ਗੁਰਦਾਸਪੁਰ, 1 ਅਪ੍ਰੈਲ (ਸਰਬਜੀਤ ਸਿੰਘ)— ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ, ਗੁਰਦਾਸਪੁਰ ਸ਼੍ਰੀ ਸੁਖਵਿੰਦਰ ਸਿੰਘ ਘੁੰਮਣ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਅਸ਼ੀਰਵਾਦ ਸਕੀਮ ਤਹਿਤ ਦਰਖ਼ਾਸਤਾਂ ਆਨ-ਲਾਈਨ ਮੋਡ ਰਾਹੀਂ ਪ੍ਰਾਪਤ ਕਰਨ ਹਿੱਤ ਨਵੰਬਰ 2022 ਵਿਚ ਅਸੀਰਵਾਦ ਪੋਰਟਲ ਲਾਂਚ ਕੀਤਾ ਗਿਆ ਸੀ। ਵਿਭਾਗ ਵਲੋਂ ਅਸ਼ੀਰਵਾਦ ਪੋਰਟਲ ਹੁਣ ਪੂਰੀ ਤਰ੍ਹਾਂ ਆਨ-ਲਾਈਨ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਿਤੀ 1 ਅਪ੍ਰੈਲ 2023 ਤੋਂ ਅਸ਼ੀਰਵਾਦ ਸਕੀਮ ਤਹਿਤ ਦਰਖ਼ਾਸਤਾਂ ਆਨ-ਲਾਈਨ ਅਸ਼ੀਰਵਾਦ ਪੋਰਟਲ ’ਤੇ ਹੀ ਲਈਆਂ ਜਾਣਗੀਆਂ।
ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ, ਗੁਰਦਾਸਪੁਰ ਸ਼੍ਰੀ ਸੁਖਵਿੰਦਰ ਸਿੰਘ ਘੁੰਮਣ ਨੇ ਕਿਹਾ ਹੈ ਕਿ ਬਿਨੈਕਾਰ ਇਸ ਸਬੰਧੀ http://ashirwad.punjab.gov.in ’ਤੇ ਅਪਲਾਈ ਕਰ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਦਰਖ਼ਾਸਤ ਅਪਲਾਈ ਕਰਨ ਸਬੰਧੀ ਹਦਾਇਤਾਂ ਪੋਰਟਲ ’ਤੇ ਮੌਜੂਦ ਹਨ। ਉਨ੍ਹਾਂ ਦੱਸਿਆ ਕਿ ਬਿਨੈਪੱਤਰ ਅਪਲਾਈ ਕਰਨ ਉਪਰੰਤ ਬਿਨੈਕਾਰ ਨੂੰ ਇੱਕ ਯੂਨੀਕ ਆਈ.ਡੀ. ਪ੍ਰਾਪਤ ਹੋਵੇਗੀ। ਬਿਨੈਕਾਰ ਉਸ ਯੂਨੀਕ ਆਈ.ਡੀ. ਰਾਹੀਂ ਆਪਣੀ ਫਾਇਲ ਦੇ ਸਟੇਟਸ ਨੂੰ http://ashirwad.punjab.gov.in ’ਤੇ ਕਦੀ ਵੀ ਚੈੱਕ ਕਰ ਸਕਦੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਹੁਣ ਕਿਸੇ ਵੀ ਬਿਨੈਕਾਰ ਨੂੰ ਦਫ਼ਤਰ ਵਿਚ ਜਾਂ ਸੇਵਾ ਕੇਂਦਰ ਵਿੱਚ ਆਪਣੀ ਫਾਇਲ ਜਮ੍ਹਾਂ ਕਰਵਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਉਨ੍ਹਾਂ ਕਿਹਾ ਕਿ ਮਿਤੀ 01 ਅਪ੍ਰੈਲ 2023 ਤੋਂ ਸਮੂਹ ਦਰਖ਼ਾਸਤਾਂ ਅਸ਼ੀਰਵਾਦ ਪੋਰਟਲ ’ਤੇ ਹੀ ਪ੍ਰਾਪਤ ਕੀਤੀਆਂ ਜਾਣਗੀਆਂ।