ਗੁਰਦਾਸਪੁਰ, 29 ਮਈ (ਸਰਬਜੀਤ ਸਿੰਘ)–ਸੀ ਪੀ ਆਈ ਐਮ ਐਲ ਲਿਬਰੇਸ਼ਨ ਨੇ ਦਿਲੀ ਜੰਤਰ ਮੰਤਰ ਵਿਖੇ ਪਹਿਲਵਾਨਾਂ ਵਲੋਂ ਬੁਲਾਈ ਗਈ ਮਹਾਂ ਸਭਾ ਨੂੰ ਫੇਲ ਕਰਨ ਲਈ ਦੇਸ ਦੇ ਵਖ ਵਖ ਹਿਸਿਆਂ ਤੋਂ ਦਿਲੀ ਪੁਜੀ ਜਨਤਾ ਨੂੰ ਜਗਾ ਜਗਾ ਰੋਕਣਾ, ਵਡੇ ਪੱਧਰ ਉਪਰ ਗਿਰਫ਼ਤਾਰੀਆਂ ਕਰਨਾ ਅਤੇ ਪਹਿਲਵਾਨਾਂ ਦਾ ਧਰਨਾ ਉਖਾੜ ਦੇਣ ਦੀ ਕਾਰਵਾਈ ਨੂੰ ਜਮਹੂਰੀਅਤ ਉਪਰ ਜਾਲਮਾਨਾ ਹਮਲਾ ਦਸਿਆ ਹੈ।
ਪ੍ਰੈਸ ਨਾਲ ਗੱਲਬਾਤ ਕਰਦਿਆਂ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਨਵੀਂ ਦਿੱਲੀ ਵਿਚ ਇਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਸਦਾ ਮੰਤਰੀ ਟੋਲਾ ਨਵੇਂ ਸੰਸਦੀ ਭਵਨ ਦਾ ਉਦਘਾਟਨ ਕਰ ਰਿਹਾ ਸੀ ਤਾਂ ਦੂਸਰੇ ਪਾਸੇ ਦਿਲੀ ਪੁਲਿਸ ਨੇ ਦਿਲੀ ਦੇ ਸਾਰੇ ਰਸਤਿਆਂ ਉੱਪਰ ਅਣਐਲਾਨੀ ਐਮਰਜੈਂਸੀ ਲਾ ਰੱਖੀ ਸੀ, ਪੁਲਿਸ ਨੇ ਪਹਿਲਵਾਨਾਂ ਅਤੇ ਦਿਲੀ ਪਹੁੰਚੀ ਜਨਤਾ ਨੂੰ ਜਿਸ ਤਰ੍ਹਾਂ ਧੂਹ ਘਸੀਟ ਕਰਦਿਆਂ ਗਿਰਫ਼ਤਾਰ ਕੀਤਾ ਸ਼ਾਇਦ ਇਸ ਤਰ੍ਹਾਂ ਦਾ ਵਿਵਹਾਰ ਵਿਦੇਸ਼ੀ ਨਾਗਰਿਕਾ ਨਾਲ ਵੀ ਨਹੀਂ ਕੀਤਾ ਜਾਂਦਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦਾ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਬਚਾਉਣ ਲਈ ਲੋਕਤੰਤਰ ਨੂੰ ਪੈਰਾਂ ਹੇਠਾਂ ਰੌਦਣਾ ਸਾਬਤ ਕਰਦਾ ਹੈ ਕਿ ਮੋਦੀ ਸਰਕਾਰ ਆਪਣੇ ਆਪ ਨੂੰ ਕਨੂੰਨ ਤੋਂ ਉਪਰ ਸਮਝ ਰਹੀ ਹੈ। ਬੱਖਤਪੁਰਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਪੂਰੇ ਪੰਜਾਬ ਵਿਚ ਸੋਮਵਾਰ ਨੂੰ ਹੋਰ ਸਿਆਸੀ ਧਿਰਾਂ ਨਾਲ਼ ਮਿਲਕੇ ਮੋਦੀ ਸਰਕਾਰ ਵਿਰੁੱਧ ਪ੍ਰਦਰਸ਼ਨ ਕਰਨ ਦਾ ਫੈਸਲਾ ਲਿਆ ਹੈ


