ਗੁਰਦਾਸਪੁਰ 19 ਮਈ (ਸਰਬਜੀਤ ਸਿੰਘ)—ਸੁਖਦੇਵ ਸਿੰਘ ਭੋਜਰਾਜ ਪ੍ਰਧਾਨ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਅਤੇ ਸੁਖਜੀਤ ਸਿੰਘ ਹਰਦੋ ਝੰਡੇ ਪ੍ਰਧਾਨ ਪੰਜਾਬ ਕਿਸਾਨ ਮਜਦੂਰ ਯੂਨੀਅਨ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਭਾਰਤ ਮਾਲਾ ਪ੍ਰੋਜੈਕਟ ਤਹਿਤ ੲਿਕਵਾੲਿਰ ਕੀਤੀ ਗਈ ਜਮੀਨ ਦੇ ਪੈਸੇ ਲੈਣ ਲਈ ਕਰੀਬ ਪਿਛਲੇ ਇਕ ਸਾਲ ਤੋਂ ਕਿਸਾਨ ਧਰਨੇ ਤੇ ਬੈਠੇ ਹੋੲੇ ਹਨ। ਜਿਸ ਦੇ ਚਲਦੇ ਪੰਜਾਬ ਸਰਕਾਰ ਨਾਲ ਕਈ ਵਾਰ ਮੀਟਿੰਗਾਂ ਹੋਈਆਂ ਅਤੇ ਸਰਕਾਰ ਨੇ ਮੰਨਿਆ ਸੀ ਕਿ ਕਿਸਾਨਾਂ ਨੂੰ ਜ਼ਮੀਨਾਂ ਦਾ ਇੱਕ-ਸਾਰ ਰੇਟ ਦਿੱਤਾ ਜਾਵੇਗਾ ਅਤੇ ਬਿਨਾਂ ਪੈਸੇ ਦਿੱਤੇ ਤੋਂ ਕਿਸੇ ਵੀ ਕਿਸਾਨ ਦੀ ਜਮੀਨ ਧੱਕੇ ਨਾਲ ਨਹੀਂ ਲਈ ਜਾਵੇਗੀ।
ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਹੀ ਕੀਤੇ ਵਾਅਦਿਆਂ ਤੋਂ ਮੁੱਕਰ ਕੇ ਗੁਰਦਾਸਪੁਰ ਜ਼ਿਲ੍ਹੇ ਦੇ ਸੈਂਕੜੇ ਕਿਸਾਨਾਂ ਨੂੰ ਬਿਨਾਂ ਕੋਈ ਪੈਸਾ ਦਿੱਤਿਆਂ ਖੇਤਾਂ ਉਤੇ ਕਬਜ਼ਾ ਕੀਤਾ ਜਾ ਰਿਹਾ ਸੀ। ਜਦੋਂ ਚੀਮਾ ਖੁੱਡੀ,ਛਕਾਲਾ,ਮਾੜੀ,ਥਾਣੇਵਾਲ ਆਦਿਕ ਪਿੰਡਾਂ ਦੇ ਕਿਸਾਨਾਂ ਬਜ਼ੁਰਗਾਂ ਔਰਤਾਂ ਨੇ ਪ੍ਰਸ਼ਾਸ਼ਨ ਦੀ ਇਸ ਧੱਕੇਸ਼ਾਹੀ ਦਾ ਵਿਰੋਧ ਕੀਤਾ ਤਾਂ ਪ੍ਰਸ਼ਾਸ਼ਨ ਵੱਲੋਂ ਪੁਲਿਸ ਬਲ ਦਾ ਪ੍ਰਯੋਗ ਕਰਦੇ ਹੋਏ ਔਰਤਾਂ ਅਤੇ ਬਜ਼ੁਰਗ ਕਿਸਾਨਾਂ ਉੱਤੇ ਤਸ਼ੱਦਦ ਅਤੇ ਗਾਲੀ-ਗਲੋਚ ਕਰਨਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਜਿਸ ਦੀ ਅਸੀਂ ਘੋਰ ਨਿੰਦਾ ਕਰਦੇ ਹਾਂ। ਆਗੂਆਂ ਨੇ ਕਿਹਾ ਕਿ ਪੰਜਾਬ ਅਤੇ ਕੇਂਦਰ ਸਰਕਾਰ ਕਾਰਪੋਰੇਟਾਂ ਦੇ ਹੱਥੀਂ ਚੜ੍ਹ ਕੇ ਕਿਸਾਨੀ ਅਤੇ ਜਵਾਨੀ ਨੂੰ ਬਰਬਾਦ ਕਰਨ ਤੇ ਤੁੱਲੀ ਹੋੲੀ ਹੈ। ਅਸੀਂ ਸਰਕਾਰਾਂ ਨੂੰ ਲੋਕ ਵਿਰੋਧੀ ਮਨਸੂਬਿਆਂ ਵਿਚ ਕਾਮਯਾਬ ਨਹੀਂ ਹੋਣ ਦਿਅਾਗੇ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਦੋਸ਼ੀ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਤੁਰੰਤ ਬਰਖਾਸਤ ਕਰਕੇ ਉਨ੍ਹਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸਰਕਾਰ ਦੇ ਇਸ ਅਣ-ਮਨੁੱਖੀ ਜਬਰ ਦੇ ਵਿਰੁੱਧ ਜਲਦੀ ਹੀ ਵੱਡਾ ਪ੍ਰੋਗਰਾਮ ਉਲੀਕਿਆ ਜਾਵੇਗਾ।


