ਗੁਰਦਾਸਪੁਰ, 4 ਸਤੰਬਰ (ਸਰਬਜੀਤ ਸਿੰਘ)– ਪਾਵਰਕਾਮ ਦੇ ਸਮੂਹ ਪਾਵਰ ਜੂਨੀਅਰ ਇੰਜੀਨੀਅਰ, 24 ਘੰਟੇ ਡਿਊਟੀ ਤੇ ਹਾਜ਼ਰ ਰਹਿ ਕੇ ਨਿਰਵਿਘਨ ਬਿਜਲੀ ਸਪਲਾਈ ਬਹਾਲ ਰੱਖ ਰਹੇ ਹਨ। ਇਸ ਕੰਮ ਲਈ ਨਾ ਮਾਤਰ ਸਟਾਫ਼ ਹੋਣ ਕਰਕੇ, ਨਿੱਜੀ ਜੇਬ ਵਿਚੋਂ ਪੈਸੇ ਖਰਚ ਕੇ ਪ੍ਰਾਈਵੇਟ ਲੇਬਰ ਰਾਹੀਂ ਕੰਮ ਕਰਵਾਇਆ ਜਾ ਰਿਹਾ ਹੈ ਪਰੰਤੂ ਅਫ਼ਸੋਸ, ਨਾ ਤਾਂ ਪੰਜਾਬ ਸਰਕਾਰ ਅਤੇ ਨਾ ਹੀ ਪਾਵਰਕਾਮ ਮੈਨੇਜਮੈਂਟ ਇਹਨਾਂ ਜ਼ੇ. ਈ. ਦੀਆਂ ਮੁਸ਼ਕਲਾਂ ਅਤੇ ਮੰਗਾਂ ਪ੍ਰਤੀ ਸੰਜੀਦਾ ਹੈ। ਇਸੇ ਕਾਰਣ ਮਜ਼ਬੂਰ ਹੋ ਕੇ ਪੰਜਾਬ ਦੇ ਸਮੂਹ ਪਾਵਰ ਜੂਨੀਅਰ ਇੰਜੀਨੀਅਰ ਸੰਘਰਸ਼ ਲਈ ਮਜਬੂਰ ਹਨ, ਜਿਸ ਦੀ ਕੜੀ ਵਜੋਂ, ਪੰਜਾਬ ਦੇ ਸਮੂਹ ਸਰਕਲ ਹੈੱਡ ਕੁਆਟਰਾਂ ਤੇ ਜ਼ੇ. ਈ. ਕੌਂਸਲ ਵਲੋਂ ਭਰਵੀਆਂ ਰੋਸ ਰੈਲੀਆਂ ਕੀਤੀਆਂ ਗਈਆਂ। ਸਰਕਲ ਗੁਰਦਾਸਪੁਰ ਦੀ ਰੋਸ ਰੈਲੀ ਜ਼ਿਲਾ ਪ੍ਰਧਾਨ ਇੰਜ: ਜਤਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਕੀਤੀ ਗਈ। ਜਿਸ ਵਿੱਚ ਸੂਬਾ ਆਗੂ ਇੰਜ: ਜਗਦੀਸ਼ ਸਿੰਘ ਬਾਜਵਾ,ਬਾਰਡਰ ਜ਼ੋਨ ਜਨਰਲ ਸਕੱਤਰ ਇੰਜ: ਵਿਮਲ ਕੁਮਾਰ, ਜ਼ਿਲਾ ਵਰਕਿੰਗ ਕਮੇਟੀ ਆਗੂ ਇੰਜ: ਤਰਸੇਮ ਲਾਲ, ਇੰਜ: ਬਲਦੇਵ ਰਾਜ, ਇੰਜ: ਦਵਿੰਦਰ ਪਰਾਸ਼ਰ, ਇੰਜ: ਨਿਤਿਨ ਸੈਣੀ, ਇੰਜ: ਬਲਵਿੰਦਰ ਸਿੰਘ, ਅਤੇ ਮੰਡਲ ਕਮੇਟੀ ਆਗੂ ਚੰਦਰ ਮੋਹਨ ਮਹਾਜਨ, ਸੁਖਦੇਵ ਸਿੰਘ ਕਾਲਾ ਨੰਗਲ, ਇੰਜ: ਜਤਿੰਦਰ ਸਿੰਘ, ਇੰਜ: ਰਜਤ ਸ਼ਰਮਾ, ਇੰਜ: ਕੰਵਲਜੀਤ ਸਿੰਘ, ਇੰਜ: ਪੰਕਜ ਲਹਿਰੀ ਆਦਿ ਨੇ ਸੰਬੋਧਨ ਕੀਤਾ। ਇਸ ਰੈਲੀ ਵਿਚ ਕੌਂਸਲ ਦੇ ਸਾਬਕਾ ਜ਼ਿਲਾ ਪ੍ਰਧਾਨ ਇੰਜ: ਦਿਲਬਾਗ ਸਿੰਘ ਭੁੰਬਲੀ ਉਚੇਚੇ ਤੌਰ ਤੇ ਸ਼ਾਮਿਲ ਹੋਏ।
ਰੈਲੀ ਵਿੱਚ ਬੋਲਦੇ ਆਗੂਆਂ ਨੇ ਵਿਸ਼ੇਸ਼ ਤੌਰ ਤੇ ਸਟਾਫ਼ ਦੀ ਘਾਟ ਕਾਰਣ,ਅਤੇ ਵਰਕ ਆਰਡਰ ਨਾ ਹੋਣ ਕਾਰਣ, ਕੰਮ ਨਾ ਹੋਣ ਦੀ ਮੁਸ਼ਕਿਲ ਉਠਾਈ। ਇੰਜ ਜਤਿੰਦਰ ਸ਼ਰਮਾ ਅਤੇ ਇੰਜ ਵਿਮਲ ਕੁਮਾਰ ਨੇ ਐਸ. ਈ. ਗੁਰਦਾਸਪੁਰ ਜੀ ਦੇ ਪੱਤਰ ਕਿ ਹਰ ਕੰਮ ਵਰਕ ਆਰਡਰ ਨਾਲ ਹੋਣ ਦੀ ਹਿਮਾਇਤ ਕੀਤੀ ਅਤੇ ਮੰਗ ਕੀਤੀ ਕਿ ਸਮੂਹ ਐਕਸੀਅਨ ਇਸ ਪੱਤਰ ਦੀ ਪਾਲਣਾ ਕਰਣ। ਜ਼ੇ ਈ ਨੂੰ ਲੈਪਟਾਪ ਮੁੱਹਈਆ ਕਰਵਾਏ ਜਾਣ। ਵਰਕ ਤੋਂ ਰੂਲ ਕਰਨ ਰਾਤ ਨੂੰ, ਬਿਨਾ ਸਟਾਫ਼ ਦੇ ਲਾਈਨ ਨੂੰ ਚਲਾਉਣ ਲਈ ਮਜ਼ਬੂਰ ਨਾ ਕੀਤਾ ਜਾਵੇ। ਇੰਜ: ਜਗਦੀਸ਼ ਸਿੰਘ ਬਾਜਵਾ ਨੇ ਦੱਸਿਆ ਕਿ ਜ਼ੇ. ਈ. ਦੀ ਪੇਂਡਿੰਗ ਮੰਗਾਂ ਵਿੱਚ ਜ਼ੇ. ਈ. ਦੇ ਸਮਾਂ ਬੱਧ ਸਕੇਲ ਲਾਗੂ ਕਰਨ, ਸਬ ਸਟੇਸ਼ਨ ਤੇ ਕੰਮ ਕਰਦੇ ਜ਼ੇ. ਈਜ. ਨੂੰ ਵੀ 30 ਲੀਟਰ ਪੈਟਰੋਲ ਭੱਤਾ ਦੇਣ, ਸਟਾਫ਼ ਦੀ ਘਾਟ ਦੂਰ ਕਰਨੀ, ਜ਼ੇ. ਈ. ਨੂੰ ਲੈਪਟਾਪ ਦੇਣਾ, ਤਨਖਾਹ ਸਕੇਲਾਂ ਦੀਆਂ ਤਰੁੱਟੀਆਂ ਦੂਰ ਕਰਨਾ ਆਦਿ ਸ਼ਾਮਿਲ ਹਨ। ਇੰਜ: ਵਿਮਲ ਕੁਮਾਰ ਅਤੇ ਇੰਜ: ਜਤਿੰਦਰ ਸ਼ਰਮਾ ਨੇ ਸਮੂਹ ਜ਼ੇ. ਈਜ ਨੂੰ 17 ਸਤੰਬਰ ਜ਼ੋਨਲ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਅਪੀਲ ਕੀਤੀ।