ਯੂਟੀਊਬ ਦੀਆਂ ਵੀਡੀਓ ਦੇਖ ਦੇਖ ਬਣ ਗਿਆ ਬਿਹਤਰੀਨ ਕਲਾਕਾਰ,ਪਿਤਾ ਦੀ ਮੌਤ ਤੋਂ ਬਾਅਦ ਹੁਨਰ ਬਣਾ ਲਿਆ ਕਿੱਤਾ
ਐਸਐਸਪੀ ਗੁਰਦਾਸਪੁਰ ਦਯਾਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਨੇ ਇਸ ਨੂੰ ਲੋੜ ਪੈਣ ਤੇ ਅਪਰਾਧੀਆਂ ਦੇ ਸਕੈਚ ਬਣਾਉਣ ਦੀ ਜ਼ਿੰਮੇਦਾਰੀ ਦਿੱਤੀ
ਗੁਰਦਾਸਪੁਰ, 5 ਫਰਵਰੀ (ਸਰਬਜੀਤ ਸਿੰਘ)– ਕਹਿੰਦੇ ਹਨ ਸਮਾਂ ਬਹੁਤ ਕੀਮਤੀ ਹੁੰਦਾ ਹੈ ਇਸ ਨੂੰ ਵਿਅਰਥ ਨਹੀਂ ਗਵਾਉਣਾ ਚਾਹੀਦਾ। ਗੁਰਦਾਸਪੁਰ ਸ਼ਹਿਰ ਦੇ ਇੱਕ ਨੌਜਵਾਨ ਨੇ ਲਾਕਡਾਊਨ ਦੌਰਾਨ ਸਮਾਂ ਵਿਅਰਥ ਗਵਾਉਣ ਦੀ ਬਜਾਏ ਯੂਟੀਊਬ ਦੀਆਂ ਵੀਡੀਓ ਦੇਖ ਦੇਖ ਕੇ ਆਪਣੇ ਅੰਦਰ ਛੁਪੇ ਹੋਏ ਹੁਨਰ ਨੂੰ ਨਿਖਾਰਿਆ ਅਤੇ ਹੁਣ ਬਿਨਾਂ ਕਿਸੇ ਉਸਤਾਦ ਦੀ ਚੇਲਾਗਿਰੀ ਕੀਤੇ ਚੋਟੀ ਦਾ ਕਲਾਕਾਰ ਬਣ ਕੇ ਉਭਰ ਰਿਹਾ ਹੈ। ਇਹੋ ਨਹੀਂ ਛੇ ਮਹੀਨੇ ਪਹਿਲਾਂ ਪਿਤਾ ਦਾ ਹੱਥ ਅਚਾਨਕ ਸਿਰ ਤੋਂ ਉੱਠ ਜਾਣ ਤੋਂ ਬਾਅਦ ਹੁਣ ਲਾਕਡਾਊਨ ਦੌਰਾਨ ਉਸ ਦੇ ਵੱਲੋਂ ਕੀਤੀ ਗਈ ਮਿਹਨਤ ਹੀ ਉਸ ਦਾ ਰੁਜ਼ਗਾਰ ਵੀ ਬਣ ਰਹੀ ਹੈ ਅਤੇ ਪਰਿਵਾਰ ਦੀ ਮਦਦ ਕਰਨ ਦਾ ਸਾਧਨ ਵੀ। ਲਕਸ ਨਾਂ ਦਾ ਇਹ ਨੌਜਵਾਨ ਤੁਹਾਡੇ ਦੇਖਦੇ ਹੀ ਦੇਖਦੇ ਮਹਿਜ 15 ਮਿਨਟ ਵਿੱਚ ਤੁਹਾਡੀ ਹੂਬਹੂ ਤਸਵੀਰ ਕਾਗਜ ਤੇ ਉਤਾਰ ਸਕਦਾ ਹੈ। ਇਸ ਵੱਲੋਂ ਤਿਆਰ ਕੀਤਾ ਗਿਆ ਆਪਣਾ ਹੂਬਹੂ ਸਕੈਚ ਦੇਖ ਕੇ ਐਸਐਸਪੀ ਗੁਰਦਾਸਪੁਰ ਦਯਾਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਨੇ ਇਸ ਨੂੰ ਲੋੜ ਪੈਣ ਤੇ ਅਪਰਾਧੀਆਂ ਦੇ ਸਕੈਚ ਬਣਾਉਣ ਦੀ ਜ਼ਿੰਮੇਦਾਰੀ ਦਿੱਤੀ ਹੈ।
ਨੌਜਵਾਨ ਲਕਸ਼ ਨੇ ਦੱਸਿਆ ਕਿ ਲਾਕਡਾਊਨ ਦੌਰਾਨ ਆਪਣੇ ਮਾਤਾ ਪਿਤਾ ਦੇ ਪ੍ਰੇਰਿਤ ਕਰਨ ਤੇ ਉਸ ਨੇ ਯੂਟੀਊਬ ਤੇ ਪੇਂਟਿੰਗ ਨਾਲ ਸੰਬੰਧਿਤ ਵੀਡੀਓ ਦੇਖਣੀਆਂ ਸ਼ੁਰੂ ਕੀਤੀਆਂ ਅਤੇ ਵੱਖ ਵੱਖ ਤਰ੍ਹਾਂ ਦੇ ਬਰਸ਼ ,ਰੰਗ ਅਤੇ ਪੈਸਲਾਂ ਦੀ ਵਰਤੋਂ ਕਰਨੀ ਸਿੱਖੀ। ਉਸ ਨੂੰ ਲੱਗਿਆ ਕਿ ਉਹ ਇਹ ਬਿਹਤਰ ਢੰਗ ਨਾਲ ਕਰ ਸਕਦਾ ਹੈ ਅਤੇ ਟੀਵੀ ਤੇ ਦੇਖ ਦੇਖ ਕੇ ਉਸਨੇ ਕਲਾਕਾਰਾਂ ਦੇ ਸਕੈਚ ਬਣਾਉਣੇ ਸ਼ੁਰੂ ਕਰ ਦਿੱਤੇ। ਹੌਲੀ ਹੌਲੀ ਉਹ ਹੂਬਹੂ ਸ਼ਕਲਾਂ ਕਾਗਜ਼ ਤੇ ਉਤਾਰਨ ਦੇ ਲਾਇਕ ਬਣ ਗਿਆ ਉਹ ਤੇ ਹੁਣ ਕੋਈ ਵੀ ਫੋਟੋ ਦੇਖ ਕੇ ਜਾਂ ਚਿਹਰੇ ਵੱਲ ਦੇਖ ਕੇ 15 ਮਿਨਟ ਵਿੱਚ ਹੂਬਹੂ ਸਕੈਚ ਤਿਆਰ ਕਰ ਲੈਂਦਾ ਹੈ। ਉਸ ਨੇ ਦੱਸਿਆ ਕਿ ਥੋੜਾ ਬਹੁਤ ਸਿੱਖਣ ਤੋਂ ਬਾਅਦ ਉਸਨੇ ਇਸਦੀ ਪ੍ਰੋਫੈਸ਼ਨਲ ਕੋਚਿੰਗ ਲੈਣ ਦੀ ਕੋਸ਼ਿਸ਼ ਕੀਤੀ ਪਰ ਸਿਖਾਉਣ ਵਾਲਿਆਂ ਦੀ ਫੀਸ ਜਿਆਦਾ ਹੋਣ ਕਰਕੇ ਅਜਿਹਾ ਨਾ ਕਰ ਸਕਿਆ। ਫਿਰ ਉਸਨੇ ਵੀਡੀਓਜ ਨੂੰ ਹੀ ਆਪਣਾ ਗੁਰੂ ਬਣਾ ਲਿਆ। ਛੇ ਮਹੀਨੇ ਪਹਿਲਾਂ ਉਸਦੇ ਪਿਤਾ ਦੀਆਂ ਅਚਾਨਕ ਮੌਤ ਹੋ ਹੋ ਗਈ ਉਸ ਤੋਂ ਬਾਅਦ ਉਸ ਨੇ ਆਪਣੇ ਹੁਨਰ ਨੂੰ ਕਿੱਤੇ ਵਜੋਂ ਅਪਣਾਉਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ। ਹੁਣ ਉਸ ਕੋਲ ਆਪਣੀਆਂ ਤਸਵੀਰਾਂ ਬਣਾਉਣ ਲਈ ਲੋਕ ਵੀ ਆਉਣ ਲੱਗ ਪਏ ਹਨ ਪਰ ਉਹ ਕਿਸੇ ਕੋਲੋਂ ਫਿਲਹਾਲ ਪੈਸੇ ਦੀ ਮੰਗ ਨਹੀਂ ਕਰਦਾ। ਖੁਸ਼ ਹੋ ਕੇ ਲੋਕ ਜਿੰਨੇ ਪੈਸੇ ਦੇ ਦਿੰਦੇ ਹਨ ਉਨੇ ਹੀ ਲੈ ਲੈਂਦਾ ਹੈ।
ਉਸ ਪੈਸੇ ਵਿੱਚੋਂ ਕੁਝ ਉਹ ਆਪਣੇ ਕੰਮ ਲਈ ਜਰੂਰੀ ਸਮਾਨ ਲਿਆਉਣ ਵਿੱਚ ਖਰਚ ਕਰ ਦਿੰਦਾ ਹੈ ਤੇ ਕੁਝ ਨਾਲ ਪਰਿਵਾਰ ਦੀ ਮਦਦ ਕਰਦਾ ਹੈ।ਹੁਣ ਤੱਕ ਉਹ ਗਣੇਸ਼ ਜੀ, ਸ਼੍ਰੀ ਗੁਰੂ ਨਾਨਕ ਦੇਵ ਜੀ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਲੱਤਾਂ ਮੰਗੇਸ਼ਕਰ ,ਸਿੱਧੂ ਮੂਸੇ ਵਾਲਾ ਅਤੇ ਬਹੁਤ ਸਾਰੇ ਕਲਾਕਾਰਾਂ ਦੀਆਂ ਤਸਵੀਰਾਂ ਬਣਾ ਚੁੱਕਿਆ ਹੈ। ਉਸ ਦੀ ਇੱਛਾ ਹੈ ਕਿ ਉਹ ਅਪਰਾਧੀਆਂ ਦੀਆਂ ਤਸਵੀਰਾਂ ਬਣਾ ਕੇ ਪੁਲਿਸ ਦੀ ਮਦਦ ਕਰੇ। ਉਸ ਨੇ ਦੱਸਿਆ ਕਿ ਉਹ ਗ੍ਰੈਜੂਏਸ਼ਨ ਕਰ ਚੁੱਕਿਆ ਹੈ ਅਤੇ ਕੰਮ ਦੀ ਭਾਲ ਕਰ ਰਿਹਾ ਹੈ। ਜੇਕਰ ਕੋਈ ਨੌਕਰੀ ਨਹੀਂ ਮਿਲੀ ਤਾਂ ਉਹ ਆਪਣੇ ਸ਼ੌਂਕ ਨੂੰ ਹੀ ਪ੍ਰੋਫੈਸ਼ਨ ਵਜੋਂ ਅਪਣਾ ਲਵੇਗਾ ਤੇ ਪ੍ਰੋਫੈਸ਼ਨਲ ਪੇਂਟਿੰਗਜ਼ ਬਣਾਉਣੀਆਂ ਸ਼ੁਰੂ ਕਰ ਦੇਵੇਗਾ।