ਗੁਰਦਾਸਪੁਰ 29 ਅਕਤੂਬਰ (ਸਰਬਜੀਤ ਸਿੰਘ)–ਕਿਸਾਨ ਤੇ ਜਵਾਨ ਭਲਾਈ ਯੂਨੀਅਨ ਦੇ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚਾ(ਗੈਰ ਰਾਜਨੀਤਕ) ਦੇ ਆਗੂ ਸੁਖਦੇਵ ਸਿੰਘ ਭੋਜਰਾਜ ਨੇ ਕਿਹਾ ਕਿ ਕਿਸਾਨਾਂ ਨੂੰ ਫਸਲ ਦੀ ਬਿਜਾਈ ਤੋਂ ਲੈ ਕੇ ਫਸਲ ਦੀ ਕਟਾਈ ਤਕ ਹਰ ਸਮੇਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।ਨਕਲੀ ਅਤੇ ਮਹਿੰਗੀਆਂ ਖਾਦਾਂ ਬੀਜ,ਡੀਜ਼ਲ,ਦਵਾਈਆਂ,ਖੇਤੀ ਸੰਦ,ਕੁਦਰਤੀ ਕਰੋਪੀਆਂ ਅਤੇ,ਫ਼ਸਲ ਵੇਚਣ ਸਮੇਂ ਆਉਂਦੀਆਂ ਮੁਸ਼ਕਲਾਂ ਜਿਵੇਂ ਕਿ ਝੋਨੇ ਦੀ ਫਸਲ ਅਤੇ ਲੱਗਦੇ ਕੱਟ ਅਤੇ ਘਾਟੇਵੰਦੇ ਰੇਟਾਂ ਨੇ ਕਿਸਾਨਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ।
ਭੋਜਰਾਜ ਨੇ ਕਿਹਾ ਕਿ ਫਸਲ ਨੂੰ ਜਦੋਂ ਵੀ ਡੀਏਪੀ ਜਾਂ ਯੂਰੀਆ ਦੀ ਲੋੜ ਹੁੰਦੀ ਹੈ ਤਾਂ ਸਰਕਾਰ ਦੀ ਸ਼ਹਿ ਤੇ ਵਪਾਰੀ ਵਰਗ ਇਸ ਦੀ ਕਮੀ ਦਿਖਾ ਕੇ ਕਿਸਾਨਾਂ ਦਾ ਆਰਥਿਕ ਸ਼ੋਸ਼ਣ ਕਰਦੇ ਹਨ ਅਤੇ ਨਾਲ ਹੀ ਬੇਲੋੜੀਆਂ ਦਵਾਈਆਂ ਖ਼ਰੀਦਣ ਲਈ ਮਜਬੂਰ ਕਰਦੇ ਹਨ।
ਉਨ੍ਹਾਂ ਕਿਹਾ ਕਿ ਇਸ ਸਾਲ ਡੀਏਪੀ ਖਾਦ ਦੀ ਕੀਮਤ ਵਿੱਚ 202 ਰੁਪਏ ਪ੍ਰਤੀ ਟਨ ਕੀਮਤ ਵਿਚ ਗਿਰਾਵਟ ਆਈ ਹੈ ਜੋ ਇਕ ਬੈਗ ਦੀ 835 ਰੁਪਏ ਕੀਮਤ ਘਟੀ ਹੈ,ਕੇਂਦਰ ਸਰਕਾਰ ਇਹ ਕੀਮਤਾਂ ਨਾ ਘਟਾ ਕੇ ਕਿਸਾਨਾਂ ਨਾਲ ਵੱਡਾ ਧੋਖਾ ਕਰ ਰਹੀ ਹੈ।ਸਰਕਾਰ ਨੂੰ ਚਾਹੀਦਾ ਹੈ ਕਿ ਉਹ ਡੀ ਏ ਪੀ ਦੇ ਰੇਟ ਤੁਰੰਤ ਘੱਟ ਕਰੇ ਇਸ ਦੀ ਸਪਲਾਈ ਯਕੀਨੀ ਬਣਾਵੇ ਡਾਇਆ ਖਾਦ ਦੀ ਕਾਲਾ ਬਾਜ਼ਾਰੀ ਅਤੇ ਨਕਲੀ ਖਾਦਾਂ-ਦਵਾਈਆਂ ਦੀ ਸਪਲਾਈ ਨੂੰ ਸਖ਼ਤੀ ਨਾਲ ਰੋਕਿਆ ਜਾਵੇ।


