ਰਾਮਪੁਰਾ/ ਚਾਉਕੇ, ਗੁਰਦਾਸਪੁਰ, 4 ਸਤੰਬਰ (ਸਰਬਜੀਤ ਸਿੰਘ)– ਜ਼ਿਲ੍ਹੇ ਦੇ ਪਿੰਡ ਸੂਚ ਵਿਖੇ ਮਜ਼ਦੂਰ ਅਧਿਕਾਰ ਅੰਦੋਲਨ ਪੰਜਾਬ ਦੀ ਅਗਵਾਈ ਹੇਠ ਮਨਰੇਗਾ ਮਜ਼ਦੂਰਾਂ ਦੀ ਮੀਟਿੰਗ ਕੀਤੀ ਗਈ।
ਜਿਸ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾਈ ਆਗੂ ਕਾਮਰੇਡ ਨਛੱਤਰ ਸਿੰਘ ਰਾਮਨਗਰ ਅਤੇ ਜ਼ਿਲ੍ਹੇ ਦੇ ਆਗੂ ਕਰਮਜੀਤ ਸਿੰਘ ਪੀਰਕੋਟ ਨੇ ਕਿਹਾ ਕਿ ਪੰਜਾਬ ਵਿੱਚ ਮਨਰੇਗਾ ਮਜ਼ਦੂਰਾਂ ਨੂੰ ਕਿਤੇ ਵੀ ਸੌ ਦਿਨ ਦਾ ਕੰਮ ਨਹੀਂ ਮਿਲ਼ਿਆ ਅਤੇ ਪਿੰਡਾਂ ਅੰਦਰ ਮਨਰੇਗਾ ਸਕੀਮ ਪੂਰੀ ਤਰ੍ਹਾਂ ਸਿਆਸਤ ਦੀ ਭੇਂਟ ਚੜ੍ਹ ਗਈ ਹੈ। ਜਿਵੇਂ ਅਕਾਲੀਆਂ – ਕਾਂਗਰਸੀਆਂ ਦੇ ਰਾਜ ਵਿੱਚ ਮਨਰੇਗਾ ਮਜ਼ਦੂਰਾਂ ਨਾਲ ਰਾਜਨੀਤਕ ਧੱਕੇਸ਼ਾਹੀ ਅਤੇ ਪੱਖਪਾਤ ਹੁੰਦਾ ਰਿਹਾ ਹੈ, ਓਵੇਂ ਹੀ ਭਗਵੰਤ ਮਾਨ ਦੀ ਸਰਕਾਰ ਵਿੱਚ ਹੋ ਰਿਹਾ ਹੈ। ਬਹੁਤੇ ਪਿੰਡਾਂ ਵਿੱਚ ਅੱਜ ਵੀ ਸਰਪੰਚਾਂ ਅਤੇ ਪਿੰਡ ਦੇ ਰਸੂਖ਼ਵਾਨ ਸਿਆਸੀ ਲੋਕਾਂ ਵੱਲੋਂ ਮਨਰੇਗਾ ਮਜ਼ਦੂਰਾਂ ਤੋਂ ਵਗਾਰ ਕਰਵਾਈ ਜਾ ਰਹੀ ਹੈ। ਕਈ ਪਿੰਡਾਂ ਵਿੱਚ ਪੰਚਾਇਤੀ ਚੋਣਾਂ ਨੂੰ ਮੁੱਖ ਰੱਖਕੇ ਆਪ ਪਾਰਟੀ ਦੇ ਨਵੇਂ ਪੈਦਾ ਹੋ ਰਹੇ ਲੀਡਰਾਂ ਵੱਲੋਂ ਮਨਰੇਗਾ ਦੇ ਕੰਮਾਂ ਵਿੱਚ ਸ਼ਰੇਆਮ ਦਖ਼ਲ ਅੰਦਾਜ਼ੀ ਕੀਤੀ ਜਾ ਰਹੀ ਹੈ। ਆਗੂਆਂ ਨੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਨੇ ਚੋਣਾਂ ਸਮੇਂ ਮਜ਼ਦੂਰਾਂ ਨਾਲ਼ ਜੋ ਗਰੰਟੀਆਂ/ਵਾਅਦੇ ਕੀਤੇ ਸਨ, ਸਭ ਠੰਡੇ ਬਸਤੇ ਵਿੱਚ ਪਾ ਦਿੱਤੇ ਹਨ। ਉਲਟਾ ਆਪ ਪਾਰਟੀ ਦੀ ਸਰਕਾਰ ਮਜ਼ਦੂਰ ਵਰਗ ਵੱਲ ਪਿੱਠ ਕਰਕੇ ਖੜ ਗਈ ਹੈ। ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਨੂੰ ਗਿਆਰਾਂ ਵਾਰ ਮੀਟਿੰਗਾਂ ਦਾ ਸਮਾਂ ਦੇਕੇ ਮੁਕਰ ਗਈ ਹੈ। ਆਗੂਆਂ ਨੇ ਕਿਹਾ ਕਿ ਮਜ਼ਦੂਰ ਜਥੇਬੰਦੀਆਂ ਵੱਲੋਂ ਪਿੰਡ -ਪਿੰਡ ਮਜ਼ਦੂਰਾਂ ਨੂੰ ਸਿੱਖਿਅਤ ਕੀਤਾ ਜਾ ਰਿਹਾ ਹੈ ਅਤੇ ਆਉਣ ਵਾਲੀਆਂ ਚੋਣਾਂ ਸਮੇਂ ਮਜ਼ਦੂਰ ਜਮਾਤ ਆਪ ਪਾਰਟੀ ਨੂੰ ਸਬਕ ਸਿਖਾਏਗੀ। ਆਗੂਆਂ ਨੇ ਮੰਗ ਕੀਤੀ ਕਿ ਮਨਰੇਗਾ ਮਜ਼ਦੂਰਾਂ ਨੂੰ ਪੂਰਾ ਸਾਲ ਕੰਮ, 700 ਰੁਪਏ ਦਿਹਾੜੀ ਅਤੇ ਪ੍ਰੀਵਾਰ ਦੇ ਦੋ ਜੀਆਂ ਨੂੰ ਕੰਮ ਦੀ ਗਰੰਟੀ ਕੀਤੀ ਜਾਵੇ। ਔਰਤਾਂ ਦੇ ਬੈਂਕ ਖਾਤਿਆਂ ਵਿੱਚ ਇੱਕ ਹਜ਼ਾਰ ਰੁਪਏ ਤੁਰੰਤ ਪਾਉਣੇਂ ਸ਼ੁਰੂ ਕੀਤੇ ਜਾਣ। ਸਾਰੇ ਗ਼ਰੀਬ ਪ੍ਰੀਵਾਰਾਂ ਨੂੰ ਡੀਪੂਆਂ ਤੋਂ ਮਿਲਣ ਵਾਲੀ ਦੋ ਰੁਪਏ ਕਿਲੋ ਵਾਲੀ ਕਣਕ ਬਕਾਏ ਸਮੇਤ ਦਿੱਤੀ ਜਾਵੇ। ਮਨਰੇਗਾ ਮਜ਼ਦੂਰਾਂ ਨੂੰ ਕੰਮ ਕਰਨ ਵਾਲੀ ਥਾਂ ਤੇ ਲੋੜੀਂਦੇ ਸੰਦ ਅਤੇ ਦਵਾਈਆਂ ਮਹੱਈਆ ਕਰਵਾਈਆਂ ਜਾਣ। ਬੀ ਪੀ ਐੱਲ ਅਤੇ ਗ਼ਰੀਬ ਪ੍ਰੀਵਾਰਾਂ ਨੂੰ ਹਰਿਆਣਾ ਦੀ ਤਰਜ਼ ‘ਤੇ 500 ਰੁਪਏ ਵਿੱਚ ਰਸੋਈ ਗੈਸ ਮਹੱਈਆ ਕਰਵਾਈ ਜਾਵੇ। ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਵੀਰਪਾਲ ਕੌਰ, ਹਰਪਾਲ ਕੌਰ ਅਤੇ ਮਲਕੀਤ ਕੌਰ ਪਿੰਡ ਸੂਚ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਬਾਅਦ ਵਿੱਚ ਪਿੰਡ ਦੇ ਮਜ਼ਦੂਰਾਂ ਦੀ ਇੱਕ ਕਮੇਟੀ ਬਣਾਈ ਗਈ।


