ਭਾਜਪਾ ਨੂੰ ਸਰਕਾਰ ਬਣਾਉਣ ਲਈ ਬਹੁਮਤ ਨਾਂ ਮਿਲਣਾਂ ਦੇਸ਼ ਦੇ ਸੰਵਿਧਾਨ ਅਤੇ ਲੋਕਤੰਤਰ ਦੀ ਰਾਖੀ ਦਾ ਵਰਤਾਰਾ- ਕਾਮਰੇਡ ਬੱਖਤਪੁਰਾ
ਗੁਰਦਾਸਪੁਰ, 11 ਜੂਨ ( ਸਰਬਜੀਤ ਸਿੰਘ)– ਇੱਥੇ ਫ਼ੈਜ਼ਪੁਰਾ ਰੋਡ ਵਿਖੇ ਪੰਜਾਬ ਕਿਸਾਨ ਯੂਨੀਅਨ ਮਾਝਾ ਦੁਆਬਾ ਜੋਨ ਦੀ ਇਕੱਤਰਤਾ ਅਸ਼ੋਕ ਮਹਾਜਨ, ਬਲਵਿੰਦਰ ਕੌਰ, ਚਰਨਜੀਤ ਸਿੰਘ ਅਜਨਾਲਾ, ਮਹਿੰਦਰ ਸਿੰਘ ਕਪੂਰਥਲਾ,ਮੰਗਲ ਸਿੰਘ ਅਟਾਰੀ ਅਤੇ ਮੰਗਲ ਸਿੰਘ ਧਰਮਕੋਟ ਦੀ ਸਾਂਝੀ ਪ੍ਰਧਾਨਗੀ ਹੇਠ ਕੀਤੀ ਗਈ।
ਇਸ ਸਮੇਂ ਕਿਸਾਨਾਂ ਮਜਦੂਰਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਸੁਖਦੇਵ ਸਿੰਘ ਭਾਗੋਕਾਵਾਂ, ਬਲਬੀਰ ਮੂਧਲ, ਅਸ਼ਵਨੀ ਲੱਖਣ ਕਲਾਂ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਇੰਡੀਆ ਗਠਜੋੜ ਦੇ ਜ਼ਬਰਦਸਤ ਚੋਣ ਸੰਘਰਸ਼ ਕਾਰਨ ਦੇਸ਼ ਵਿੱਚ ਭਾਜਪਾ ਨੂੰ ਸਰਕਾਰ ਬਣਾਉਣ ਲਈ ਬਹੁਮਤ ਨਾਂ ਮਿਲਣਾਂ ਦੇਸ਼ ਦੇ ਸੰਵਿਧਾਨ ਅਤੇ ਲੋਕਤੰਤਰ ਦੀ ਰਾਖੀ ਦਾ ਵਰਤਾਰਾ ਹੈ। ਭਾਜਪਾ ਨੂੰ ਇਹ ਝਟਕਾ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਪੱਛਮੀ ਯੂ ਪੀ ਦੇ ਕਿਸਾਨੀ ਸੰਘਰਸ਼ ਨੇ ਦਿੱਤਾ ਹੈ। ਆਗੂਆਂ ਕਿਹਾ ਕਿ ਨਵੀਂ ਦਿੱਲੀ ਵਿਚ ਨਵੀਂ ਬਣੀ ਐਨ ਡੀ ਏ ਦੀ ਸਰਕਾਰ ਨੂੰ ਭਲੀਭਾਂਤ ਸਮਝ ਲੈਣਾ ਚਾਹੀਦਾ ਹੈ ਕਿ ਮਜ਼ਦੂਰਾਂ ਕਿਸਾਨਾਂ ਨੂੰ ਅਣਗੌਲਿਆਂ ਕਰਨਾ ਮਹਿੰਗਾ ਪੈਂਦਾ ਹੈ।ਇਸ ਸਮੇਂ ਮੰਗ ਕੀਤੀ ਗਈ ਕਿ ਸਰਕਾਰ ਕਿਸਾਨਾਂ ਦੀਆਂ ਫਸਲਾਂ ਲਈ ਐਮ ਐਸ ਪੀ ਨੂੰ ਕਨੂੰਨੀ ਗਰੰਟੀ ਦਿੱਤੀ ਜਾਵੇ, ਮਜ਼ਦੂਰਾਂ ਕਿਸਾਨਾਂ ਦੇ ਸਰਕਾਰੀ ਅਤੇ ਗੈਰ ਸਰਕਾਰੀ ਕਰਜ਼ਿਆਂ ਤੇ ਲਕੀਰ ਫੇਰੀ ਜਾਵੇ, ਪੰਜਾਬ ਅਤੇ ਦੇਸ਼ ਵਿਚ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਲੱਖਾਂ ਖਾਲੀ ਪਈਆਂ ਸੀਟਾਂ ਪੁਰ ਕੀਤੀਆਂ ਜਾਣ,ਐਨ ਡੀ ਏ ਸਰਕਾਰ ਫੌਜੀ ਭਰਤੀ ਲਈ ਅਗਨੀਵੀਰ ਸਕੀਮ ਨੂੰ ਵਾਪਸ ਲਵੇ, ਪੰਜਾਬ ਦੇ ਸਿਆਸੀ ਮੁੱਦਿਆਂ ਨੂੰ, ਚੰਡੀਗੜ੍ਹ ਰਾਜਧਾਨੀ ਪੰਜਾਬ ਨੂੰ ਦੇਣ, ਡੈਮਾਂ ਦਾ ਪ੍ਰਬੰਧ ਪੰਜਾਬ ਹਵਾਲੇ ਕੀਤਾ, ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦੇਣ ਅਤੇ ਦਰਿਆਈ ਪਾਣੀਆਂ ਦਾ ਠੋਸ ਹੱਲ ਕਰਨ ਆਦਿ ਨੂੰ ਪੂਰਾ ਕੀਤਾ ਜਾਵੇ। ਇੱਕ ਮਤੇ ਵਿੱਚ ਮੰਗ ਕੀਤੀ ਗਈ ਕਿ ਡੇਰਾ ਬਾਬਾ ਨਾਨਕ ਤਹਿਸੀਲ ਦੇ ਪਿੰਡ ਖੰਨਾ ਚਮਾਰਾਂ ਅਤੇ ਰਾਮਦੀਵਾਲੀ ਦੇ ਐਸ ਜੀ ਪੀ ਸੀ ਦੇ ਮੁਜ਼ਾਰੇ ਕਿਸਾਨਾਂ ਦੇ ਐਸ ਡੀ ਐਮ ਦਫਤਰ ਡੇਰਾ ਬਾਬਾ ਨਾਨਕ ਠੇਕੇ ਜਮਾਂ ਕਰੇ।ਇਸ ਸਮੇਂ ਸੁਖਦੇਵ ਸਿੰਘ ਮਿਆਦੀਆਂ ,ਚਰਨਜੀਤ ਸਿੰਘ ਭਿੰਡਰ, ਗੁਰਦੀਪ ਸਿੰਘ ਕਾਮਲਪੁਰਾ,ਪੂਰਨ ਸਿੰਘ, ਨਿਰਮਲ ਸਿੰਘ ਛੱਜਲਵੱਡੀ, ਵਿਜੇ ਸੋਹਲ, ਕੁਲਦੀਪ ਰਾਜੂ, ਗੁਲਜ਼ਾਰ ਸਿੰਘ ਭੁੰਬਲੀ, ਬਲਵਿੰਦਰ ਸਿੰਘ ਵਿਲਾ ਕੋਠੀ, ਦਲਵਿੰਦਰ ਸਿੰਘ ਪੰਨੂ ਅਤੇ ਲੱਖਾਂ ਸਿੰਘ ਬੱਖਤਪੁਰਾ ਹਾਜ਼ਰ ਸਨ।