ਅੱਗਜਨੀ ਵਿੱਚ ਪੀੜਿਤ ਦੁਕਾਨਦਾਰਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਕੋਲ ਪਹੁੰਚੇ ਚੇਅਰਮੈਨ ਰਮਨ ਬਹਿਲ

ਗੁਰਦਾਸਪੁਰ

ਸੀਐਮ ਰਿਲੀਫ ਫੰਡ ਵਿੱਚੋਂ ਰਾਹਤ ਦਵਾਉਣ ਲਈ ਸ਼ੁਰੂ ਕੀਤੀ ਕਾਰਵਾਈ

ਫਾਇਰ ਬ੍ਰਿਗੇਡ ਅਤੇ ਬਿਜਲੀ ਦੀਆਂ ਤਾਰਾਂ ਦੀ ਮੰਦੀ ਹਾਲਤ ਤੇ ਚੁੱਕੇ ਕਈ ਸਵਾਲ

ਗੁਰਦਾਸਪੁਰ 11 ਜੂਨ (ਸਰਬਜੀਤ ਸਿੰਘ)- ਗੁਰਦਾਸਪੁਰ ਸ਼ਹਿਰ ਦੇ ਅਮਾਮਵਾੜਾ ਚੌਂਕ ਵਿੱਚ ਦੋ ਦਿਨ ਪਹਿਲਾਂ ਸ਼ਾਮ ਵੇਲੇ ਲੱਗੀ ਭਿਆਨਕ ਅੱਗ ਕਾਰਨ ਸੱਤ ਦੇ ਕਰੀਬ ਦੁਕਾਨਾਂ ਦਾ ਭਾਰੀ ਨੁਕਸਾਨ ਹੋ ਜਾਣ ਦੇ ਬਾਅਦ ਅੱਜ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਇਨਾਂ ਪੀੜਤ ਦੁਕਾਨਦਾਰਾਂ ਅਤੇ ਵਪਾਰ ਮੰਡਲ ਨਾਲ ਸੰਬੰਧਿਤ ਹੋਰ ਦੁਕਾਨਦਾਰਾਂ ਦੇ ਨਾਲ ਡਿਪਟੀ ਕਮਿਸ਼ਨਰ ਵਿਸ਼ੇਸ਼ ਸਰੰਗਲ ਨਾਲ ਅਹਿਮ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਰਮਨ ਪਹਿਲ ਨੇ ਡਿਪਟੀ ਕਮਿਸ਼ਨਰ ਦੇ ਸਾਹਮਣੇ ਦੁਕਾਨਾਂ ਦੀ ਸੁਰੱਖਿਆ ਅਤੇ ਪ੍ਰਭਾਵਿਤ ਦੁਕਾਨਦਾਰਾਂ ਦੇ ਮੁੜ ਵਸੇਬੇ ਲਈ ਅਹਿਮ ਮੁੱਦੇ ਉਠਾਏ ਹਨ ਜਿਸ ਦੇ ਬਾਅਦ ਫੈਸਲਾ ਕੀਤਾ ਗਿਆ ਹੈ ਕਿ ਇਨਾਂ ਪੀੜਿਤ ਦੁਕਾਨਦਾਰਾਂ ਨੂੰ ਸੀਐਮ ਰਿਲੀਫ ਫੰਡ ਵਿੱਚੋਂ ਤੁਰੰਤ ਆਰਥਿਕ ਸਹਾਇਤਾ ਕਰਵਾਉਣ ਲਈ ਕੇਸ ਤਿਆਰ ਕਰਕੇ ਭੇਜਿਆ ਜਾਵੇ। ਦੁਕਾਨਦਾਰਾਂ ਦੇ ਮੁੜ ਵਸੇਬੇ ਅਤੇ ਸੁਰੱਖਿਆ ਨਾਲ ਜੁੜੇ ਅਹਿਮ ਮੁੱਦੇ ਉਠਾਉਂਦਿਆਂ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਜਦੋਂ ਵੀ ਕਿਸੇ ਦੁਕਾਨ ਨੂੰ ਅੱਗ ਲੱਗਦੀ ਹੈ ਤਾਂ ਦੁਕਾਨਦਾਰ ‘ਤੇ ਦੁੱਖਾਂ ਦਾ ਪਹਾੜ ਟੁੱਟਦਾ ਹੈ। ਅਜਿਹੀ ਸਥਿਤੀ ਵਿੱਚ ਦੁਕਾਨਦਾਰਾਂ ਲਈ ਨਾ ਸਿਰਫ ਆਪਣੇ ਮੁੜ ਵਸੇਬੇ ਦੀ ਵੱਡੀ ਜਿੰਮੇਵਾਰੀ ਨਿਭਾਉਣੀ ਔਖੀ ਹੋ ਜਾਂਦੀ ਹੈ ਸਗੋਂ ਪਰਿਵਾਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ। ਉਹਨਾਂ ਕਿਹਾ ਕਿ ਦੁਕਾਨਦਾਰ ਸਰਕਾਰ ਨੂੰ ਟੈਕਸ ਦਿੰਦੇ ਹਨ, ਰਿਟਰਨਾਂ ਭਰਦੇ ਹਨ। ਪਰ ਦੂਜੇ ਪਾਸੇ ਜਦੋਂ ਉਨਾਂ ਦਾ ਨੁਕਸਾਨ ਹੁੰਦਾ ਹੈ ਤਾਂ ਉਨਾਂ ਦੀ ਭਰਪਾਈ ਲਈ ਕੋਈ ਵੀ ਅੱਗੇ ਨਹੀਂ ਆਉਂਦਾ। ਇਸ ਲਈ ਹੁਣ ਉਹ ਸੀਐਮ ਭਗਵੰਤ ਸਿੰਘ ਮਾਨ ਨੂੰ ਅਪੀਲ ਕਰਨਗੇ ਕਿ ਜਿਸ ਤਰ੍ਹਾਂ ਬਾਕੀ ਹਾਦਸਿਆਂ ਵਿੱਚ ਪੀੜਤਾਂ ਨੂੰ ਵਨ ਟਾਈਮ ਸਹਾਇਤਾ ਦਿੱਤੀ ਜਾਂਦੀ ਹੈ। ਉਸੇ ਤਰ੍ਹਾਂ ਅੱਗਜਨੀ ਦੀਆਂ ਘਟਨਾਵਾਂ ਵਿੱਚ ਪੀੜਤ ਦੁਕਾਨਦਾਰਾਂ ਨੂੰ ਵੀ ਮਾਲੀ ਮਦਦ ਕਰਨ ਦੀ ਪਾਲਸੀ ਬਣਾਈ ਜਾਵੇ। ਰਮਨ ਬਹਿਲ ਨੇ ਗੁਰਦਾਸਪੁਰ ਅੰਦਰ ਫਾਇਰ ਬ੍ਰਿਗੇਡ ਦੀ ਵਿਵਸਥਾ ਤੇ ਕਈ ਸਵਾਲ ਚੁੱਕੇ ਹਨ। ਜਿਸ ਤਹਿਤ ਵਪਾਰ ਮੰਡਲ ਵੱਲੋਂ ਡਿਪਟੀ ਕਮਿਸ਼ਨਰ ਨੂੰ ਇੱਕ ਵੱਖਰਾ ਮੈਮੋਰੈਂਡਮ ਵੀ ਦਿੱਤਾ ਗਿਆ। ਉਨਾਂ ਕਿਹਾ ਕਿ ਗੁਰਦਾਸਪੁਰ ਵਿੱਚ ਫਾਇਰ ਬ੍ਰਿਗੇਡ ਦੇ ਜੋ ਕਰਮਚਾਰੀ ਹਨ ਉਹਨਾਂ ਨੂੰ ਆਊਟ ਸੋਰਸ ਤੇ ਰੱਖਿਆ ਗਿਆ ਹੈ ਅਤੇ ਦੁੱਖ ਦੀ ਗੱਲ ਹੈ ਕਿ ਉਨਾਂ ਵਿੱਚੋਂ ਜਿਆਦਾ ਅਜਿਹੇ ਹਨ ਜਿਨਾਂ ਨੂੰ ਅੱਗ ਬੁਝਾਉਣ ਦਾ ਕੋਈ ਤਜਰਬਾ ਨਹੀਂ ਹੈ ਅਤੇ ਕਿਸੇ ਟ੍ਰੇਨਿੰਗ ਦਾ ਸਰਟੀਫਿਕੇਟ ਵੀ ਨਹੀਂ ਹੈ। ਅਜਿਹੀ ਸਥਿਤੀ ਵਿੱਚ ਜਦੋਂ ਕਿਤੇ ਅੱਗ ਲੱਗਦੀ ਹੈ ਤਾਂ ਇਹ ਗੈਰ ਤਜਰਬੇਕਾਰ ਅਤੇ ਅਣਸਿਅਤ ਕਰਮਚਾਰੀ ਜਦੋਂ ਅੱਗ ਬੁਝਾਉਣ ਪਹੁੰਚਦੇ ਹਨ ਤਾਂ ਉਨਾਂ ਤੋਂ ਅੱਗ ਤੇ ਕਾਬੂ ਨਹੀਂ ਪਾਇਆ ਜਾਂਦਾ। ਇਸੇ ਤਰ੍ਹਾਂ ਉਨਾਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੀ ਮਾੜੀ ਹਾਲਤ ਅਤੇ ਹੋਰ ਕਮੀਆਂ ਵੀ ਉਜਾਗਰ ਕੀਤੀਆਂ ਅਤੇ ਨਾਲ ਹੀ ਕਿਹਾ ਕਿ ਜਦੋਂ ਗੱਡੀਆਂ ਅੱਗ ਬੁਝਾਉਣ ਲਈ ਪਹੁੰਚਦੀਆਂ ਹਨ ਤਾਂ ਉੱਥੇ ਕਈ ਸਿਆਸੀ ਆਗੂ ਅਤੇ ਆਮ ਲੋਕ ਵੀ ਗੱਡੀਆਂ ਉੱਪਰ ਖੁਦ ਚੜ ਕੇ ਖੁਦ ਪਾਣੀ ਵਾਲੇ ਪਾਈਪ ਫੜ ਲੈਂਦੇ ਹਨ। ਅਜਿਹੇ ਲੋਕਾਂ ਨੂੰ ਅਜਿਹੀ ਮੁਸ਼ਕਿਲ ਦੀ ਘੜੀ ਵਿੱਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਪਾਈਪਾਂ ਨਾਲ ਅੱਗ ਬੁਝਾਉਣ ਦਾ ਕੋਈ ਤਜਰਬਾ ਨਹੀਂ ਹੁੰਦਾ ਜਿਸ ਕਾਰਨ ਉਹ ਲੋਕ ਫੋਕੀ ਸ਼ੋਹਰਤ ਲੈਣ ਲਈ ਅੱਗ ਬੁਝਾਉਣ ਦੇ ਕੰਮ ਵਿੱਚ ਰੁਕਾਵਟ ਬਣਦੇ ਹਨ। ਉਨਾਂ ਕਿਹਾ ਕਿ ਜੇਕਰ ਕਿਸੇ ਨੂੰ ਸੇਵਾ ਕਰਨ ਦਾ ਇਨਾ ਹੀ ਸ਼ੌਕ ਹੈ ਤਾਂ ਉਹ ਗੱਡੀ ਤੋਂ ਹੇਠਾਂ ਰਹਿ ਕੇ ਹੋਰ ਢੰਗਾਂ ਨਾਲ ਆਪਣੀ ਮਦਦ ਦੇ ਸਕਦੇ ਹਨ। ਉਹਨਾਂ ਡਿਪਟੀ ਕਮਿਸ਼ਨਰ ਨੂੰ ਕਿਹਾ ਕਿ ਭਵਿੱਖ ਵਿੱਚ ਅਜਿਹਾ ਹੋਣ ਤੋਂ ਰੋਕਿਆ ਜਾਵੇ ਅਤੇ ਨਾਲ ਹੀ ਇਸ ਗੱਲ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਕਿ ਫਾਇਰ ਬ੍ਰਿਗੇਡ ਵਿੱਚ ਅਣਸਿੱਖਅਤ ਕਰਮਚਾਰੀਆਂ ਨੂੰ ਕਿਸ ਤਰ੍ਹਾਂ ਨਿਯੁਕਤ ਕੀਤਾ ਗਿਆ ਅਤੇ ਇਨਾਂ ਦੀ ਨਿਯੁਕਤੀ ਲਈ ਕੌਣ ਜਿੰਮੇਵਾਰ ਹੈ। ਉਹਨਾਂ ਕਿਹਾ ਕਿ ਇਸ ਪੂਰੀ ਨਿਯੁਕਤੀ ਦੀ ਪ੍ਰਕਿਰਿਆ ਦੀ ਜਾਂਚ ਕਰਵਾਈ ਜਾਵੇ ਕਿਉਂਕਿ ਇਸ ਵਿੱਚ ਕਈ ਕਥਿਤ ਧਾਂਦਲੀਆਂ ਹੋਈਆਂ ਹਨ। ਇਸ ਲਈ ਜਾਂਚ ਕਰਵਾ ਕੇ ਪੂਰੀ ਸੱਚਾਈ ਲੋਕਾਂ ਦੇ ਸਾਹਮਣੇ ਲਿਆਂਦੀ ਜਾਵੇ ਅਤੇ ਬਾਅਦ ਵਿੱਚ ਪੂਰੇ ਪਾਰਦਰਸ਼ੀ ਢੰਗ ਨਾਲ ਸਿੱਖਿਅਤ ਕਰਮਚਾਰੀਆਂ ਨੂੰ ਫਾਇਰ ਬ੍ਰਿਗੇਡ ਵਿੱਚ ਨਿਯੁਕਤ ਕੀਤਾ ਜਾਵੇ ਤਾਂ ਜੋ ਮੁੜ ਕਦੀ ਅਜਿਹੀ ਲਾਪਰਵਾਹੀ ਕਾਰਨ ਕੋਈ ਅਣਹੋਣੀ ਨਾ ਵਾਪਰੇ। ਬਹਿਲ ਨੇ ਡੀਸੀ ਨੂੰ ਕਿਹਾ ਕਿ ਇਸ ਅੱਗ ਦੌਰਾਨ ਹੋਏ ਨੁਕਸਾਨ ਲਈ ਵੀ ਸੰਬੰਧਿਤ ਅਣਸਿਅਤ ਕਰਮਚਾਰੀਆਂ ਅਤੇ ਉਨਾਂ ਨੂੰ ਨਿਯੁਕਤ ਕਰਨ ਵਾਲਿਆਂ ਦੀ ਜਿੰਮੇਵਾਰੀ ਨਿਰਧਾਰਿਤ ਕਰਨ ਲਈ ਉੱਚ ਪਧਰੀ ਜਾਂਚ ਕਰਵਾਈ ਜਾਵੇ ਤਾਂ ਜੋ ਮੁੜ ਕੋਈ ਵੀ ਵਿਅਕਤੀ ਲੋਕਾਂ ਦੀ ਜਾਨ ਮਾਲ ਦੀ ਦੀ ਸੁਰੱਖਿਆ ਨਾਲ ਜੁੜੇ ਅਹਿਮ ਕੰਮਾਂ ਵਿੱਚ ਕੋਈ ਧਾਂਦਲੀ ਅਤੇ ਲਾਪਰਵਾਹੀ ਨਾ ਕਰੇ।
ਇਸੇ ਤਰ੍ਹਾਂ ਉਹਨਾਂ ਕਿਹਾ ਕਿ ਬਿਜਲੀ ਦੀਆਂ ਤਾਰਾਂ ਦਾ ਵੀ ਬੇਹੱਦ ਬੁਰਾ ਹਾਲ ਹੈ ਇਹ ਤਾਰਾਂ ਵੀ ਕਈ ਹਾਦਸਿਆਂ ਦਾ ਕਾਰਨ ਬਣ ਰਹੀਆਂ ਹਨ ਇਸ ਕਰਕੇ ਤੁਰੰਤ ਬਿਜਲੀ ਦੀਆਂ ਤਾਰਾਂ ਬਦਲਣ ਲਈ ਵੀ ਕਾਰਵਾਈ ਸ਼ੁਰੂ ਕੀਤੀ ਜਾਵੇ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹ ਜਲਦੀ ਹੀ ਇਸ ਸੰਦਰਭ ਵਿੱਚ ਕਾਰਵਾਈ ਸ਼ੁਰੂ ਕਰਨਗੇ ਅਤੇ ਪੀੜਤਾਂ ਨੂੰ ਰਾਹਤ ਦਵਾਉਣ ਲਈ ਵੀ ਕੇਸ ਤਿਆਰ ਕਰਕੇ ਸਰਕਾਰ ਨੂੰ ਭੇਜ ਦੇਣਗੇ। ਰਮਨ ਬੈਲ ਨੇ ਕਿਹਾ ਕਿ ਉਹ ਖੁਦ ਮੁੱਖ ਮੰਤਰੀ ਤੱਕ ਪਹੁੰਚ ਕਰਕੇ ਇਸ ਕੇਸ ਦੀ ਪੈਰਵਾਈ ਕਰਨਗੇ ਅਤੇ ਪੀੜਤਾਂ ਦੀ ਮਦਦ ਵਿੱਚ ਕੋਈ ਦੇਰੀ ਨਹੀਂ ਹੋਣ ਦੇਣਗੇ।

Leave a Reply

Your email address will not be published. Required fields are marked *