ਤਪਾ ਮੰਡੀ, ਗੁਰਦਾਸਪੁਰ, 14 ਸਤੰਬਰ (ਸਰਬਜੀਤ ਸਿੰਘ)– ਇੱਥੇ ਮਜ਼ਦੂਰ ਅਧਿਕਾਰ ਅੰਦੋਲਨ ਪੰਜਾਬ ਦੀ ਅਗਵਾਈ ਹੇਠ ਪਰਜਾਪਤ ਧਰਮਸ਼ਾਲਾ ਵਿਖੇ ‘ਮਜ਼ਦੂਰ ਚੇਤਨਾ ਕਨਵੈਨਸ਼ਨ’ ਕੀਤੀ ਗਈ, ਜਿਸ ਵਿੱਚ ਸੈਂਕੜੇ ਮਨਰੇਗਾ ਮਜ਼ਦੂਰਾਂ ਅਤੇ ਔਰਤਾਂ ਨੇ ਭਾਗ ਲਿਆ। ਕਨਵੈਨਸ਼ਨ ਦੀ ਸ਼ੁਰੂਆਤ ਅਜਮੇਰ ਅਕਲੀਆ ਦੇ ਇਨਕਲਾਬੀ ਗੀਤਾਂ ਨਾਲ ਕੀਤੀ ਗਈ। ‘ਚੇਤਨਾ ਕਨਵੈਨਸ਼ਨ’ ਵਿੱਚ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਗ਼ਰੀਬ ਮਾਰੂ ਨੀਤੀਆਂ ਦੇ ਖ਼ਿਲਾਫ਼ ਜੰਮਕੇ ਨਾਹਰੇਬਾਜੀ ਕੀਤੀ ਗਈ ਅਤੇ ਪੰਜਾਬ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਅਤੇ ਬੱਸਾਂ ਦੇ ਕਿਰਾਏ ਵਿੱਚ ਕੀਤੇ ਵਾਧੇ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਕਨਵੈਨਸ਼ਨ ਨੂੰ ਮਜ਼ਦੂਰ ਅਧਿਕਾਰ ਅੰਦੋਲਨ ਦੇ ਸੂਬਾਈ ਆਗੂ ਅਤੇ ਸੀ ਪੀ ਆਈ (ਐਮ ਐਲ) ਰੈੱਡ ਸਟਾਰ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ ਅਤੇ ਮਜ਼ਦੂਰ ਅਧਿਕਾਰ ਅੰਦੋਲਨ ਦੇ ਆਗੂ ਕਾਮਰੇਡ ਨਛੱਤਰ ਸਿੰਘ ਰਾਮਨਗਰ ਨੇ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਜ਼ਾਦੀ ਦੇ 77 ਸਾਲ ਲੰਘ ਜਾਣ ਤੋਂ ਬਾਅਦ ਵੀ ਮਜ਼ਦੂਰਾਂ ਦੀ ਹਾਲਤ ਲਗਾਤਾਰ ਬਦ ਤੋਂ ਬਦਤਰ ਹੋ ਗਈ ਹੈ। ਸਾਰੇ ਖੇਤਰਾਂ ਵਿੱਚ ਮਸ਼ੀਨ ਤੇ ਤਕਨੀਕ ਦੀ ਬੇਲੋੜੀ ਵਰਤੋਂ ਦੇ ਕਾਰਣ ਮਜ਼ਦੂਰਾਂ ਨੂੰ ਕਿਧਰੇ ਕੰਮ ਨਹੀਂ ਮਿਲ ਰਿਹਾ ਅਤੇ ਮਜ਼ਦੂਰਾਂ ਨੂੰ ਘਰ ਦਾ ਚੁੱਲ੍ਹਾ ਤਪਾਉਣਾ ਔਖਾ ਹੋ ਗਿਆ ਹੈ। ਭਗਵੰਤ ਮਾਨ ਸਰਕਾਰ ਨੇ ਗ਼ਰੀਬ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ, ਸਭ ਠੰਡੇ ਬਸਤੇ ਵਿੱਚ ਪਾ ਦਿੱਤੀਆਂ ਹਨ। ਭਗਵੰਤ ਮਾਨ ਦੀ ਸਰਕਾਰ ਗ਼ਰੀਬ ਲੋਕਾਂ ਵੱਲ ਪੂਰੀ ਤਰ੍ਹਾਂ ਪਿੱਠ ਕਰਕੇ ਖੜ ਗਈ ਹੈ। ਆਗੂਆਂ ਨੇ ਇਹ ਵੀ ਕਿਹਾ ਕਿ ਮਨਰੇਗਾ ਦੇ ਕੰਮਾਂ ਵਿੱਚ ਆਪ ਪਾਰਟੀ ਦੀ ਪੈਦਾ ਹੋਈ ਨਵੀਂ ਮੰਡੀਰ ਸਿਆਸੀ ਦਖ਼ਲ ਅੰਦਾਜ਼ੀ ਕਰ ਰਹੀ ਹੈ, ਜੀਹਦੇ ਕਰਕੇ ਲੋੜਵੰਦ ਮਜ਼ਦੂਰਾਂ ਨਾਲ ਸ਼ਰੇਆਮ ਵਿਤਕਰਾ ਕੀਤਾ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸਮੁੱਚਾ ਮਜ਼ਦੂਰ ਵਰਗ ਆਪ ਪਾਰਟੀ ਨੂੰ ਸੱਤ੍ਹਾ ਤੋਂ ਬਾਹਰ ਦਾ ਰਸਤਾ ਦਿਖਾਏਗਾ। ਅੱਜ ਦੀ ਕਨਵੈਨਸ਼ਨ ਵਿੱਚ ਉਚੇਚੇ ਤੌਰ ‘ਤੇ ਪਹੁੰਚੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾਈ ਪ੍ਰਧਾਨ ਮਾਸਟਰ ਰਜਿੰਦਰ ਸਿੰਘ ਭਦੌੜ ਨੇ ਆਪਣੇ ਗੁੰਦਵੇਂ ਭਾਸ਼ਨ ਵਿੱਚ ਬੋਲਦਿਆਂ ਕਿਹਾ ਕਿ ਇਹ ਉਹ ਵਰਗ ਹੈ, ਜਿਸਨੂੰ ਸਦੀਆਂ ਤੋਂ ਦਬਾਕੇ ਰੱਖਿਆ ਹੋਇਆ ਹੈ। ਸਦੀਆਂ ਤੋਂ ਰਾਜ ਕਰਦੀਆਂ ਹਾਕਮ ਜਮਾਤਾਂ ਨੇ ਮਜ਼ਦੂਰ ਵਰਗ ਨੂੰ ਭੂਤਾਂ ਪ੍ਰੇਤਾਂ ਅਤੇ ਹਜ਼ਾਰਾਂ ਅੰਧਵਿਸ਼ਵਾਸਾਂ ਵਿੱਚ ਪਾਕੇ ਰੱਖਿਆ ਹੋਇਆ ਹੈ। ਤਰਕਸ਼ੀਲ ਆਗੂ ਨੇ ਕਿਹਾ ਕਿ ਜਿਨ੍ਹਾਂ ਚਿਰ ਇਸ ਵਰਗ ਨੂੰ ਵਹਿਮਾਂ ਭਰਮਾਂ ਚੋਂ ਬਾਹਰ ਨਹੀਂ ਕੱਢਿਆ ਜਾਂਦਾ, ਉਹਨਾਂ ਚਿਰ ਇਹ ਵਰਗ ਆਪਣੇ ਹੱਕਾਂ ਲਈ ਸਹੀ ਢੰਗ ਨਾਲ ਨਹੀਂ ਲੜ ਸਕਦਾ। ਕਨਵੈਨਸ਼ਨ ਦੀ ਸਮਾਪਤੀ ਤੋਂ ਬਾਅਦ ਮਜ਼ਦੂਰਾਂ ਵੱਲੋਂ ਸ਼ਹਿਰ ਵਿੱਚ ਮੁਜ਼ਾਹਰਾ ਕਰਕੇ ਬੱਸ ਅੱਡੇ ਵਿੱਚ ਭਗਵੰਤ ਮਾਨ ਸਰਕਾਰ ਦੀ ਅਰਥੀ ਫੂਕੀ ਗਈ। ਕਨਵੈਨਸ਼ਨ ਨੂੰ ਹੋਰਨਾਂ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਧਨੇਰ ਦੇ ਬਲਾਕ ਪ੍ਰਧਾਨ ਹਰੀ ਸਿੰਘ ਬੁੱਗਰ, ਕਾਮਰੇਡ ਅਜਾਇਬ ਸਿੰਘ ਖੋਖਰ, ਕਰਮਜੀਤ ਸਿੰਘ ਪੀਰਕੋਟ, ਪਰਮਜੀਤ ਕੌਰ ਬੱਲ੍ਹੋ, ਗੁਰਮੇਲ ਸਿੰਘ ਪੱਖੋਕਲਾਂ, ਕਰਮਜੀਤ ਕੌਰ ਕਰਾੜਵਾਲਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।


