ਪੁਸਲ ਪ੍ਰਸ਼ਾਸਨ ਤੋਂ ਨਸ਼ੇ ਦੇ ਕਾਰੋਬਾਰੀਆਂ ਖ਼ਿਲਾਫ਼ ਠੋਸ ਕਾਰਵਾਈ ਦੀ ਕੀਤੀ ਮੰਗ
ਮਾਨਸਾ, ਗੁਰਦਾਸਪੁਰ, 29 ਮਈ (ਸਰਬਜੀਤ ਸਿੰਘ)– ਅੱਜ ਇਥੇ “ਨਸ਼ੇ ਨਹੀਂ, ਰੁਜ਼ਗਾਰ ਦਿਓ” ਮੁਹਿੰਮ ਕਮੇਟੀ ਦੇ ਨੌਜਵਾਨਾਂ ਵਲੋਂ ਸਥਾਨਕ ਗੁਰਦੁਆਰਾ ਚੌਂਕ ਵਿਚ ਇਕ ਰੋਹ ਭਰੀ ਰੈਲੀ ਕਰਕੇ ਪੰਜਾਬ ਸਰਕਾਰ ਅਤੇ ਡਰੱਗ ਕੰਟਰੋਲ ਇੰਸਪੈਕਟਰ ਦਾ ਪੁਤਲਾ ਫੁਕਿਆ।
ਇਸ ਰੈਲੀ ਨੂੰ ਪ੍ਰਗਤੀਸ਼ੀਲ ਇਸਤਰੀ ਸਭਾ (ਏਪਵਾ) ਦੀ ਸੀਨੀਅਰ ਆਗੂ ਕਾਮਰੇਡ ਜਸਬੀਰ ਕੌਰ ਨੱਤ, ਪਰਮਿੰਦਰ ਸਿੰਘ ਝੋਟਾ, ਗੁਰਦੀਪ ਸਿੰਘ ਝੁਨੀਰ, ਨਿਰਮਲ ਸਿੰਘ ਫੱਤਾ ਮਾਲੋਕਾ, ਪ੍ਰਦੀਪ ਸਿੰਘ ਤੇ ਇਨਕਲਾਬੀ ਨੌਜਵਾਨ ਸਭਾ ਦੇ ਆਗੂ ਹਰਦਮ ਸਿੰਘ ਸਮੇਤ ਕਈ ਹੋਰ ਨੌਜਵਾਨਾਂ ਨੇ ਸੰਬੋਧਨ ਕੀਤਾ। ਬੁਲਾਰਿਆਂ ਦਾ ਕਹਿਣਾ ਸੀ ਕਿ ਜ਼ਿਲੇ ਵਿਚ ਨਸ਼ਿਆਂ ਖ਼ਿਲਾਫ਼ ਲਗਾਤਾਰ ਚੱਲ ਰਹੀ ਜਨਤਕ ਮੁਹਿੰਮ ਦੇ ਬਾਵਜੂਦ ਹਾਲੇ ਤੱਕ ਪੁਲਸ ਪ੍ਰਸ਼ਾਸਨ ਵਲੋਂ ਕੁਝ ਮੈਡੀਕਲ ਸਟੋਰਾਂ ਦੀ ਜਾਂਚ ਪੜਤਾਲ ਕਰਨ ਤੋਂ ਬਿਨਾਂ ਮਾਰੂ ਨਸ਼ਿਆਂ ਦੇ ਵੱਡੇ ਸਪਲਾਇਰਾਂ ਖ਼ਿਲਾਫ਼ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਡਰੱਗ ਇੰਸਪੈਕਟਰ ਵਲੋਂ ਸ਼ਹਿਰ ਦੇ ਕੁਝ ਮੈਡੀਕਲ ਸਟੋਰਾਂ ਦੀ ਪੜਤਾਲ ਜਾਂ ਆਰਜ਼ੀ ਤੌਰ ‘ਤੇ ਉਨਾਂ ਨੂੰ ਸੀਲ ਕਰਨ ਨੂੰ ਸਿਰਫ ਅੱਖਾਂ ਪੂੰਝਣ ਵਾਲੀ ਗੱਲ ਕਰਾਰ ਦਿੱਤਾ। ਪਰਮਿੰਦਰ ਸਿੰਘ ਨੇ ਕਿਹਾ ਕਿ ਸ਼ਹਿਰ ਦੇ ਕੁਝ ਦਵਾਈਆਂ ਦੀਆਂ ਦੁਕਾਨਾਂ ਅਸਲ ਵਿਚ ਨਸ਼ੀਲੀਆਂ ਗੋਲੀਆਂ ਕੈਪਸੂਲ ਵੇਚਣ ਦੇ ਥੋਕ ਡਿੱਪੂ ਹੀ ਬਣੀਆਂ ਹੋਈਆ ਹਨ, ਪਰ ਡਰੱਗ ਇੰਸਪੈਕਟਰ ਤੇ ਸਿਹਤ ਵਿਭਾਗ ਦੇ ਉਪਰਲੇ ਅਧਿਕਾਰੀ ਮਿਲੀਭੂਗਤਤੇ ਮੋਟੀ ਕਾਲੀ ਕਮਾਈ ਕਾਰਨ ਉਨਾਂ ਨੂੰ ਹੱਥ ਨਹੀਂ ਨਾ ਰਹੇ। ਅਗਰ ਨੌਜਵਾਨਾਂ ਤੇ ਪੀੜਤ ਮਾਪਿਆਂ ਦੇ ਵਾਰ ਵਾਰ ਆਵਾਜ਼ ਉਠਾਉਣ ਦੇ ਬਾਵਜੂਦ ਨਸ਼ੇ ਦੇ ਇਹ ਕਾਨੂੰਨੀ ਮੰਨੇ ਜਾਂਦੇ ਡਿੱਪੂ ਇਉਂ ਹੀ ਚੱਲਦੇ ਰਹੇ, ਤਾਂ ਅਸੀਂ ਖ਼ੁਦ ਇੰਨਾਂ ਦੀ ਪਿਕਟਿੰਗ ਕਰਨ ਲਈ ਮਜ਼ਬੂਰ ਹੋ ਜਾਵਾਂਗੇ। ਬੁਲਾਰਿਆਂ ਨੇ ਦਿੱਲੀ ਵਿਚ ਮੋਦੀ ਸਰਕਾਰ ਵਲੋਂ ਅੰਦੋਲਨਕਾਰੀ ਪਹਿਲਵਾਨਾਂ ਤੇ ਉਨ੍ਹਾਂ ਦੇ ਸਮਰਥਨ ਵਿਚ ਗਏ ਸੈਂਕੜੇ ਲੋਕਾਂ ਨੂੰ ਗ੍ਰਿਫਤਾਰ ਕਰਨ ਦੀ ਵੀ ਸਖਤ ਨਿਖੇਧੀ ਕੀਤੀ।
ਜਸਬੀਰ ਕੌਰ ਨੱਤ ਨੇ ਕਿਹਾ ਕਿ ਪੀੜਤ ਨੌਜਵਾਨਾਂ ਤੇ ਉਨਾਂ ਦੇ ਮਾਪਿਆਂ ਵਲੋਂ ਖੁਦ ਅੱਗੇ ਆ ਕੇ ਨਸ਼ੇ ਦੇ ਸੌਦਾਗਰਾਂ ਖ਼ਿਲਾਫ਼ ਗਵਾਹੀਆਂ ਦੇਣ ਤੇ ਉਨਾਂ ਵਲੋਂ ਡਰੱਗ ਮਨੀ ਨਾਲ ਬਣਾਈਆਂ ਕਰੋੜਾਂ ਦੀਆਂ ਜਾਇਦਾਦਾਂ ਬਾਰੇ ਪੁਲਸ ਕੋਲ ਖੁਲਾਸੇ ਕਰਨ ਦੇ ਬਾਵਜੂਦ ਮਾਰੂ ਧੰਦਾ ਕਰ ਰਹੇ ਇੰਨਾਂ ਵਿਅਕਤੀਆਂ ਖਿਲਾਫ ਕੋਈ ਕੇਸ ਦਰਜ ਨਾ ਕਰਨ ਜਾ ਉਨਾਂ ਨੂੰ ਗ੍ਰਿਫਤਾਰ ਨਾ ਕਰਨ ਤੋਂ ਸ਼ੱਕ ਪੈਦਾ ਹੈ ਕਿ ਜਾਂ ਪੁਲਸ ਦੇ ਉੱਚ ਅਧਿਕਾਰੀਆਂ ਉਤੇ ਕਾਰਵਾਈ ਨਾ ਕਰਨ ਦਾ ਕੋਈ ਸਿਆਸੀ ਦਬਾਅ ਹੈ ਜਾਂ ਫੇਰ ਉਨਾਂ ਦੀ ਇਸ ਧੰਦੇ ਵਿਚ ਹਿੱਸਾ ਪੱਤੀ ਹੈ। ਅਸੀਂ ਇਸ ਮੁਹਿੰਮ ਵਲੋਂ ਛੇਤੀ ਹੀ ਐਸਐਸਪੀ ਮਾਨਸਾ ਨੂੰ ਮਿਲ ਕੇ ਪੁੱਛਾਂਗੇ ਕਿ ਜੇਕਰ ਉਨਾਂ ਉਤੇ ਕੋਈ ਸਿਆਸੀ ਦਬਾਅ ਹੈ, ਤਾਂ ਉਹ ਸਾਨੂੰ ਉਸ ਬਾਰੇ ਸਪਸ਼ਟ ਕਰਨ, ਤਾਂ ਕਿ ਅਸੀਂ ਅਜਿਹੇ ਸਤਾਧਾਰੀ ਸਿਆਸੀ ਲੀਡਰਾਂ ਦਾ ਪਰਦਾਫਾਸ਼ ਕਰਨ ਦੀ ਮੁਹਿੰਮ ਚਲਾਉਣ। ਵਰਨਾ ਉਨ੍ਹਾ ਨੂੰ ਚਾਹੀਦਾ ਹੈ ਕਿ ਉਹ ਖੁਦ ਪੀੜਤਾਂ ਦੀਆਂ ਗਵਾਹੀਆਂ ਲੈ ਕੇ ਚਿੱਟਾ ਤੇ ਮੈਡੀਕਲ ਨਸ਼ੇ ਸਪਲਾਈ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰਨ। ਅਸੀਂ ਹੱਥ ਤੇ ਹੱਥ ਰੱਖ ਕੇ ਅਪਣੇ ਨੌਜਵਾਨਾਂ ਨੂੰ ਅੱਖਾਂ ਸਾਹਮਣੇ ਨਿੱਤ ਮਰਦੇ ਤੇ ਪਰਿਵਾਰਾਂ ਨੂੰ ਤਬਾਹ ਹੁੰਦੇ ਨਹੀਂ ਵੇਖਾਂਗੇ ਅਤੇ ਖੁਦ ਜਨਤਕ ਕਾਰਵਾਈ ਕਰਾਂਗੇ। ਨੌਜਵਾਨਾਂ ਨੇ ਫੈਸਲਾ ਕੀਤਾ ਕਿ ਉਹ ਆਪਣੀ ਇਸ ਮੁਹਿੰਮ ਨੂੰ ਪੂਰੇ ਜ਼ਿਲੇ ਵਿਚ ਜਥੇਬੰਦ ਕਰਕੇ ਹੋਰ ਤੇਜ਼ ਕਰਨਗੇ।