ਮੋਦੀ ਸਰਕਾਰ ਲੋਕਤੰਤਰ ਨੂੰ ਰਾਜਾਸ਼ਾਹੀ ਵਿਚ ਬਦਲ ਦੇਣ ਦੀਆਂ ਬ੍ਰਾਹਮਣਵਾਦੀ ਸਾਜ਼ਿਸ਼ਾਂ ਕਰ ਰਹੀ ਹੈ
ਦੇਸ਼ ਲਈ ਸ਼ਰਮ ਦੀ ਗੱਲ ਹੈ ਕਿ ਬ੍ਰਿਜ ਭੂਸ਼ਨ ਵਰਗੇ ਬਲਾਤਕਾਰ ਦੇ ਦੋਸ਼ੀ ਨਵੇਂ ਸੰਸਦ ਭਵਨ ਦੇ ਜਸ਼ਨਾਂ ‘ਚ ਸ਼ਾਮਲ ਹਨ, ਪਰ ਸੰਸਾਰ ਭਰ ‘ਚ ਦੇਸ਼ ਦਾ ਸਿਰ ਉੱਚਾ ਕਰਨ ਵਾਲੀਆਂ ਪਹਿਲਵਾਨ ਲੜਕੀਆਂ ਨੂੰ ਸੜਕਾਂ ਤੇ ਘਸੀਟਿਆਂ ਤੇ ਜੇਲ ਭੇਜਿਆ ਜਾ ਰਿਹਾ ਹੈ
ਮਾਨਸਾ, ਗੁਰਦਾਸਪੁਰ, 29 (ਸਰਬਜੀਤ ਸਿੰਘ)– ਸੀਪੀਆਈ (ਐਮ ਐਲ) ਲਿਬਰੇਸ਼ਨ ਦੇ ਕੇਂਦਰੀ ਕਮੇਟੀ ਦੇ ਮੈੰਬਰ ਸੁਖਦਰਸ਼ਨ ਸਿੰਘ ਨੱਤ ਨੇ ਅੱਜ ਦਿੱਲੀ ਵਿਚ ਅੰਦੋਲਨਕਾਰੀ ਪਹਿਲਵਾਨ ਲੜਕੇ ਲੜਕੀਆਂ ਅਤੇ ਜੰਤਰ ਮੰਤਰ ‘ਤੇ ਮੌਜੂਦ ਸੈਂਕੜੇ ਹੋਰ ਲੋਕਾਂ ਨੂੰ ਪੁਲਸ ਵਲੋਂ ਬੁਰੀ ਤਰ੍ਹਾਂ ਅਪਮਾਨਤ ਤੇ ਗ੍ਹਿਫਤਾਰ ਕਰਨ, ਦਿੱਲੀ ਦੇ ਬਾਰਡਰਾਂ ਨੂੰ ਵਿਦੇਸ਼ੀ ਸਰਹੱਦ ਵਾਂਗ ਸੀਲ ਕਰਕੇ ਜਾਂ ਟ੍ਰੇਨਾਂ ਤੇ ਬੱਸਾਂ ਨੂੰ ਰਸਤਿਆਂ ਵਿਚ ਰੋਕ ਕੇ ਸੰਘਰਸ਼ ਦੇ ਹਜ਼ਾਰਾਂ ਸਮਰਥਕਾਂ ਨੂੰ ਦਿੱਲੀ ਨਾ ਪਹੁੰਚਣ ਦੇਣ ਅਤੇ ਦਿੱਲੀ ਤੇ ਹਰਿਆਣਾ ਵਿਚੋਂ ਅੰਦੋਲਨ ਦੇ ਸੈਂਕੜੇ ਸਮਰਥਕਾਂ ਨੂੰ ਹਿਰਾਸਤ ਵਿਚ ਲੈਣ ਦੀ ਸਖਤ ਨਿੰਦਾ ਕੀਤੀ ਹੈ। ਪਾਰਟੀ ਨੇ ਲੋਕਤੰਤਰ ਦੇ ਇਸ ਘਿਨਾਉਣੇ ਦਮਨ ਖ਼ਿਲਾਫ਼ ਰੋਸ ਪ੍ਰਗਟ ਕਰਨ ਲਈ ਸੂਬੇ ਵਿਚ ਆਪਣੀਆਂ ਇਕਾਈਆਂ ਨੂੰ ਕੱਲ ਪ੍ਰਧਾਨ ਮੰਤਰੀ ਮੋਦੀ ਦੇ ਪੁਤਲੇ ਸਾੜਨ ਦਾ ਸੱਦਾ ਦਿੱਤਾ ਹੈ।
ਪਾਰਟੀ ਦੀ ਸੂਬਾ ਕਮੇਟੀ ਵਲੋਂ ਜਾਰੀ ਬਿਆਨ ਵਿਚ ਸੁਖਦਰਸ਼ਨ ਸਿੰਘ ਨੱਤ ਨੇ ਦੱਸਿਆ ਗਿਆ ਹੈ ਕਿ ਹੋਰਨਾਂ ਸਮੇਤ ਮਾਨਸਾ ਤੋਂ ਗਏ ਪੰਜਾਬ ਕਿਸਾਨ ਯੂਨੀਅਨ ਦੇ ਵਰਕਰਾਂ ਦੇ ਇਕ ਜਥੇ ਸਮੇਤ ਦਿੱਲੀ ਵਿਚ ਪ੍ਰਗਤੀਸ਼ੀਲ ਇਸਤਰੀ ਸਭਾ (ਏਪਵਾ), ਆਇਸਾ ਤੇ ਇਨਕਲਾਬੀ ਨੌਜਵਾਨ ਸਭਾ ਦੇ ਦਰਜਨਾਂ ਆਗੂਆਂ ਤੇ ਵਰਕਰਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਪਾਰਟੀ ਦਾ ਕਹਿਣਾ ਹੈ ਕਿ ਜਦੋਂ ਮੋਦੀ ਸਰਕਾਰ ਨਵੇਂ ਸੰਸਦ ਭਵਨ ਵਿਚ ਰਾਜਾਸ਼ਾਹੀ ਦੇ ਚਿੰਨ ‘ਸੰਗੋਲ’ ਨੂੰ ਸਥਾਪਤ ਕਰਨ ਅਤੇ ਦਰਜਨਾਂ ਬ੍ਰਾਹਮਣ ਪੁਜਾਰੀਆਂ ਵਲੋਂ ਪੂਜਾ ਅਰਚਨਾ ਕਰਵਾ ਕੇ ਸਾਡੇ ਸੰਵਿਧਾਨਕ ਲੋਕਤੰਤਰ ਨੂੰ ਇਕ ਪਿਛਾਖੜੀ ਰਾਜਤੰਤਰ ਵਿਚ ਬਦਲਣ ਦੀਆਂ ਖਤਰਨਾਕ ਸਾਜ਼ਿਸ਼ਾਂ ਰਚ ਰਹੀ ਹੈ ਅਤੇ ਅਪਣੇ ਇਕ ਗੁੰਡੇ ਤੇ ਬਲਾਤਕਾਰੀ ਸੰਸਦ ਮੈਂਬਰ ਨੂੰ ਬਚਾਉਣ ਲਈ ਇਨਸਾਫ ਦੀ ਮੰਗ ਕਰ ਰਹੇ ਹਜ਼ਾਰਾਂ ਔਰਤਾਂ ਮਰਦਾਂ ਤੇ ਨੌਜਵਾਨਾਂ ਉਤੇ ਜ਼ੁਲਮ ਢਾਹ ਰਹੀ ਹੈ, ਤਾਂ ਦੇਸ਼ ਦੇ ਸਮੁੱਚੇ ਜਮਹੂਰੀਅਤ ਪਸੰਦ ਲੋਕਾਂ ਨੂੰ ਮੋਦੀ ਸਰਕਾਰ ਖ਼ਿਲਾਫ਼ ਜ਼ੋਰਦਾਰ ਆਵਾਜ਼ ਉਠਾਉਣੀ ਚਾਹੀਦੀ ਹੈ।
ਬਿਆਨ ਵਿਚ ਸੁਖਦਰਸ਼ਨ ਸਿੰਘ ਨੱਤ ਨੇ ਕਿਹਾ ਗਿਆ ਹੈ ਕਿ ਬੀਜੇਪੀ ਦੇ ਜਿਸ ਮੁਜਰਿਮ ਐਮਪੀ ਬ੍ਰਿਜ ਭੂਸ਼ਨ ਨੂੰ ਜੇਲ ‘ਚ ਬੰਦ ਹੋਣਾ ਚਾਹੀਦਾ ਸੀ, ਉਹ ਨਵੇਂ ਸੰਸਦ ਭਵਨ ਦੇ ਜਸ਼ਨਾਂ ‘ਚ ਸ਼ਾਮਲ ਹੈ, ਪਰ ਦੇਸ਼ ਦੀ ਜਨਤਾ ਵੇਖ ਰਹੀ ਹੈ ਕਿ ਉਹ ਉਲੰਪਿਕ ਮੈਡਲ ਜੇਤੂ ਪਹਿਲਵਾਨ ਲੜਕੀਆਂ ਜਿੰਨਾਂ ਨੂੰ ਇਸ ਮੌਕੇ ਵਿਸ਼ੇਸ਼ ਮਾਨ ਸਨਮਾਨ ਦਿੱਤਾ ਜਾਣਾ ਚਾਹੀਦਾ ਸੀ, ਉਨਾਂ ਨੂੰ ਮੋਦੀ ਦੇ ਹੁਕਮਾਂ ‘ਤੇ ਦਿੱਲੀ ਪੁਲਸ ਅਪਰਾਧੀਆਂ ਵਾਂਗ ਘਸੀਟ ਘਸੀਟ ਬੱਸਾਂ ਵਿਚ ਸੁੱਟ ਰਹੀ ਹੈ ਅਤੇ ਉਨਾਂ ਦੇ ਟੈਂਟ ਤੇ ਧਰਨੇ ਦਾ ਸਾਮਾਨ ਲੁੱਟ ਕੇ ਲਿਜਾ ਰਹੀ ਹੈ। ਪਰ ਕਿਸਾਨ ਅੰਦੋਲਨ ਵਾਂਗ ਦੇਸ਼ ਦੀ ਜਨਤਾ ਇਸ ਮਾਮਲੇ ਵਿਚ ਵੀ ਲਾਜ਼ਮੀ ਇਨਸਾਫ਼ ਤੇ ਜਿੱਤ ਹਾਸਲ ਕਰੇਗੀ ਅਤੇ ਮੋਦੀ ਤੇ ਬੀਜੇਪੀ ਨੂੰ ਛੇਤੀ ਹੀ ਅਪਣਾ ਥੁੱਕਿਆ ਹੋਇਆ ਖੁਦ ਚੱਟਣ ਲਈ ਮਜਬੂਰ ਹੋਣਾ ਪਵੇਗਾ।