਸਿਹਤ ਲਈ ਪਰਾਲੀ ਨੂੰ ਅੱਗ ਨਾ ਲਗਾਉਣ।
ਇਸ ਮੌਕੇ ਗੱਲ ਕਰਦਿਆਂ ਐੱਸ.ਡੀ.ਐੱਮ. ਡਾ.ਕਰਮਜੀਤ ਸਿੰਘ ਨੇ ਦੱਸਿਆ ਕਿ ਸਿਵਲ ਤੇ ਪੁਲਿਸ ਵਿਭਾਗ ਦੀਆਂ ਸਾਝੀਆਂ ਟੀਮਾਂ ਵੱਲੋਂ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਪਰਾਲੀ ਸਾੜਨ ਤੋਂ ਹੋਣ ਵਾਲੇ ਨੁਕਸਾਨਾਂ ਤੋ ਜਾਣੂ ਕਰਵਾਇਆ ਗਿਆ। ਕਿਸਾਨਾਂ ਨੂੰ ਅੱਗ ਨਾ ਲਗਾਉਣ ਬਾਰੇ ਅਪੀਲ ਕੀਤੀ ਗਈ ਅਤੇ ਪ੍ਰਸ਼ਾਸਨ ਵੱਲੋਂ ਖੇਤੀ ਮਸ਼ੀਨਰੀ ਸਮੇਤ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਕਿਸਾਨਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਅਤੇ ਉਹਨਾਂ ਦੀ ਮੁਸ਼ਕਿਲ ਦਾ ਹੱਲ ਵੀ ਕੀਤਾ ਗਿਆ । ਇਸ ਦੇ ਨਾਲ ਹੀ ਯਾਦਵਿੰਦਰ ਸਿੰਘ ਅਪਣੇ ਵਿਚਾਰਾਂ ਨਾਲ ਜ਼ਿਮੀਦਾਰਾਂ ਨੂੰ ਖੇਤੀ ਖ਼ਰਚੇ ਕਿਵੇਂ ਘਟਾਏ ਜਾਣ ਤੇ ਵੱਧ ਤੋ ਵੱਧ ਮੁਨਾਫ਼ਾ ਕਿਵੇਂ ਲਿਆ ਜਾਵੇ, ਇਸ ਬਾਰੇ ਵੀ ਕਿਸਾਨ ਭਰਾਵਾਂ ਨੂੰ ਜਾਣਕਾਰੀ ਦਿੱਤੀ ਗਈ।