ਕੇਂਦਰੀ ਸੰਚਾਰ ਬਿਊਰੋ ਵੱਲੋਂ ਲਗਾਈ ਗਈ ਤਿੰਨ ਰੋਜ਼ਾ ਮਲਟੀਮੀਡੀਆ ਪ੍ਰਦਰਸ਼ਨੀ ਸਮਾਪਤ

ਗੁਰਦਾਸਪੁਰ

ਗੁਰਦਾਸਪੁਰ, 13 ਸਤੰਬਰ (ਸਰਬਜੀਤ ਸਿੰਘ )— ਕੇਂਦਰੀ ਸੰਚਾਰ ਬਿਊਰੋ (ਸੀਬੀਸੀ), ਜਲੰਧਰ, ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਥਾਨਕ ਪੁਰਾਣੇ ਬੱਸ ਸਟੈਂਡ ਵਿਖੇ ਨੌਜਵਾਨਾਂ ਨੂੰ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਨ, ਔਰਤਾਂ ਨੂੰ ਛਾਤੀ ਦੇ ਕੈਂਸਰ ਤੋਂ ਬਚਾਅ ਬਾਰੇ ਜਾਣਕਾਰੀ ਦੇਣ ਅਤੇ ਭਾਰਤ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਬਾਰੇ ਜਾਗਰੂਕ ਕਰਨ ਦੇ ਮੰਤਵ ਨਾਲ ਲਗਾਈ ਗਈ ਤਿੰਨ ਦਿਨਾਂ ਮਲਟੀਮੀਡੀਆ ਫੋਟੋ ਪ੍ਰਦਰਸ਼ਨੀ ਅੱਜ ਸਮਾਪਤ ਹੋ ਗਈ।
ਅੱਜ ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਜ਼ਿਲ੍ਹਾ ਗੁਰਦਾਸਪੁਰ ਦੇ ਸੀਨੀਅਰ ਪੁਲਿਸ ਕਪਤਾਨ ਹਰੀਸ਼ ਦਯਾਮਾ ਨੇ ਪ੍ਰੋਗਰਾਮ ਵਿੱਚ ਹਾਜ਼ਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸੋਸ਼ਲ ਮੀਡੀਆ ਤੋਂ ਦੂਰ ਰਹਿ ਕੇ ਆਪਣੀ ਪੜ੍ਹਾਈ ਵੱਲ ਧਿਆਨ ਦੇਣ ਅਤੇ ਦੇਸ਼ ਦੀ ਸੇਵਾ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਆਪਣੇ ਰੋਲ ਮਾਡਲ ਦੀ ਚੋਣ ਸੋਚ ਸਮਝ ਕੇ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਦੇ ਚੰਗੇ ਗੁਣਾਂ ਨੂੰ ਅਪਣਾ ਕੇ ਸਮਾਜ ਅਤੇ ਦੇਸ਼ ਨੂੰ ਤਰੱਕੀ ਵੱਲ ਲਿਜਾਣਾ ਚਾਹੀਦਾ ਹੈ। ਉਨ੍ਹਾਂ ਨੇ ਸੀਮਾ ਸੁਰੱਖਿਆ ਬਲ ਵੱਲੋਂ ਲਗਾਈ ਗਈ ਹਥਿਆਰਾਂ ਦੀ ਪ੍ਰਦਰਸ਼ਨੀ ਦੀ ਸ਼ਲਾਘਾ ਕਰਦਿਆਂ ਨੌਜਵਾਨਾਂ ਨੂੰ ਇਸ ਬਲ ਅਤੇ ਭਾਰਤ ਦੀਆਂ ਹੋਰ ਫ਼ੌਜਾਂ ਵਿੱਚ ਸ਼ਾਮਲ ਹੋਣ ਲਈ ਜਾਣਕਾਰੀ ਹਾਸਲ ਕਰਨ ਲਈ ਕਿਹਾ।
ਜ਼ਿਲ੍ਹਾ ਪ੍ਰੀਸ਼ਦ ਗੁਰਦਾਸਪੁਰ ਦੇ ਉਪ ਮੁੱਖ ਕਾਰਜਕਾਰੀ ਅਧਿਕਾਰੀ ਜ਼ੀਨਤ ਖੇੜਾ ਨੇ ਪ੍ਰਦਰਸ਼ਨੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹਰ ਵਿਅਕਤੀ ਨੂੰ ਅਜਿਹੀ ਜਾਣਕਾਰੀ ਦਾ ਲਾਭ ਉਠਾਉਣਾ ਚਾਹੀਦਾ ਹੈ ਅਤੇ ਆਪਣੇ ਨਾਲ-ਨਾਲ ਸਮਾਜ ਦੇ ਵਿਕਾਸ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ।
ਸਿਵਲ ਸਰਜਨ ਡਾ. ਭਾਰਤ ਭੂਸ਼ਣ ਨੇ ਹਾਜ਼ਰ ਸਮੂਹ ਲੋਕਾਂ ਨੂੰ ਆਪਣੀ ਸਿਹਤ ਨੂੰ ਬਰਕਰਾਰ ਰੱਖਣ ਲਈ ਖਾਣ-ਪੀਣ ਦੀਆਂ ਚੰਗੀਆਂ ਆਦਤਾਂ ਅਪਣਾਉਣ ਦੀ ਅਪੀਲ ਕੀਤੀ। ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਰੋਮੀ ਰਾਜਾ ਵੀ ਹਾਜ਼ਰ ਸਨ।
ਸੈਂਟਰਲ ਬਿਊਰੋ ਆਫ ਕਮਿਊਨੀਕੇਸ਼ਨਜ਼ ਦੇ ਫੀਲਡ ਪਬਲੀਸਿਟੀ ਅਫਸਰ ਅਤੇ ਪ੍ਰਦਰਸ਼ਨੀ ਦੇ ਨੋਡਲ ਅਫਸਰ ਸ਼੍ਰੀ ਰਾਜੇਸ਼ ਬਾਲੀ ਨੇ ਦੱਸਿਆ ਕਿ ਅੱਜ ਉਨ੍ਹਾਂ ਦੇ ਵਿਭਾਗ ਵੱਲੋਂ ਔਰਤਾਂ ਵਿੱਚ ਛਾਤੀ ਦੇ ਕੈਂਸਰ ਦੀ ਮੁਫਤ ਜਾਂਚ ਲਈ ਜਲੰਧਰ ਰੋਟਰੀ ਕਲੱਬ ਵੈਸਟਰਨ ਤੋਂ ਕੈਂਸਰ ਸਕਰੀਨਿੰਗ ਲਈ ਪੂਰੇ ਉਪਕਰਨਾਂ ਨਾਲ ਲੈਸ ਵੈਨ ਮੰਗਵਾਈ ਗਈ ਸੀ। ਸਿਵਲ ਹਸਪਤਾਲ ਦੇ ਸਹਿਯੋਗ ਨਾਲ ਲਗਾਏ ਗਏ ਇਸ ਵਿਸ਼ੇਸ਼ ਜਾਂਚ ਕੈਂਪ ਵਿੱਚ 30 ਤੋਂ ਵੱਧ ਔਰਤਾਂ ਦੀ ਜਾਂਚ ਕੀਤੀ ਗਈ। ਡਾਕਟਰਾਂ ਅਨੁਸਾਰ ਕੈਂਸਰ ਦੀ ਜਲਦੀ ਜਾਂਚ ਕਰਵਾ ਕੇ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ, ਸਿਰਫ ਅੱਗੇ ਆ ਕੇ ਆਪਣੀ ਜਾਂਚ ਕਰਵਾਉਣ ਦੀ ਲੋੜ ਹੈ।

Leave a Reply

Your email address will not be published. Required fields are marked *