ਮਾਨਸਾ, ਗੁਰਦਾਸਪੁਰ, 16 ਸਤੰਬਰ (ਸਰਬਜੀਤ ਸਿੰਘ)– 95ਵੇਂ ਜਨਮ ਦਿਵਸ ਮੌਕੇ ਅੱਜ ਬਾਬਾ ਬੂਝਾ ਸਿੰਘ ਯਾਦਗਾਰ ਭਵਨ ਵਿਖੇ ਸੀਪੀਆਈ (ਐਮ ਐਲ) ਲਿਬਰੇਸ਼ਨ ਦੇ ਆਗੂਆਂ ਅਤੇ ਵਰਕਰਾਂ ਨੇ ਪੰਜਾਬ ਦੇ ਪ੍ਰਮੁੱਖ ਇਨਕਲਾਬੀ ਚਿੰਤਕ ਅਤੇ ਨਾਟਕਕਾਰ ਗੁਰਸ਼ਰਨ ਸਿੰਘ ਜੀ ਨੂੰ ਯਾਦ ਕੀਤਾ ਗਿਆ ਅਤੇ ਹਮੇਸ਼ਾ ਉਨ੍ਹਾਂ ਵਲੋਂ ਦਰਸਾਏ ਇਨਕਲਾਬੀ ਰਾਹ ਉੱਤੇ ਚੱਲਣ ਦਾ ਪ੍ਰਣ ਲਿਆ ਗਿਆ।ਇਸ ਮੌਕੇ ਸੀਨੀਅਰ ਲਿਬਰੇਸ਼ਨ ਆਗੂ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਨੇ ਗੁਰਸ਼ਰਨ ਸਿੰਘ ਦੇ ਜੀਵਨ ਦੇ ਵੱਖ ਵੱਖ ਪੱਖਾਂ ਉਤੇ ਵਿਸਥਾਰ ਨਾਲ ਚਾਨਣਾ ਪਾਇਆ। ਉਨਾਂ ਕਿਹਾ ਕਿ ਸਮਾਜ ਨੂੰ ਜਾਗਰਤ ਕਰਨ ਲਈ ਪਾਏ ਹੋਰ ਕਈ ਪੱਖਾਂ ਤੋਂ ਪਾਏ ਯੋਗਦਾਨਾਂ ਤੋਂ ਸਿਵਾ ਗੁਰਸ਼ਰਨ ਸਿੰਘ ਜੀ ਵਲੋਂ ਉਠਾਏ ਸੁਆਲਾਂ ਕਾਰਨ ਪੰਜਾਬ ਸਰਕਾਰ ਨੂੰ ਜਨਮ ਤੇ ਵਿਦਿਅਕ ਸਰਟੀਫਿਕੇਟਾਂ ਉਤੇ ਪਿਤਾ ਦੇ ਨਾਲ ਮਾਤਾ ਦਾ ਨਾਂ ਸ਼ਾਮਲ ਕਰਨ ਲਈ ਮਜ਼ਬੂਰ ਹੋਣਾ ਪਿਆ ਅਤੇ ਆਦਮੀਆਂ ਵਲੋਂ ਲੜਦੇ ਝਗੜਦੇ ਵਕਤ ਮਾਵਾਂ ਧੀਆਂ ਭੈਣਾਂ ਦੇ ਨਾਂ ‘ਤੇ ਔਰਤਾਂ ਨੂੰ ਦਿੱਤੀਆਂ ਜਾਂਦੀਆਂ ਗਾਲਾਂ ਖਿਲਾਫ ਸਾਡੇ ਸਮਾਜ ਵਿਚ ਵੱਡੀ ਚੇਤਨਾ ਪੈਦਾ ਹੋਈ। ਇਸ ਮੌਕੇ ਕਾਮਰੇਡ ਬਲਵਿੰਦਰ ਕੌਰ ਖਾਰਾ, ਧਰਮਪਾਲ ਨੀਟਾ, ਕ੍ਰਿਸ਼ਨਾ ਕੌਰ, ਹਾਕਮ ਸਿੰਘ ਖਿਆਲਾ, ਗਗਨਦੀਪ ਸਿਰਸੀਵਾਲਾ, ਦਿਨੇਸ਼ ਭੀਖੀ ਨੇ ਵੀ ਗੁਰਸ਼ਰਨ ਸਿੰਘ ਜੀ ਨੂੰ ਯਾਦ ਕੀਤਾ। ਮੰਚ ਸੰਚਾਲਨ ਮਾਨਸਾ ਸ਼ਹਿਰ ਕਮੇਟੀ ਦੇ ਸਕੱਤਰ ਕਾਮਰੇਡ ਸੁਰਿੰਦਰ ਪਾਲ ਸ਼ਰਮਾ ਨੇ ਕੀਤਾ।